ਪੰਜਾਬ ਬੰਦ ਕਰਕੇ ਸਰਕਾਰ ਦਾ ਭੁਲੇਖਾ ਕਰਾਂਗੇ ਦੂਰ : ਰਮੇਸ਼ ਗੈਚੰਡ ਸਫ਼ਾਈ ਸੇਵਕ ਯੂਨੀਅਨ ਵੱਲੋਂ 30 ਨੂੰ ਹੋਵੇਗਾ ਪੰਜਾਬ ਬੰਦ
Publish Date: Wed, 29 Jul 2026 09:22 PM (IST)
Updated Date: Wed, 29 Jul 2026 09:25 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋ ਪੰਜਾਬ ਭਰ 8 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਨੂੰ ਜਾਰੀ ਰੱਖਦੇ ਹੋਏ 30 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਬੰਦ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ। ਇਸ ਬੰਦ ਦੌਰਾਨ ਸਕੂਲ, ਕਾਲਜ ਤੇ ਮੈਡੀਕਲ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਜਥੇਬੰਦੀ ਵੱਲੋਂ ਕੱਚੇ ਮੁਲਾਜ਼ਮ ਪੱਕੇ ਕਰਨ ’ਤੇ ਆਊਟਸੋਰਸ ਮੁਲਾਜ਼ਮਾਂ ਨੂੰ ਇੰਸ਼ੋਰੈਂਸ ਕਰਨਾ ਤੇ ਕੱਚੇ ਕਾਮਿਆਂ ਦੀ ਤਨਖਾਹ ’ਚ ਵਾਧਾ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਕੰਮ-ਛੋੜ ਹੜਤਾਲ ਦੇ ਦੌਰਾਨ ਪੰਜਾਬ ਸਰਕਾਰ ਨਾਲ ਹੁਣ ਤੱਕ ਹੋਈਆਂ ਮੀਟਿੰਗਾਂ ’ਚ ਸਰਕਾਰ ਵੱਲੋਂ ਮੰਗਾਂ ਮੰਨਣ ਦੀ ਥਾਂ ਸਾਡੀ ਜਥੇਬੰਦੀ ਨਾਲ ਮੰਗਾਂ ਸਬੰਧੀ ਬਿਨਾਂ ਕਿਸੇ ਫੈਸਲੇ ਤੋਂ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਹਰਜੋਤ ਬੈਂਸ ਸੋਸ਼ਲ ਮੀਡੀਆ ਰਾਹੀਂ ਮੰਗਾਂ ਨੂੰ ਮੰਨਣ ਦਾ ਹਵਾਲਾ ਦਿੰਦੇ ਹੋਏ ਪੋਸਟਾਂ ਤੇ ਵੀਡੀਓ ਬਣਾ ਕੇ ਪਾਈਆਂ ਜਾ ਰਹੀਆਂ ਹਨ ਤਾਂ ਜੋ ਸਮੂਹ ਮੁਲਾਜ਼ਮਾਂ ’ਚ ਭਰਮ ਭੁਲੇਖੇ ਪੈਦਾ ਕੀਤੇ ਜਾਣ। ਬੁੱਧਵਾਰ ਜਥੇਬੰਦੀ ਦੇ ਜਨਰਲ ਸਕੱਤਰ ਰਮੇਸ਼ ਗੈਚੰਡ, ਸੀਨੀਅਰ ਮੀਤ ਪ੍ਰਧਾਨ ਸੋਮਨਾਥ ਮੋਗਾ ਤੇ ਮੁੱਖ ਸਲਾਹਕਾਰ ਕੁਲਦੀਪ ਸ਼ਰਮਾ ਤੇ ਸਤਪਾਲ ਅਨਜਾਣ ਹੋਰਾਂ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਸਰਕਾਰ ਇਹ ਭੁੱਲ ਕਰ ਰਹੀ ਹੈ ਇਹ ਮੁਲਾਜ਼ਮ ਮਾਰੂ ਸਰਕਾਰ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਨਾਲ ਹੜਤਾਲ ਨੂੰ ਇਰਾਦਿਆਂ ਨੂੰ ਤੋੜ ਨਹੀਂ ਸਕਦੀ। ਇਸ ਦੇ ਉਲਟ ਸਰਕਾਰ ਦੇ ਜ਼ਿੰਮੇਵਾਰ ਮੰਤਰੀ ਵੱਲੋਂ ਸੋਸ਼ਲ ਮੀਡੀਆ ਤੇ ਕੀਤੀ ਗਈ ਬਿਆਨਬਾਜ਼ੀ ਤੇ ਬਿਨਾਂ ਸਮਝੌਤੇ ਤੋਂ ਜਾਰੀ ਕੀਤੇ ਗਏ ਤਨਖਾਹ ਦੇ ਪੱਤਰ ਤੋਂ ਪੂਰੇ ਪੰਜਾਬ ਦੇ ਮਿਊਂਸੀਪਲ ਮੁਲਾਜ਼ਮਾ ਤੇ ਸਫ਼ਾਈ ਸੇਵਕ ਤੇ ਸੀਵਰਮੈਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਰਨਾਲਾ ਲਾਠੀਚਾਰਜ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਡੀਐੱਸਪੀ ਤੇ ਉਸ ਦੀ ਟੀਮ ਨੂੰ ਤੁਰੰਤ ਪ੍ਰਭਾਵ ਨਾਲ ਦਿੱਤੀ ਜਾਣੀ ਬਣਦੀ ਸਖ਼ਤ ਸਜ਼ਾ ਦੇਣ ਤੋਂ ਹੁਣ ਤੱਕ ਬਚ ਰਹੀ ਸੂਬਾ ਸਰਕਾਰ ਵਿਰੁੱਧ ਸਫ਼ਾਈ ਸੇਵਕ ਯੂਨੀਅਨ ਪੰਜਾਬ ਤੇ ਪੰਜਾਬ ਨਗਰ ਪਾਲਿਕਾ ਕਰਮਚਾਰੀ ਸੰਗਠਨ ਵੱਲੋਂ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਤਿੰਨ ਸਾਲਾ ਪੀਰੀਅਡ ਵਾਲੇ ਕੰਟਰੈਕਟ ਬੇਸ ਕਾਮਿਆਂ ਨੂੰ ਰੈਗੂਲਰ ਕਰਨ, ਆਊਟਸੋਰਸ ਕਾਮਿਆਂ ਨੂੰ ਇੰਸ਼ੋਰੈਂਸ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਆਦਿ ਮੰਗਾਂ ਜਲਦ ਪ੍ਰਵਾਨ ਨਹੀਂ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਐਲਾਨ ਕੀਤਾ ਕਿ ਪੰਜਾਬ ਬੰਦ ’ਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਡੀ ਗਿਣਤੀ ’ਚ ਪੰਜਾਬ ਭਰ ’ਚ ਸ਼ਮੂਲੀਅਤ ਕਰੇਗੀ।