- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮ ਕਥਾਮ੍ਰਿਤ (ਤੀਜਾ ਦਿਨ)

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ‘ਮੰਥਨ’ ਪ੍ਰੋਜੈਕਟ ਦੇ ਸਹਿਯੋਗ ਲਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਈ ਜਾ ਰਹੀ ਸੱਤ ਰੋਜ਼ਾ ਵਿਸ਼ਾਲ ‘ਸ੍ਰੀ ਰਾਮ ਕਥਾ ਅੰਮ੍ਰਿਤ’ ਦੇ ਤੀਜੇ ਦਿਨ ਦਾ ਸਮਾਗਮ ਸ਼ਰਧਾ ਅਤੇ ਭਗਤੀ ਭਾਵ ਨਾਲ ਸੰਪੰਨ ਹੋਇਆ। ਕਥਾ ਵਿਆਸ ਸਾਧਵੀ ਸ਼੍ਰੇਯਾ ਭਾਰਤੀ ਨੇ ਪ੍ਰਭੂ ਸ੍ਰੀ ਰਾਮ ਦੀਆਂ ਬਾਲ ਲੀਲਾਵਾਂ, ਰਿਸ਼ੀ ਵਿਸ਼ਵਾਮਿੱਤਰ ਦੇ ਯੱਗ ਦੀ ਰੱਖਿਆ, ਅਹਿਲਿਆ ਦੇ ਉੱਧਾਰ ਅਤੇ ਸ੍ਰੀ ਰਾਮ-ਸੀਤਾ ਵਿਆਹ ਦੇ ਪ੍ਰਸੰਗਾਂ ਦਾ ਭਾਵਪੂਰਨ ਵਰਣਨ ਕੀਤਾ। ਸੀਤਾ ਸਵੰਬਰ ਤੇ ਸ੍ਰੀ ਰਾਮ-ਸੀਤਾ ਵਿਆਹ ਦੇ ਪ੍ਰਸੰਗ ਦੌਰਾਨ ਪੂਰਾ ਪੰਡਾਲ ‘ਸਿਆਵਰ ਰਾਮਚੰਦਰ ਕੀ ਜੈ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸਾਧਵੀ ਭੈਣਾਂ ਵੱਲੋਂ ਪੇਸ਼ ਕੀਤੇ ਮੰਗਲ ਗੀਤਾਂ ਤੇ ਭਜਨਾਂ ’ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਵਿਆਹ ਦਾ ਉਤਸਵ ਮਨਾਇਆ।
ਸਾਧਵੀ ਸ਼੍ਰੇਯਾ ਭਾਰਤੀ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਦੀਆਂ ਬਾਲ ਲੀਲਾਵਾਂ ਮਨੁੱਖਤਾ ਨੂੰ ਅਨੁਸ਼ਾਸਨ, ਸਤਿਕਾਰ ਅਤੇ ਚੰਗੇ ਸੰਸਕਾਰਾਂ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੂਰਨ ਸਤਿਗੁਰੂ ਸ਼ਿਸ਼ ਦੇ ਅੰਦਰਲੀਆਂ ਦਿਵਯ ਸਮਰੱਥਾਵਾਂ ਨੂੰ ਜਗਾਉਂਦਾ ਹੈ ਤੇ ਬ੍ਰਹਮਗਿਆਨ ਰਾਹੀਂ ਮਨੁੱਖ ਨੂੰ ਅਗਿਆਨਤਾ ਤੋਂ ਮੁਕਤ ਕਰਦਾ ਹੈ। ਸ਼ਿਵ ਧਨੁਸ਼ ਨੂੰ ਹੰਕਾਰ ਦਾ ਪ੍ਰਤੀਕ ਦੱਸਦਿਆਂ ਉਨ੍ਹਾਂ ਨੌਜਵਾਨਾਂ ਨੂੰ ਮਰਿਆਦਾ, ਤਿਆਗ ਅਤੇ ਸਮਰਪਣ ’ਤੇ ਆਧਾਰਿਤ ਆਦਰਸ਼ ਗ੍ਰਹਿਸਥ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ‘ਮੰਥਨ’ ਪ੍ਰੋਜੈਕਟ ਰਾਹੀਂ ਵਾਂਝੇ ਵਰਗ ਦੇ ਬੱਚਿਆਂ ਨੂੰ ਸਿੱਖਿਆ ਅਤੇ ਚੰਗੇ ਸੰਸਕਾਰ ਦੇਣ ਵਿੱਚ ਸਹਿਯੋਗ ਦੀ ਅਪੀਲ ਵੀ ਕੀਤੀ। ਸਮਾਗਮ ਦੀ ਸ਼ੁਰੂਆਤ ਵਿਧੀਵਤ ਪੂਜਨ ਤੇ ਪਾਵਨ ਜੋਤ ਜਗਾਉਣ ਨਾਲ ਹੋਈ। ਇਸ ਮੌਕੇ ਮੁੱਖ ਯਜਮਾਨ ਗੌਤਮ ਕੁਕਰੇਜਾ, ਸੋਨੂੰ ਕੁਕਰੇਜਾ, ਗੌਰਵ ਕੁਕਰੇਜਾ, ਪ੍ਰੀਤੀ ਕੁਕਰੇਜਾ ਸਮੇਤ ਰੋਜ਼ਾਨਾ ਦੇ ਯਜਮਾਨਾਂ ਨੇ ਪਰਿਵਾਰਾਂ ਸਮੇਤ ਪੂਜਨ ਕੀਤਾ। ਸ੍ਰੀ ਆਰਤੀ ਮੌਕੇ ਅਨਿਲ ਯਾਦਵ (ਬੀਐਸਐਫ ਕਮਾਂਡੈਂਟ), ਰਾਕੇਸ਼ ਰਾਠੌਰ, ਮਨੋਰੰਜਨ ਕਾਲੀਆ, ਰਮਨ ਪੱਬੀ, ਸਾਹਿਲ ਸ਼ਰਮਾ, ਮੁਨੀਸ਼ ਸ਼ਰਮਾ, ਗੁਰਮਿੰਦਰ ਸਿੰਘ ਅਤੇ ਰਾਕੇਸ਼ ਮਹਾਜਨ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।