- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : 157

ਜਾਸ, ਜਲੰਧਰ : 157 ਸਾਲ ਪੁਰਾਣੇ ਦੋਮੋਰੀਆ ਪੁਲ ’ਤੇ ਕੰਕਰੀਟ ਦੇ ਸਪੈਨ ਤਾਂ ਲਗਾ ਦਿੱਤੇ ਗਏ ਸਨ ਪਰ ਹੇਠਾਂ ਬਣੇ ਪਿੱਲਰਾਂ ਦੀ ਮੁਰੰਮਤ ਬਾਕੀ ਸੀ। ਇਸੇ ਕਾਰਨ ਪੁਲ ਹੇਠੋਂ ਲੰਘਣ ਵਾਲਾ ਰਸਤਾ ਹੁਣ ਤੱਕ ਨਹੀਂ ਖੋਲ੍ਹਿਆ ਗਿਆ। ਇਕ ਹਫ਼ਤੇ ਬਾਅਦ ਹੁਣ ਰੇਲਵੇ ਨੇ ਪੁਲ ਦੇ ਹੇਠਲੇ ਪਿੱਲਰਾਂ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਪੈਨ ਤੇ ਹੇਠਲੇ ਬੇਸ ਨੂੰ ਆਪਸ ’ਚ ਜੋੜਨ ਲਈ ਕੰਕਰੀਟ ਦੀ ਕੰਧ ਬਣਾਈ ਜਾਵੇਗੀ ਤਾਂ ਜੋ ਸਪੈਨ ਨੂੰ ਹੋਰ ਮਜ਼ਬੂਤੀ ਮਿਲੇ। ਇਸ ਕੰਮ ਨੂੰ ਪੂਰਾ ਕਰਨ ’ਚ ਦੋ ਤੋਂ ਤਿੰਨ ਦਿਨ ਲੱਗ ਸਕਦੇ ਹਨ। ਰੇਲਵੇ ਨੇ ਲੋੜੀਂਦੀਆਂ ਤਿਆਰੀਆਂ ਕਰਕੇ ਕੰਮ ਸ਼ੁਰੂ ਕਰ ਦਿੱਤਾ ਹੈ। ਕੰਕਰੀਟ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਰਸਤਾ ਵਾਹਨਾਂ ਦੀ ਆਵਾਜਾਈ ਲਈ ਖੋਲ੍ਹਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਅੰਗਰੇਜ਼ਾਂ ਦੇ ਸਮੇਂ ਬਣਿਆ ਇਹ ਪੁਲ ਕਾਫ਼ੀ ਖਸਤਾ ਹਾਲਤ ’ਚ ਪਹੁੰਚ ਗਿਆ ਸੀ ਤੇ ਇਸ ਵਿੱਚੋਂ ਲੋਹੇ ਦੀਆਂ ਚਾਦਰਾਂ ਦੇ ਟੁਕੜੇ ਡਿੱਗਣ ਲੱਗ ਪਏ ਸਨ। ਇਸ ਤੋਂ ਬਾਅਦ ਰੇਲਵੇ ਨੇ ਪੁਲ ਨੂੰ ਨਵਾਂ ਰੂਪ ਦੇਣ ਦਾ ਕੰਮ ਕੀਤਾ। ਪੁਲ ਹੇਠਲਾ ਰਸਤਾ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਖ਼ਾਸ ਦਿੱਕਤ ਨਹੀਂ ਆਈ, ਕਿਉਂਕਿ ਇਸ ਦੇ ਬਿਲਕੁਲ ਉੱਪਰ ਰੇਲਵੇ ਓਵਰਬ੍ਰਿਜ ਮੌਜੂਦ ਹੈ। ਉੱਥੋਂ ਕਿਸ਼ਨਪੁਰਾ ਤੇ ਰੇਲਵੇ ਸਟੇਸ਼ਨ ਵੱਲ ਆਉਣ-ਜਾਣ ਵਾਲੀ ਆਵਾਜਾਈ ਜਾਰੀ ਰਹੀ। ਪੁਲ ’ਤੇ ਵਾਹਨਾਂ ਦੀ ਆਵਾਜਾਈ ਤਾਂ ਰਹੀ ਪਰ ਬਦਲਵਾਂ ਰਸਤਾ ਹੋਣ ਕਰਕੇ ਜ਼ਿਆਦਾਤਰ ਚਾਲਕਾਂ ਨੂੰ ਪਰੇਸ਼ਾਨੀ ਨਹੀਂ ਹੋਈ।