- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਸ਼ਿਤ ਚਿੱਟੀ ਵੇਂਈ ਨੂੰ ਸਾਫ ਕਰਵਾਉਣ ਲਈ ਸੰਘਰਸ਼ ਕਮੇਟੀ ਕਰ ਰਹੀ ਆਮ ਲੋਕਾਂ ਨੂੰ ਲਾਮਬੰਦ- ਗੁਰਪ੍ਰੀਤ ਮੁੰਧ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਦੁਆਬੇ ਦੇ ਦੋਨਾ ਖੇਤਰ ’ਚੋਂ ਤੇ ਸਥਾਨਕ ਕਸਬਾ ਮੱਲ੍ਹੀਆਂ ਕਲਾਂ ਦੇ ਕੋਲੋਂ ਲੰਘ ਰਹੀ ਚਿੱਟੀ ਵੇਂਈ ਜੋ ਕਿ ਅੱਜ ਕੱਲ੍ਹ ਦੂਸ਼ਿਤ ਕਾਲੀ ਵੇਂਈ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੀ ਹੈ। ਇਸ ਦੇ ਕਿਨਾਰੇ ਵੱਸਦੇ ਦਰਜਨਾਂ ਪਿੰਡਾਂ ਦੇ ਲੋਕ ਜ਼ਹਿਰੀਲੀ ਗੰਦੀ ਬਦਬੂ ਕਾਰਨ ਭਿਆਨਕ ਬਿਮਾਰੀਆਂ ਦੇ ਸਿਕਾਰ ਹੋ ਰਹੇ ਹਨ। ਇਸ ਵੇਈ ਦੀ ਸਾਫ-ਸਫਾਈ ਵਾਸਤੇ ਇਲਾਕੇ ਦੇ ਲੋਕ ਚਿੱਟੀ ਵੇਂਈ ਮੋਰਚਾ ਕਮੇਟੀ ਲੋਹੀਆਂ ਨਾਲ ਲਾਮਬੰਦ ਹੋ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚਿੱਟੀ ਵੇਂਈ ਮੋਰਚਾ ਕਮੇਟੀ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਮੁੰਧ ਨੇ ਇਕ ਪ੍ਰੈੱਸ ਬਿਆਨ ’ਚ ਕੀਤਾ। ਮੁੰਧ ਨੇ ਹੋਰ ਆਖਿਆ ਕਿ ਪਿਛਲੇ ਲੰਮੇ ਸਮੇ ਤੋਂ ਉਕਤ ਦੂਸ਼ਿਤ ਵੇਂਈ ’ਚ ਜਹਿਰੀਲਾ ਪਾਣੀ ਵਗ ਰਿਹਾ ਹੈ, ਜੋ ਦੋਨਾ ਇਲਾਕੇ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ। ਅੱਜ ਤੱਕ ਕਿੰਨੀਆਂ ਸਰਕਾਰਾਂ ਆ ਚੁੱਕੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਦੂਸ਼ਿਤ ਵੇਂਈ ਵੱਲ ਧਿਆਨ ਦੇਣ ਦੀ ਜ਼ਰੂਰਤ ਨਹੀ ਸਮਝੀ।
ਇਲਾਕੇ ਦੇ ਲੋਕਾਂ ਵੱਲੋਂ ਪਰਦੂਸ਼ਿਤ ਚਿੱਟੀ ਵੇਈਂ ਦਾ ਮਸਲਾ ਪਹਿਲਾਂ ਵੀ ਕਈ ਵਾਰ ਸਰਕਾਰ ਤੇ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਸੀ ਤੇ ਹੁਣ ਫਿਰ ਸੰਘਰਸ਼ ਕਮੇਟੀ ਵੱਲੋਂ ਇਸ ਦਾ ਮੁੱਦਾ ਚੁੱਕਿਆ ਗਿਆ ਹੈ ਤੇ ਸਰਕਾਰ ਦੇ ਕੰਨਾਂ ਤੱਕ ਇਸ ਦੀ ਆਵਾਜ਼ ਪਹੁੰਚਾਈ ਜਾ ਰਹੀ ਹੈ। ਦੂਸ਼ਿਤ ਵੇਂਈ ਦਾ ਪਾਣੀ ਇੰਨਾ ਗੰਧਲਾ ਤੇ ਜਹਰੀਲਾ ਹੋ ਚੁੱਕਾ ਹੈ ਕਿ ਇਸ ਦੇ ਕੋਲ ਦੀ ਲੰਘਣਾ ਦਿਨੋ-ਦਿਨ ਔਖਾ ਹੋ ਰਿਹਾ ਹੈ। ਇਸ ਦੀ ਸਾਫ-ਸਫਾਈ ਕਰਵਾਉਣ ਵਾਸਤੇ ਚਿੱਟੀ ਵੇਂਈ ਮੋਰਚਾ ਕਮੇਟੀ ਲੋਹੀਆਂ ਖਾਸ ਨੇ ਬੀੜਾ ਚੁੱਕਿਆ ਹੋਇਆ ਹੈ। ਕਮੇਟੀ ਵੱਲੋ ਲੋਕਾਂ ਦੇ ਇਕ ਵੱਡੇ ਇਕੱਠ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਜਾ ਚੁੱਕਾ ਹੈ। ਲੋਕਾਂ ਨੂੰ ਡਿਪਟੀ ਕਮਿਸ਼ਨਰ ਦੇ ਫੈਸਲੇ ਦੀ ਬੇਸਬਰੀ ਨਾਲ ਉਡੀਕ ਹੈ। ਮੁੰਧ ਨੇ ਐਲਾਨ ਕੀਤਾ ਕਿ ਜੇਕਰ ਕੋਈ ਠੋਸ ਕਾਰਵਾਈ ਨਾ ਹੋਈ ਤਾ ਆਉਣ ਵਾਲੇ ਦਿਨਾਂ ’ਚ ਇਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਦੋਨਾਂ ਖੇਤਰ ਦੇ ਪਿੰਡਾਂ ’ਚ ਗਿਆਰਾਂ-ਗਿਆਰਾਂ ਮੈਂਬਰੀ ਕਮੇਟੀਆਂ ਬਣਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਤੇ ਪਿੰਡਾ ’ਚੋਂ ਮੋਰਚਾ ਕਮੇਟੀ ਨੂੰ ਇਸ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਉਕਤ ਮਸਲਾ ਲੋਕ ਮਸਲਾ ਬਣ ਕੇ ਉੱਭਰ ਕੇ ਸਾਹਮਣੇ ਆਵੇਗਾ।