ਦੁਪਹਿਰ ਤੱਕ ਠੱਪ ਰਿਹਾ ਸਬ-ਰਜਿਸਟਰਾਰ ਦਫ਼ਤਰਾਂ ਦਾ ਸਰਵਰ ਦੁਪਹਿਰ ਤੱਕ ਠੱਪ ਰਿਹਾ ਸਬ-ਰਜਿਸਟਰਾਰ ਦਫ਼ਤਰਾਂ ਦਾ ਸਰਵਰ, ਸਵਾ 2 ਵਜੇ ਮਿਲੀ ਰਜਿਸਟਰੀਆਂ ਨੂੰ ਰਫ਼ਤਾਰ
Publish Date: Thu, 20 Aug 2026 10:42 PM (IST)
Updated Date: Thu, 20 Aug 2026 10:45 PM (IST)
ਸਰਵਰ ਚੱਲਦੇ ਹੀ ਦੋਵੇਂ ਦਫ਼ਤਰਾਂ ’ਚ 138 ਦਸਤਾਵੇਜ਼ ਦਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਵੀਰਵਾਰ ਨੂੰ ਸਰਵਰ ਠੱਪ ਰਹਿਣ ਕਾਰਨ ਰਜਿਸਟਰੀਆਂ ਅਤੇ ਹੋਰ ਦਸਤਾਵੇਜ਼ ਦਰਜ ਕਰਵਾਉਣ ਪਹੁੰਚੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰ ਤੋਂ ਹੀ ਸਰਵਰ ਦੀ ਸਮੱਸਿਆ ਕਾਰਨ ਆਨਲਾਈਨ ਪ੍ਰਕਿਰਿਆ ਪ੍ਰਭਾਵਿਤ ਰਹੀ, ਜਿਸ ਕਾਰਨ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਘੰਟਿਆਂ ਇੰਤਜ਼ਾਰ ਕਰਨਾ ਪਿਆ। ਜਾਣਕਾਰੀ ਮੁਤਾਬਕ ਦੁਪਹਿਰ ਕਰੀਬ ਸਵਾ 2 ਵਜੇ ਸਰਵਰ ਮੁੜ ਚਾਲੂ ਹੋਣ ਤੋਂ ਬਾਅਦ ਰਜਿਸਟਰੀਆਂ ਅਤੇ ਦਸਤਾਵੇਜ਼ ਦਰਜ ਕਰਨ ਦੇ ਕੰਮ ਨੇ ਰਫ਼ਤਾਰ ਫੜੀ। ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਲੋਕਾਂ ਦੇ ਕੰਮ ਇਸ ਤੋਂ ਬਾਅਦ ਤੇਜ਼ੀ ਨਾਲ ਨਿਪਟਾਏ ਗਏ। ਸਰਵਰ ਚੱਲਦੇ ਹੀ ਦਫ਼ਤਰਾਂ ਵਿੱਚ ਦਸਤਾਵੇਜ਼ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਲੰਬਿਤ ਕੰਮ ਨੂੰ ਪੂਰਾ ਕਰਨ ਦਾ ਸਿਲਸਿਲਾ ਚੱਲ ਪਿਆ। -------------------- ਸਵੇਰ ਤੋਂ ਸਰਵਰ ਬੰਦ, ਦਫ਼ਤਰਾਂ ’ਚ ਬੈਠੇ ਰਹੇ ਲੋਕ ਸਰਵਰ ਬੰਦ ਹੋਣ ਕਾਰਨ ਰਜਿਸਟਰੀ ਕਰਵਾਉਣ ਪਹੁੰਚੇ ਲੋਕਾਂ ਦੇ ਨਾਲ-ਨਾਲ ਦਸਤਾਵੇਜ਼ ਤਿਆਰ ਕਰਵਾਉਣ ਵਾਲੇ ਪੱਖਕਾਰ, ਵਸੀਕਾ ਨਵੀਸ ਅਤੇ ਹੋਰ ਸਬੰਧਤ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਰਜਿਸਟਰੀ ਲਈ ਪਹਿਲਾਂ ਤੋਂ ਸਮਾਂ ਲੈ ਕੇ ਤੇ ਹੋਰ ਦਸਤਾਵੇਜ਼ ਤਿਆਰ ਕਰਕੇ ਦਫ਼ਤਰ ਪਹੁੰਚਣਾ ਪੈਂਦਾ ਹੈ ਪਰ ਤਕਨੀਕੀ ਖ਼ਰਾਬੀ ਕਾਰਨ ਸਾਰਾ ਸ਼ਡਿਊਲ ਪ੍ਰਭਾਵਿਤ ਹੋ ਜਾਂਦਾ ਹੈ। ਕਈ ਲੋਕ ਸਰਵਰ ਚੱਲਣ ਦੀ ਉਡੀਕ ਕਰਦੇ ਰਹੇ, ਜਦਕਿ ਕੁਝ ਲੋਕਾਂ ਨੂੰ ਕੰਮ ’ਚ ਦੇਰੀ ਕਾਰਨ ਲੰਬੇ ਸਮੇਂ ਤੱਕ ਦਫ਼ਤਰ ਵਿੱਚ ਰੁਕਣਾ ਪਿਆ। ਲੋਕਾਂ ਨੇ ਸਵਾਲ ਚੁੱਕਿਆ ਕਿ ਜਦੋਂ ਰਜਿਸਟਰੀ ਵਰਗੇ ਮਹੱਤਵਪੂਰਨ ਸਰਕਾਰੀ ਕੰਮ ਪੂਰੀ ਤਰ੍ਹਾਂ ਆਨਲਾਈਨ ਸਿਸਟਮ ’ਤੇ ਨਿਰਭਰ ਹਨ ਤਾਂ ਸਰਵਰ ਡਾਊਨ ਹੋਣ ਦੀ ਸਥਿਤੀ ’ਚ ਵਿਭਾਗ ਵੱਲੋਂ ਕੋਈ ਬਦਲਵੀਂ ਵਿਵਸਥਾ ਕਿਉਂ ਨਹੀਂ ਹੈ? ---------------------------- ਐੱਸਆਰ-1 ’ਚ 76 ਤੇ ਐੱਸਆਰ-2 ’ਚ 62 ਦਸਤਾਵੇਜ਼ ਦਰਜ ਸਰਵਰ ਦੀ ਸਮੱਸਿਆ ਦੇ ਬਾਵਜੂਦ ਦਿਨ ਦੌਰਾਨ ਸਬ-ਰਜਿਸਟਰਾਰ ਦਫ਼ਤਰ ਨੰਬਰ-1 ਵਿੱਚ 76 ਦਸਤਾਵੇਜ਼, ਜਦਕਿ ਸਬ-ਰਜਿਸਟਰਾਰ ਦਫ਼ਤਰ ਨੰਬਰ-2 ਵਿੱਚ 62 ਦਸਤਾਵੇਜ਼ ਦਰਜ ਕੀਤੇ ਗਏ। ਇਸ ਤਰ੍ਹਾਂ ਦੋਵੇਂ ਦਫ਼ਤਰਾਂ ਵਿੱਚ ਕੁੱਲ 138 ਦਸਤਾਵੇਜ਼ ਦਰਜ ਹੋਏ। ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਸਰਵਰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇ ਤਾਂ ਪਹਿਲਾਂ ਤੋਂ ਸਮਾਂ ਲੈ ਕੇ ਪਹੁੰਚੇ ਲੋਕਾਂ ਦੇ ਕੰਮ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਕੀ ਸਰਵਰ ਦੀ ਤਕਨੀਕੀ ਸਮੱਸਿਆ ਕਾਰਨ ਵਾਰ-ਵਾਰ ਲੋਕਾਂ ਨੂੰ ਇਸੇ ਤਰ੍ਹਾਂ ਘੰਟਿਆਂ ਇੰਤਜ਼ਾਰ ਕਰਨਾ ਪਵੇਗਾ?