ਭੋਗਪੁਰ-ਬੁੱਲੋਵਾਲ ਰੋਡ ਦੀ ਪੁੱਟੀ ਸਾਈਡ ਬਣੀ ਹਾਦਸਿਆਂ ਦਾ ਕਾਰਨ ਭੋਗਪੁਰ-ਬੁਲੋਵਾਲ ਰੋਡ ਦੀ ਪੁੱਟੀ ਸਾਈਡ ਬਣੀ ਹਾਦਸਿਆਂ ਦਾ ਕਾਰਨ
Publish Date: Sun, 23 Aug 2026 07:25 PM (IST)
Updated Date: Sun, 23 Aug 2026 07:27 PM (IST)
ਤਿੰਨ ਦਿਨਾਂ ’ਚ ਤਿੰਨ ਹਾਦਸੇ, ਖ਼ਬਰ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਹੋਣ ’ਤੇ ਲੋਕਾਂ ’ਚ ਰੋਸ ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਗਪੁਰ : ਭੋਗਪੁਰ ਤੋਂ ਬੁੱਲੋਵਾਲ ਨੂੰ ਜਾਣ ਵਾਲੀ ਸੜਕ ਦੇ ਕਿਨਾਰਿਆਂ ਦੀ ਪੁਟਾਈ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਖ਼ਤਰੇ ਦਾ ਕਾਰਨ ਬਣੀ ਹੋਈ ਹੈ। ਸੜਕ ਦੇ ਕਿਨਾਰੇ ਪੁੱਟੇ ਹੋਣ ਕਾਰਨ ਪਿਛਲੇ ਤਿੰਨ ਦਿਨਾਂ ਦੌਰਾਨ ਤਿੰਨ ਭਾਰੀ ਵਾਹਨਾਂ, ਜਿਨ੍ਹਾਂ ’ਚ ਟਰੱਕ ਤੇ ਟਿੱਪਰ ਸ਼ਾਮਲ ਹਨ, ਨਾਲ ਹਾਦਸੇ ਵਾਪਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਹਾਦਸਿਆਂ ਕਾਰਨ ਵਾਹਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ, ਜਦਕਿ ਕੀਮਤੀ ਜਾਨਾਂ ਨੂੰ ਵੀ ਖ਼ਤਰਾ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਅਨੁਸਾਰ ਸੜਕ ਦੇ ਕਿਨਾਰਿਆਂ ਦੀ ਪੁਟਾਈ ਕਾਰਨ ਵਾਹਨ ਚਾਲਕਾਂ ਨੂੰ ਸਾਈਡ ਲੈਂਦੇ ਸਮੇਂ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਰਾਤ ਸਮੇਂ ਸੜਕ ਦੀ ਸਥਿਤੀ ਸਪੱਸ਼ਟ ਨਾ ਹੋਣ ਤੇ ਬਰਸਾਤ ਦੌਰਾਨ ਪਾਣੀ ਭਰਨ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਗੰਭੀਰ ਸਮੱਸਿਆ ਸਬੰਧੀ ਪਹਿਲਾਂ ਵੀ ‘ਪੰਜਾਬੀ ਜਾਗਰਣ’ ਵੱਲੋਂ ਖ਼ਬਰ ਪ੍ਰਕਾਸ਼ਿਤ ਕਰ ਕੇ ਪ੍ਰਸ਼ਾਸਨ ਤੇ ਸਰਕਾਰ ਦਾ ਧਿਆਨ ਦਿਵਾਇਆ ਗਿਆ ਸੀ। ਇਸ ਦੇ ਬਾਵਜੂਦ ਸੜਕ ਦੀ ਸਥਿਤੀ ’ਚ ਕੋਈ ਸੁਧਾਰ ਨਾ ਹੋਣ ਕਾਰਨ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੜਕ ਦੇ ਪੁੱਟੇ ਹੋਏ ਕਿਨਾਰਿਆਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਤੇ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਲੋੜੀਂਦੇ ਸੰਕੇਤਕ ਬੋਰਡ ਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਜਾਣ। ਲੋਕਾਂ ਨੇ ਸਵਾਲ ਕੀਤਾ ਕਿ ਲਗਾਤਾਰ ਹਾਦਸੇ ਵਾਪਰਨ ਤੇ ਮਾਮਲਾ ਖ਼ਬਰਾਂ ਰਾਹੀਂ ਪ੍ਰਸ਼ਾਸਨ ਦੇ ਧਿਆਨ ’ਚ ਆਉਣ ਦੇ ਬਾਵਜੂਦ ਕਾਰਵਾਈ ਕਦੋਂ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਸੜਕ ਨੂੰ ਸੁਰੱਖਿਅਤ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ।