
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਲੰਧਰ ’ਚ 28 ਤੇ 29 ਅਗਸਤ ਨੂੰ ਹੋਣਗੇ ‘ਹਮਾਰੇ ਰਾਮ’ ਪ੍ਰਸਿੱਧ ਨਾਟਕ : ਮੋਹਿੰਦਰ ਭਗਤ ,ਦੀਪਕ ਬਾਲੀ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦਾ ਸੀਟੀ ਇੰਸਟੀਚਿਊਟ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦੀ ਪੇਸ਼ਕਾਰੀ ਲਈ ਪੂਰੀ ਤਰ੍ਹਾਂ ਤਿਆਰ ਹੈ। ਨਾਮੀ ਕਲਾਕਾਰ ਆਸੂਤੋਸ਼ ਰਾਣਾ ਵੱਲੋਂ ਪੂਰੀ ਟੀਮ ਦੇ ਨਾਲ ਰਮਾਇਣ ’ਤੇ ਅਧਾਰਿਤ ਭਗਵਾਨ ਰਾਮ ਜੀ ਦੇ ਜੀਵਨ, ਕਦਰਾਂ-ਕੀਮਤਾਂ ਤੇ ਫਲਸਫ਼ੇ ਸਬੰਧੀ ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਤੇ ਪੰਜਾਬ ਸੱਭਿਆਚਾਰ ਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਸਰਕਾਰ ਵੱਲੋਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਾਰੇ ਧਰਮਾਂ ਦੇ ਸਤਿਕਾਰ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕੈਬਨਿਟ ਮੰਤਰੀ ਤੇ ਸਲਾਹਕਾਰ ਨੇ ਹਲਕਾ ਇੰਚਾਰਜ ਨਿਤਿਨ ਕੋਹਲੀ, ਰਾਜਵਿੰਦਰ ਕੌਰ ਥਿਆੜਾ, ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਇੰਦਰਵੰਸ਼ ਸਿੰਘ ਚੱਢਾ, ਸੀਨੀਅਰ ਆਗੂ ਪੂਜਾ ਸਿੰਘ ਤੇ ਰੂਪ ਸੰਧੂ ਸਮੇਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਨਾਤਮ ਧਰਮ ਦੇ ਰੂਹਾਨੀ ਸੰਦੇਸ਼ ਤੇ ਕਦਰਾਂ-ਕੀਮਤਾਂ ’ਤੇ ਚਾਨਣਾ ਪਾਉਣ ਲਈ ‘ਹਮਾਰੇ ਰਾਮ’ ਪ੍ਰਸਿੱਧ ਨਾਟਕ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ। ਸੀਟੀ ਇੰਸਟੀਚਿਊਟ ਸ਼ਾਹਪੁਰ ਕੈਂਪਸ ਵਿਖੇ 28 ਤੇ 29 ਅਗਸਤ ਨੂੰ ਹਰ ਰੋਜ਼ 2-2 ਸ਼ੋਅ ਕਰਵਾਏ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਗਿਣਤੀ ’ਚ ਸ਼ਾਮਲ ਹੋ ਕੇ ਇਨ੍ਹਾਂ ਪੇਸ਼ਕਾਰੀਆਂ ਦਾ ਅਨੁਭਵ ਹਾਸਲ ਕਰਨ। ਉਨ੍ਹਾਂ ਦੱਸਿਆ ਕਿ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਪ੍ਰੋਗਰਾਮ ਨੂੰ ਸੂਬੇ ਭਰ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪਟਿਆਲਾ ਵਿਖੇ 80 ਕਰੋੜ ਰੁਪਏ ਦੀ ਲਾਗਤ ਨਾਲ ਕਾਲੀ ਮਾਤਾ ਮੰਦਿਰ ਦੇ ਕਰਵਾਏ ਜਾ ਰਹੇ ਵਿਕਾਸ ਤੇ ਰਾਮ ਤੀਰਥ ਅੰਮ੍ਰਿਤਸਰ ਵਿਖੇ ਮਾਤਾ ਸੀਤਾ ਤੇ ਲਵ-ਕੁਸ਼ ਮੰਦਿਰ ਬਣਾਉਣ ਦੀ ਤਜਵੀਜ਼ ’ਤੇ ਚਾਨਣਾ ਵੀ ਪਾਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਫ਼ਲਤਾਪੂਰਵਕ ਢੰਗ ਮਨਾਇਆ ਗਿਆ ਹੈ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਸਾਲ ਭਰ ਮਨਾਇਆ ਜਾ ਰਿਹਾ ਹੈ। ਪਹਿਲੀ ਵਾਰ ਮੌਜੂਦਾ ਸਰਕਾਰ ਵੱਲੋਂ ਭਗਵਾਨ ਪਰਸ਼ੂ ਰਾਮ ਜੈਅੰਤੀ ਨੂੰ ਰਾਜ ਪੱਧਰ ’ਤੇ ਮਨਾਇਆ ਗਿਆ ਹੈ।