- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਰੰਮਤ ਨੂੰ ਤਰਸ ਰਹੀ ਹੈ ਸਰਫਿਸ ਵਾਟਰ ਲਈ ਪੁੱਟੀ ਕਾਜੀ ਮੰਡੀ ਤੋਂ ਹਾਈਵੇ ਨੂੰ ਜਾਂਦੀ ਸੜਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਸਥਾਨਕ ਕਾਜ਼ੀ ਮੰਡੀ ’ਚੋਂ ਨਾਜਾਇਜ਼ ਕਬਜ਼ੇ ਹਟਾਉਣੇ ਤਾਂ ਦੂਰ ਦੀ ਗੱਲ ਇਥੋਂ ਗੁਰੂ ਗੋਬਿੰਦ ਸਿੰਘ ਐਵੇਨਿਊ ’ਚੋਂ ਲੰਘ ਕੇ ਰਾਸ਼ਟਰੀ ਮਾਰਗ ਨਾਲ ਜੁੜਦੀ ਸੜਕ ਨੂੰ ਨਹਿਰੀ ਪਾਣੀ ਦੀ ਸਪਲਾਈ ਲੰਘਾਉਣ ਲਈ ਤਿੰਨ ਥਾਵਾਂ ਤੋਂ ਕਰੀਬ 5 ਵਰ੍ਹੇ ਪਹਿਲਾਂ ਪੁੱਟਿਆ ਗਿਆ ਸੀ, ਜਿਸ ਦੀ ਅੱਜ ਤੱਕ ਮੁਰੰਮਤ ਨਹੀਂ ਕੀਤੀ ਗਈ ਹੈ। ਇਸ ਸੜਕ ਦਾ ਨਾਂਅ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਗੁਰਦੁਆਰਾ ਪਾਤਸ਼ਾਹੀ 10ਵੀਂ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਗ ਰਖਵਾਇਆ ਗਿਆ ਸੀ ਪਰ ਕੁੱਝ ਲੋਕਾਂ ਵੱਲੋਂ ਇਸ ਅੱਧੀ ਸੜਕ ’ਤੇ ਮਹਾਰਾਜਾ ਅਗਰਸੈਨ ਦੇ ਬੋਰਡ ਲਗਵਾ ਲਏ ਗਏ। ਗੁਰਦੁਆਰਾ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਬਹੁਤ ਤੇਜ਼ੀ ਨਾਲ ਫੁੱਲਦਾਰ ਤੇ ਛਾਂਦਾਰ ਬੂਟੇ ਲਗਾ ਕੇ ਸੁੰਦਰੀਕਰਨ ਹੀ ਨਹੀਂ ਕੀਤਾ ਗਿਆ, ਸਗੋਂ ਇਸ ਦੀ ਸਫਾਈ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।
ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਚੌਕ ਵੀ ਬਹੁਤ ਸੁੰਦਰ ਬਣਾ ਕੇ ਇਸ ਦੇ ਨਜ਼ਦੀਕ ਗੁਰੂ ਨਾਨਕ ਬਗੀਚੀ ਬਣਾਈ ਗਈ ਹੈ, ਜਿਸ ਦੇ ਸੁੰਦਰੀਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਉਥੇ ਗੁਰੂ ਗੋਬਿੰਦ ਸਿੰਘ ਚੌਕ ਤੋਂ ਅੱਗੇ ਸੜਕ ਦੇ ਦੂਜੇ ਹਿੱਸੇ ’ਚ ਪਏ ਟੋਇਆਂ ਦੀ ਮੁਰੰਮਤ ਕਰਵਾਉਣੀ ਤਾਂ ਦੂਰ ਸੜਕ ਦੇ ਇਸ ਹਿੱਸੇ ਦੇ ਦੋਵੇਂ ਪਾਸੇ ਲੱਗੇ ਕੂੜੇ ਦੇ ਢੇਰ, ਡਿਵਾਈਡਰ ਵਿਚ ਉੱਗੀ ਭੰਗ ਤੇ ਬੰਦ ਸਟਰੀਟ ਲਾਈਟਾਂ ਇਸ ਦਾ ਨਾਮਕਰਨ ਕਰਵਾਉਣ ਵਾਲਿਆਂ ਦੀ ਸ਼ਰਧਾ ਤੇ ਕਾਰਗੁਜ਼ਾਰੀ ਦਾ ਮਾਖੌਲ ਉਡਾ ਰਹੀਆਂ ਹਨ। ਜੇ ਇਸ ਸੜਕ ਦੀ ਸਫਾਈ ਤੇ ਮੁਰੰਮਤ ਨਹੀਂ ਕਰਵਾਈ ਜਾ ਸਕਦੀ ਤਾਂ ਇਸ ਦੇ ਨਾਮਕਰਨ ਦੇ ਬੋਰਡ ਲਗਾ ਕੇ ਅਪਮਾਨ ਵੀ ਨਹੀਂ ਕੀਤਾ ਜਾਣਾ ਚਾਹੀਦਾ ਹੈ। ਗੰਦਗੀ ਤੇ ਮਾੜੀ ਸੜਕ ’ਚ ਲੱਗੇ ਬੋਰਡ ਰਾਹਗੀਰਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਦੇ ਹਨ। ਵਾਰਡ ਦੇ ਕੌਂਸਲਰਾਂ ਤੇ ਨਿਗਮ ਅਧਿਕਾਰੀਆਂ ਪਾਸੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਟੁੱਟੀ ਸੜਕ ਦੀ ਮੁਰੰਮਤ ਕਰਵਾਈ ਜਾਵੇ ਤੇ ਡਿਵਾਈਡਰ ’ਚ ਪੌਦੇ ਆਦਿ ਲਾ ਕੇ ਸਟਰੀਟ ਲਾਈਟਾਂ ਚਾਲੂ ਕੀਤੀਆਂ ਜਾਣ।