
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਸੂਮ ਵਿਦਿਆਰਥੀਆਂ ਦੇ ਸਿਰ ’ਤੇ ਮੰਡਰਾ ਰਿਹਾ ਮੌਤ ਦਾ ਸਾਇਆ

-ਸਕੂਲ ਦੀ 122 ਸਾਲ ਪੁਰਾਣੀ ਅਣਸੁਰੱਖਿਅਤ ਇਮਾਰਤ ਨੂੰ ਲੈ ਕੇ ਗੰਭੀਰ ਨਹੀਂ ਵਿਭਾਗ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਰਕਾਰੀ ਹਾਈ ਸਕੂਲ (ਨਿੰਮਾਂ ਵਾਲਾ) ’ਚ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੀ ਘੋਰ ਅਣਦੇਖੀ ਕਾਰਨ ਸੈਂਕੜੇ ਮਾਸੂਮ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਦਾਅ ’ਤੇ ਲੱਗੀਆਂ ਹੋਈਆਂ ਹਨ। ਸਕੂਲ ਕੰਪਲੈਕਸ ਅੰਦਰ ਸੰਨ 1902 ਦੀ ਬਣੀ ਕਰੀਬ 122 ਸਾਲ ਪੁਰਾਣੀ ਖ਼ਸਤਾਹਾਲ ਇਮਾਰਤ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਸਬੱਬ ਬਣ ਸਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਖਸਤਾ ਹੋ ਚੁੱਕੀ ਬਿਲਡਿੰਗ ਨੂੰ ਸਬੰਧਤ ਵਿਭਾਗ ਵੱਲੋਂ ਅਣਸੁਰੱਖਿਅਤ ਐਲਾਨਿਆਂ ਨੂੰ 20 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਲੰਮਾ ਅਰਸਾ ਗੁਜ਼ਰ ਜਾਣ ਦੇ ਬਾਵਜੂਦ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਇਸ ਨੂੰ ਢਾਹਿਆ ਨਹੀਂ ਗਿਆ।
ਇਹ ਅਣਸੁਰੱਖਿਅਤ ਇਮਾਰਤ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਚੱਲ ਰਹੇ ਕਲਾਸ ਰੂਮਾਂ ਦੇ ਬਿਲਕੁਲ ਵਿਚਕਾਰ ਸਥਿਤ ਹੈ। ਮੌਜੂਦਾ ਸਮੇਂ ਇਹ ਪੂਰੀ ਤਰ੍ਹਾਂ ਖੰਡਰ ਦਾ ਰੂਪ ਅਖ਼ਤਿਆਰ ਕਰ ਚੁੱਕੀ ਹੈ। ਇਸ ਦੀਆਂ ਛੱਤਾਂ ਪਹਿਲਾਂ ਹੀ ਡਿੱਗ ਚੁੱਕੀਆਂ ਹਨ ਤੇ ਅੰਦਰ-ਬਾਹਰ ਦੀਆਂ ਕੰਧਾਂ ’ਤੇ ਜੰਗਲੀ ਦਰੱਖਤਾਂ ਦੀਆਂ ਮੋਟੀਆਂ ਜੜ੍ਹਾਂ ਫੈਲ ਚੁੱਕੀਆਂ ਹਨ। ਕੰਧਾਂ ਇੰਨੀਆਂ ਖਸਤਾ ਹੋ ਚੁੱਕੀਆਂ ਹਨ ਕਿ ਉਨ੍ਹਾਂ ਵਿੱਚੋਂ ਲਗਾਤਾਰ ਇੱਟਾਂ ਤੇ ਮਲਬਾ ਡਿੱਗਦਾ ਰਹਿੰਦਾ ਹੈ। ਬਰਸਾਤ ਦੇ ਮੌਸਮ ਦੌਰਾਨ ਢਾਂਚਾ ਹੋਰ ਜ਼ਿਆਦਾ ਨਿਰਬਲ ਹੋਣ ਕਾਰਨ ਹਰ ਪਲ ਅਣਸੁਖਾਵੀਂ ਘਟਨਾ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਛੱਤ ‘ਤੇ ਸੰਘਣੀ ਝਾੜੀਆਂ ਤੇ ਖੰਡਰ ਹੋਣ ਕਾਰਨ ਇੱਥੇ ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵਾਂ ਦਾ ਪੱਕਾ ਡੇਰਾ ਬਣ ਚੁੱਕਾ ਹੈ।
----
ਬੱਚਿਆਂ ਦੀ ਸੁਰੱਖਿਆ ’ਤੇ ਲਗਾਤਾਰ ਖ਼ਤਰਾ
ਸਕੂਲ ਸਮੇਂ ਦੌਰਾਨ ਜਾਂ ਅੱਧੀ ਛੁੱਟੀ ਵੇਲੇ ਛੋਟੇ ਬੱਚੇ ਅਕਸਰ ਅਧਿਆਪਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਖੇਡਦੇ-ਖੇਡਦੇ ਇਸ ਅਣਸੁਰੱਖਿਅਤ ਇਮਾਰਤ ਦੇ ਆਸ-ਪਾਸ ਜਾਂ ਅੰਦਰ ਚਲੇ ਜਾਂਦੇ ਹਨ। ਹਾਲਾਂਕਿ ਸਕੂਲ ਸਟਾਫ਼ ਵੱਲੋਂ ਆਪਣੇ ਪੱਧਰ ’ਤੇ ਚੌਕਸੀ ਵਰਤੀ ਜਾਂਦੀ ਹੈ ਪਰ ਬੱਚਿਆਂ ਦਾ ਅਣਜਾਣਪੁਣਾ ਕਦੇ ਵੀ ਕਿਸੇ ਭਿਆਨਕ ਜਾਨੀ ਨੁਕਸਾਨ ਵਿਚ ਬਦਲ ਸਕਦਾ ਹੈ। ਪ੍ਰਸ਼ਾਸਨ ਦੀ ਇਸ ਸੁਸਤ ਕਾਰਜਪ੍ਰਣਾਲੀ ਕਾਰਨ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦੇ ਸਾਹ ਸੂਤੇ ਰਹਿੰਦੇ ਹਨ।
----
ਵਿਭਾਗ ਹਾਦਸੇ ਦੀ ਉਡੀਕ ਨਾ ਕਰੇ : ਭਾਈ ਪਾਲ ਸਿੰਘ ਫ਼ਰਾਂਸ
ਇਸ ਮਾਮਲੇ ’ਤੇ ਤਿੱਖਾ ਰੋਸ ਪ੍ਰਗਟ ਕਰਦਿਆਂ ਕੌਮੀ ਇਨਸਾਫ਼ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫ਼ਰਾਂਸ ਨੇ ਪ੍ਰਸ਼ਾਸਨਿਕ ਢਿੱਲਮੱਠ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਨ 1902 ਦੀ ਬਣੀ ਇਹ ਇਮਾਰਤ ਕੋਈ ਇਤਿਹਾਸਕ ਜਾਂ ਹੈਰੀਟੇਜ ਦਰਜਾ ਪ੍ਰਾਪਤ ਵਿਰਾਸਤ ਨਹੀਂ ਹੈ, ਜਿਸ ਨੂੰ ਸੰਭਾਲਣਾ ਜ਼ਰੂਰੀ ਹੋਵੇ, ਸਗੋਂ ਇਹ ਮਾਸੂਮ ਬੱਚਿਆਂ ਦੀਆਂ ਜ਼ਿੰਦਗੀਆਂ ਦਾ ਕਾਲ ਬਣ ਸਕਦੀ ਹੈ। ਸਰਕਾਰੀ ਪ੍ਰਵਾਨਗੀ ਮਿਲਣ ਦੇ ਬਾਵਜੂਦ ਪਿਛਲੇ ਦੋ ਦਹਾਕਿਆਂ ਤੋਂ ਫ਼ਾਈਲਾਂ ਦਫ਼ਤਰੀ ਕਾਰਵਾਈਆਂ ’ਚ ਦੱਬੀਆਂ ਹੋਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਵਿਭਾਗ ਕਿਸੇ ਅਣਹੋਣੀ ਦਾ ਇੰਤਜ਼ਾਰ ਨਾ ਕਰੇ, ਸਗੋਂ ਤੁਰੰਤ ਇਸ ਕੰਡਮ ਬਿਲਡਿੰਗ ਨੂੰ ਜ਼ਮੀਨਦੋਜ਼ ਕਰਕੇ ਇੱਥੇ ਵਿਦਿਆਰਥੀਆਂ ਦੀ ਲੋੜ ਅਨੁਸਾਰ ਨਵੇਂ ਆਧੁਨਿਕ ਕਮਰਿਆਂ ਦੀ ਉਸਾਰੀ ਸ਼ੁਰੂ ਕਰਵਾਏ। ਇਲਾਕਾ ਨਿਵਾਸੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਖ਼ਤਰਨਾਕ ਇਮਾਰਤ ਨੂੰ ਬਿਨਾਂ ਕਿਸੇ ਦੇਰੀ ਤੁਰੰਤ ਢਾਹਿਆ ਜਾਵੇ ਤਾਂ ਜੋ ਮਾਸੂਮ ਬੱਚੇ ਸੁਰੱਖਿਅਤ ਤੇ ਸੁਚਾਰੂ ਵਿੱਦਿਅਕ ਮਾਹੌਲ ਵਿਚ ਪੜ੍ਹ ਸਕਣ।