9 ਦਾ ਰੋਸ ਮੁਜ਼ਾਹਰਾ ਹੋਵੇਗਾ ਲਾਮਿਸਾਲ 9 ਅਕਤੂਬਰ ਦਾ ਰੋਸ ਧਰਨਾ ਤੇ ਵਿਖਾਵਾ ਹੋਵੇਗਾ ਲਾਮਿਸਾਲ
Publish Date: Tue, 06 Oct 2026 06:57 PM (IST)
Updated Date: Tue, 06 Oct 2026 06:59 PM (IST)
-ਮਸਲਾ ਤਲਵੰਡੀ ਸਲੇਮ ਦੇ ਸਰਪੰਚ ਤੇ ਕੇਸ ਦਰਜ ਨਾ ਕਰਨ ਦਾ -ਪਰਚਾ ਕਰਵਾਉਣ ਲਈ ਲਾਮਬੰਦੀ ਕਰ ਰਹੀਆਂ ਨੇ ਜਥੇਬੰਦੀਆਂ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਗਾਲ਼ਾਂ ਕੱਢਣ ਵਾਲੇ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਤੇ ਐੱਸਸੀ ਐੱਸਟੀ ਐਕਟ ਤਹਿਤ ਕੇਸ ਦਰਜ ਦਰਜ ਕਰਾਉਣ ਲਈ, 9 ਅਕਤੂਬਰ ਨੂੰ ਡੀਐਸਪੀ ਨਕੋਦਰ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਤੇ ਵਿਖਾਵਾ ਲਾਮਿਸਾਲ ਹੋਵੇਗਾ। ਇਸ ’ਚ ਖੇਤ ਮਜ਼ਦੂਰ, ਕਿਸਾਨ, ਮੁਲਾਜ਼ਮ ਵਿਦਿਆਰਥੀ ਨੌਜਵਾਨ ਲੇਖਕ ਤੇ ਬੁੱਧੀਜੀਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ। ਅੱਜ ਇਥੇ ਸਥਾਨਕ ਦਿਹਾਤੀ ਮਜ਼ਦੂਰ ਸਭਾ ਦੇ ਦਫ਼ਤਰ ਵਿਖੇ, ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਵੱਖ-ਵੱਖ ਸੰਘਰਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਉਕਤ ਐਲਾਨ ਕੀਤਾ। ਆਗੂਆਂ ਨੇ ਕਿਹਾ ਮਜ਼ਦੂਰ ਆਗੂ ਨੂੰ ਜਾਤੀ ਸੂਚਕ ਸ਼ਬਦ ਬੋਲਣਾ, ਪੂਰੇ ਭਾਈਚਾਰੇ ਦੀ ਹੱਤਕ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਨ੍ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਲਿਤਾਂ ਦੇ ਮਾਨ ਸਨਮਾਨ ਦੇ ਜਿੰਨੇ ਮਰਜ਼ੀ ਦਮਗਜੇ ਮਾਰੀ ਜਾਵੇ ਪਰ ਅਸਲ ਹਕੀਕਤ ਇਹ ਹੈ ਮਜ਼ਦੂਰ ਜਥੇਬੰਦੀ ਦੇ ਸੂਬਾ ਆਗੂ ਨੂੰ ਅਪਮਾਨਤ ਕਰਨ ਵਾਲੇ ਸਰਪੰਚ ਤੇ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਹੈ, ਹੁਣ ਸੰਘਰਸ਼ੀਲ ਜਥੇਬੰਦੀਆਂ ਪਰਚਾ ਦਰਜ ਕਰਾਉਣ ਲਈ ਵੱਡੀ ਲਾਮਬੰਦੀ ਕਰ ਰਹੀਆਂ ਹਨ। ਮੀਟਿੰਗ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ, ਪਾਸ਼ ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ, ਐਡਵੋਕੇਟ ਸੁਰਿੰਦਰ ਖੀਵਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਮਨੋਹਰ ਸਿੰਘ ਗਿੱਲ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਜਲੰਧਰ ਦੇ ਸਕੱਤਰ ਡਾਕਟਰ ਮੰਗਤ ਰਾਏ ਔਜਲਾ, ਗੁਰਮੀਤ ਸਿੰਘ ਕੋਟਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਦੇ ਬਿੱਟੂ ਰੂਪੇਵਾਲੀ, ਮਜ਼ਦੂਰ ਆਗੂ ਬਲਦੇਵ ਰਾਜ ਮਾਲੜੀ, ਬਲਕਾਰ ਸਿੰਘ ਨੂਰਪੁਰ ਚੱਠਾ ਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ।