ਪੁਲਿਸ ਦੇ ਉੱਚ ਅਫਸਰਾਂ ਵੱਲੋਂ ਨਾਕੇ ਲਗਾ ਕੇ ਲੁਟੇਰਿਆਂ ਨੂੰ ਦਿੱਤੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ-1 ਅਧੀਨ ਆਉਂਦੇ ਖੇਤਰਾਂ ’ਚ ਲੁਟੇਰਿਆਂ ਵੱਲੋਂ ਸ਼ਨਿਚਰਵਾਰ ਤੜਕਸਾਰ ਦੋ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਤੜਕੇ ਥਾਣਾ ਇਕ ਅਧੀਨ ਆਉਂਦੇ ਖੇਤਰ ਪਿੰਡ ਨਾਗਰਾ ਦੇ ਨਜ਼ਦੀਕ ਮੌਜੂਦ ਧਾਰਮਿਕ ਸਥਾਨ ਬਾਬਾ ਜਿਵਾਣਾ ਦੇ ਸਾਹਮਣੇ ਰੇਲਵੇ ਲਾਈਨਾਂ ਤੋਂ ਪਾਰ ਦੋ ਮੋਟਰਸਾਈਕਲਾਂ ਤੇ ਇਕ ਸਕੂਟਰ ’ਤੇ ਸਵਾਰ ਪੰਜ ਲੁਟੇਰਿਆਂ ਨੇ ਟੈਕਸੀ ਡਰਾਈਵਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਲਿਆ। ਜ਼ੇਰੇ ਇਲਾਜ ਜ਼ਖਮੀ ਟੈਕਸੀ ਡਰਾਈਵਰ ਗੁਰਵਿੰਦਰ ਸਿੰਘ ਉਰਫ ਲਾਲੀ ਪੁੱਤਰ ਸਤਨਾਮ ਸਿੰਘ ਵਾਸੀ ਸ਼ਿਵ ਨਗਰ ਨੇ ਜਲੰਧਰ ਨੇ ਦੱਸਿਆ ਕਿ ਮਕਸੂਦਾਂ ਤੋਂ ਅੰਮ੍ਰਿਤਸਰ ਚੱਲਿਆ ਤਾਂ ਘਰ ਤੋਂ ਕੁਝ ਹੀ ਦੂਰੀ ’ਤੇ ਰੇਲਵੇ ਫਾਟਕ ਪਾਰ ਕਰਦਿਆਂ ਸਾਰ ਹੀ ਤੜਕਸਾਰ 3.45 ਮਿੰਟ ਤੇ ਦੋ ਮੋਟਰਸਾਈਕਲਾਂ ਅਤੇ ਇਕ ਸਕੂਟਰ ’ਤੇ ਸਵਾਰ ਪੰਜ ਲੁਟੇਰਿਆਂ ਨੇ ਟੱਕਰ ਮਾਰ ਕੇ ਉਸ ਵੇਲੇ ਰੋਕ ਲਿਆ ਜਦ ਉਹ ਆਪਣੇ ਸਾਥੀ ਡਰਾਈਵਰ ਨੂੰ ਫੋਨ ਕਰ ਰਿਹਾ ਸੀ। ਜਿਵੇਂ ਹੀ ਉਨ੍ਹਾਂ ਨੇ ਟੱਕਰ ਮਾਰੀ ਤਾਂ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਉਸ ਨੇ ਉਨ੍ਹਾਂ ਨੂੰ ਦਬਕਾ ਮਾਰ ਕੇ ਕਿਹਾ ਕਿ ਉਹ ਪੁਲਿਸ ਮੁਲਾਜ਼ਮ ਹੈ ਤੇ ਉਹ ਇੱਥੋਂ ਫਰਾਰ ਹੋ ਜਾਣ। ਲੁਟੇਰਿਆਂ ਨੇ ਪੁਲਿਸ ਦਾ ਨਾਂ ਸੁਣ ਕੇ ਵੀ ਉਸ ਨੂੰ ਲਲਕਾਰ ਕੇ ਕਿਹਾ ਕਿ ਫਿਰ ਕੀ ਹੋਇਆ ਤੂੰ ਪੁਲਿਸ ਵਾਲਾ ਹੈ, ਜੋ ਕੁਝ ਹੈ ਉਨ੍ਹਾਂ ਦੇ ਹਵਾਲੇ ਕਰ ਦੇਵੇ। ਉਨ੍ਹਾਂ ਨੇ ਪਹਿਲਾਂ ਮੋਬਾਈਲ ਖੋਹ ਲਿਆ ਤੇ ਫਿਰ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਨੇ ਮੁਕਾਬਲਾ ਕਰਦਿਆਂ ਹੋਇਆਂ ਮੋਬਾਈਲ ਵਾਪਸ ਖਿੱਚ ਲਿਆ ਤੇ ਲੁਟੇਰੇ ਨੇ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ’ਚ ਉਸ ਨੇ ਮੋਟਰਸਾਈਕਲ ਦੀ ਚਾਬੀ ਕੱਢ ਕੇ ਉਥੋਂ ਦੌੜ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਲੁਟੇਰੇ ਉਥੋਂ ਫਰਾਰ ਹੋ ਗਏ। ਉਸ ਦੀ ਜੇਬ ’ਚੋਂ ਤਕਰੀਬਨ ਤਿੰਨ ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੁਟੇਰੇ ਪਿੰਡ ਨਾਗਰਾ ਵੱਲ ਫਰਾਰ ਹੋ ਗਏ।
-------------------------
ਪਰਵਾਸੀ ਨੂੰ ਵੀ ਬਣਾਇਆ ਲੁੱਟ ਦਾ ਸ਼ਿਕਾਰ
ਟੈਕਸੀ ਡਰਾਈਵਰ ਨੂੰ ਲੁੱਟਣ ਤੋਂ ਪਹਿਲਾਂ ਲੁਟੇਰਿਆਂ ਵੱਲੋਂ ਪਹਿਲਾਂ ਨਵੀਂ ਸਬਜ਼ੀ ਮੰਡੀ ਜਾ ਰਹੇ ਪਰਵਾਸੀ ਮਜ਼ਦੂਰ ਨੂੰ ਜ਼ਖਮੀ ਕਰ ਕੇ ਲੁੱਟ ਲਿਆ ਤੇ ਉਸ ਕੋਲੋਂ ਨਕਦੀ ਸਮੇਤ ਮੋਬਾਈਲ ਖੋਹ ਕੇ ਫਰਾਰ ਹੋ ਗਏ। ਪੀੜਤ ਦਾ ਕਹਿਣਾ ਹੈ ਕਿ ਲੁਟੇਰੇ ਉਸ ਨੂੰ ਚਾਕੂਆਂ ਨਾਲ ਹਮਲਾ ਕਰਕੇ ਜ਼ਖਮੀ ਕਰ ਗਏ ਹਨ। ਥਾਣਾ ਇਕ ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਦੀ ਭਾਲ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।
----------------------
ਫੋਨ ਕਰਨ ਦੇ ਬਹਾਨੇ ਮੋਬਾਈਲ ਲੁੱਟਿਆ
ਪਿੰਡ ਨਾਹਲ ਨਜ਼ਦੀਕ ਸਥਿਤ ਸ਼ੇਰ ਸਿੰਘ ਕਾਲੋਨੀ ’ਚ ਦਿਨ-ਦਿਹਾੜੇ ਸਕੂਟਰ ਸਵਾਰ ਨੌਜਵਾਨ ਨੇ ਟੈਲੀਫੋਨ ਕਰਨ ਦੇ ਬਹਾਨੇ ਵਿਅਕਤੀ ਕੋਲੋਂ ਮੋਬਾਈਲ ਫੋਨ ਮੰਗ ਕੇ ਉਥੋਂ ਫਰਾਰ ਹੋ ਗਿਆ। ਇਸ ਦੌਰਾਨ ਨੌਜਵਾਨ ਨੇ ਲੁਟੇਰੇ ਦਾ ਸਕੂਟਰ ਪਿਛਿਓਂ ਫੜਿਆ ਤਾਂ ਨੌਜਵਾਨ ਉਸ ਨੂੰ ਕੁਝ ਦੂਰੀ ਤੱਕ ਘਸੀਟਦਾ ਰਿਹਾ। ਇਸ ਦੌਰਾਨ ਐਕਟਿਵਾ ਸੰਤੁਲਨ ਗੁਆਉਣ ਕਾਰਨ ਲੁਟੇਰੇ ਹੇਠਾਂ ਡਿੱਗ ਪਿਆ ਤੇ ਉਸਨੂੰ ਕਾਬੂ ਕਰ ਲਿਆ ਗਿਆ। ਇਸ ਦੌਰਾਨ ਲੁੱਟ ਦੇ ਸ਼ਿਕਾਰ ਹੋਇਆ ਨੌਜਵਾਨ ਜ਼ਖਮੀ ਹੋ ਗਿਆ। ਬਿਹਾਰ ਦੇ ਰਹਿਣ ਵਾਲੇ ਦਿਲੀਪ ਨੇ ਦੱਸਿਆ ਕਿ ਉਹ ਦੁਪਹਿਰ ਵਕਤ ਜਦੋਂ ਉਹ ਖਾਣਾ ਖਾਣ ਜਾ ਰਿਹਾ ਸੀ ਤਾਂ ਇੱਕ ਨੌਜਵਾਨ ਉਸ ਕੋਲ ਆਇਆ ਅਤੇ ਕਿਹਾ ਕਿ ਉਸ ਦਾ ਫ਼ੋਨ ਰੀਚਾਰਜ ਖਤਮ ਹੋ ਗਿਆ ਹੈ। ਆਪਣੇ ਮੋਬਾਈਲ ਫੋਨ ’ਤੇ ਗੱਲ ਕਰਵਾ ਦੇਵੇ। ਉਸ ਦਾ ਮੋਬਾਈਲ ਫੋਨ ਲੈ ਕੇ ਉਹ ਸਕੂਟਰ 'ਤੇ ਬੈਠ ਗਿਆ। ਜਦੋਂ ਲੁਟੇਰਾ ਉਸ ਦਾ ਮੋਬਾਈਲ ਲੈ ਕੇ ਭੱਜਣ ਲੱਗਾ ਤਾਂ ਉਸ ਨੇ ਸਕੂਟਰ ਨੂੰ ਫੜ ਲਿਆ ਤੇ ਉਸ ਨੂੰ ਕੁਝ ਦੂਰੀ ਤੱਕ ਘਸੀਟਦਾ ਰਿਹਾ। ਲੋਕਾਂ ਨੇ ਲੁਟੇਰੇ ਦੀ ਕੁੱਟਮਾਰ ਕੀਤੀ। ਉਸ ਕੋਲੋਂ ਮੋਬਾਈਲ ਫੋਨ ਲੈ ਕੇ ਪੀੜਤ ਨੂੰ ਦੇ ਦਿੱਤਾ। ਇਸ ਦੌਰਾਨ ਲੁਟੇਰਾ ਲੋਕਾਂ ਨੂੰ ਚਕਮਾ ਦੇ ਕੇ ਕੇ ਫਰਾਰ ਹੋ ਗਿਆ।