ਹੱਕਾਂ ਦੀ ਰਾਖੀ ਲਈ ਸੂਬਾ ਸਰਕਾਰ ਵਚਨਬੱਧ : ਗੜ੍ਹੀ
ਐੱਸਸੀ/ਐੱਸਟੀ ਅੱਤਿਆਚਾਰ ਰੋਕੂ ਐਕਟ ਦਾ ਉਦੇਸ਼ ਐੱਸਸੀ/ਐੱਸਟੀ ਭਾਈਚਾਰੇ ਦੇ ਅਧਿਕਾਰ ਤੇ ਸਨਮਾਨ ਦੀ ਰਾਖੀ ਕਰਨਾ : ਜਸਵੀਰ ਸਿੰਘ ਗੜ੍ਹੀ
Publish Date: Wed, 18 Feb 2026 09:22 PM (IST)
Updated Date: Wed, 18 Feb 2026 09:24 PM (IST)

-ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ’ਚ ਟ੍ਰੇਨਿੰਗ ਮੌਕੇ ਪੁੱਜੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਕਿਹਾ ਕਿ ਐੱਸਸੀ/ਐੱਸਟੀ ਅੱਤਿਆਚਾਰ ਰੋਕੂ ਐਕਟ 1989 ਸਮਾਜਿਕ ਬਰਾਬਰੀ ਤੇ ਇਨਸਾਫ਼ ਨੂੰ ਯਕੀਨੀ ਬਣਾਉਣ ਲਈ ਇਕ ਅਹਿਮ ਸੰਵਿਧਾਨਕ ਉਪਾਅ ਹੈ, ਜਿਸ ਦਾ ਉਦੇਸ਼ ਐੱਸਸੀ/ਐੱਸਟੀ ਭਾਈਚਾਰੇ ਦੇ ਅਧਿਕਾਰਾਂ ਤੇ ਸਨਮਾਨ ਦੀ ਰਾਖੀ ਕਰਨਾ ਹੈ। ਇਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿਖੇ ਡੀਐੱਸਪੀ ਪੱਧਰ ਦੇ ਅਧਿਕਾਰੀਆਂ ਲਈ ਐੱਸਸੀ/ਐੱਸਟੀ ਅੱਤਿਆਚਾਰ ਰੋਕੂ ਐਕਟ 1989 ਸਬੰਧੀ ਕਰਵਾਈ ਵਿਸਥਾਰਪੂਰਵਕ ਟ੍ਰੇਨਿੰਗ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਕਾਨੂੰਨ ਦੇ ਪ੍ਰਭਾਵਸ਼ਾਲੀ ਅਮਲ ਲਈ ਪੁਲਿਸ ਅਧਿਕਾਰੀਆਂ ਨੂੰ ਇਸ ਐਕਟ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣਾ, ਸੰਵੇਦਨਸ਼ੀਲ ਮਾਮਲਿਆਂ ’ਚ ਐਕਟ ਅਨੁਸਾਰ ਕਾਰਵਾਈ ਯਕੀਨੀ ਬਣਾਉਣਾ ਤੇ ਇਸ ਐਕਟ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਆਉਣ ਵਾਲੇ ਜ਼ਿਆਦਾਤਰ ਮਾਮਲੇ ਪੁਲਿਸ ਵਿਭਾਗ ਨਾਲ ਸਬੰਧਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਐੱਸਸੀ/ਐੱਸਟੀ ਅੱਤਿਆਚਾਰ ਰੋਕੂ ਐਕਟ ਬਾਰੇ ਅੱਜ ਜੋ ਟ੍ਰੇਨਿੰਗ ਮੁਹੱਈਆ ਕਰਵਾਈ ਗਈ ਹੈ, ਉਸ ਨਾਲ ਅਜਿਹੇ ਮਾਮਲਿਆਂ ਦੀ ਗਿਣਤੀ ਘੱਟ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਐੱਸਸੀ ਕਮਿਸ਼ਨ ਦੇ ਸੁਝਾਅ ’ਤੇ ਪੁਲਿਸ ਵਿਭਾਗ ਵੱਲੋਂ ਇਹ ਟ੍ਰੇਨਿੰਗ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਕਰਵਾਈ ਗਈ ਹੈ। ਗੜ੍ਹੀ ਨੇ ਕਿਹਾ ਕਿ ਇਸ ਲੜੀ ’ਚ ਇਹ ਪਹਿਲਾ ਟ੍ਰੇਨਿੰਗ ਪ੍ਰੋਗਰਾਮ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ’ਚ ਪੰਜਾਬ ਭਰ ਦੇ 400 ਦੇ ਕਰੀਬ ਡੀਐੱਸਪੀ ਨੂੰ ਵਿਸਥਾਰਥ ਸਿਖ਼ਲਾਈ ਦੇਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ’ਚ ਸ਼ਾਮਲ ਪੰਜਾਬ ਭਰ ਤੋਂ ਆਏ ਪੁਲਿਸ ਅਧਿਕਾਰੀਆਂ ਵੱਲੋਂ ਇਸ ਸਿਖ਼ਲਾਈ ਪ੍ਰੋਗਰਾਮ ਨੂੰ ਹਾਂ-ਪੱਖੀ ਹੁੰਗਾਰਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੇ ਨਾਲ-ਨਾਲ ਹਰ ਵਰਗ ਦੇ ਅਧਿਕਾਰਾਂ ਤੇ ਸਨਮਾਨ ਦੀ ਰਾਖੀ ਲਈ ਦ੍ਰਿੜ ਵਚਨਬੱਧ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ’ਚ ਡੀਜੀਪੀ ਪੰਜਾਬ ਗੌਰਵ ਯਾਦਵ ਤੇ ਸਪੈਸ਼ਲ ਡੀਜੀਪੀ-ਕਮ-ਡਾਇਰੈਕਟਰ ਅਨੀਤਾ ਪੁੰਜ ਦਾ ਵਿਸ਼ੇਸ਼ ਯੋਗਦਾਨ ਰਿਹਾ। ਵੱਖ-ਵੱਖ ਟ੍ਰੇਨਿੰਗ ਸੈਸ਼ਨ ਦੌਰਾਨ ਮਾਹਰਾਂ ਵੱਲੋਂ ਐੱਸਸੀ/ਐੱਸਟੀ ਅੱਤਿਆਚਾਰ ਰੋਕੂ ਐਕਟ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।