- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਤਾ ਦੀ ਭੁੱਖ ਵਿੱਚ ਮੁੜ ਯਾਦ ਆਈ ਪੁਰਾਣੀ ਦੋਸਤੀ, ਪਰ ਪੰਜਾਬ ਦੀ ਜਨਤਾ ਇੰਨੀ ਵੀ ਭੋਲੀ ਨਹੀਂ : ਅਮ੍ਰਿਤਪਾਲ ਸਿੰਘ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ: ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ ਅਮ੍ਰਿਤਪਾਲ ਸਿੰਘ ਨੇ ਅਕਾਲੀ ਦਲ ਤੇ ਭਾਜਪਾ ਦੇ ਸੰਭਾਵਿਤ ਗਠਜੋੜ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਦੋਵਾਂ ਪਾਰਟੀਆਂ ਦੇ ਪੁਰਾਣੇ ਸਿਆਸੀ ਰਿਸ਼ਤਿਆਂ ਤੇ ਉਨ੍ਹਾਂ ਦੇ ਸ਼ਾਸਨਕਾਲ ਨੂੰ ਕਦੇ ਨਹੀਂ ਭੁੱਲ ਸਕਦੀ। ਪੰਜਾਬ ’ਚ ਨਸ਼ੇ ਵਰਗੀ ਗੰਭੀਰ ਸਮਾਜਿਕ ਬੁਰਾਈ ਨੂੰ ਜਨਮ ਦੇਣ ਤੇ ਇਸ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ। ਉਸ ਸਮੇਂ ਸੱਤਾ ’ਚ ਭਾਈਵਾਲ ਹੋਣ ਦੇ ਬਾਵਜੂਦ ਦੋਵੇਂ ਪਾਰਟੀਆਂ ਇਸ ਸਮੱਸਿਆ ਨੂੰ ਖ਼ਤਮ ਕਰਨ ’ਚ ਨਾਕਾਮ ਰਹੀਆਂ। ਅੱਜ ਸੱਤਾ ਦੀ ਲਾਲਸਾ ’ਚ ਇਕ ਵਾਰ ਫਿਰ ਹੱਥ ਮਿਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੰਮ੍ਰਿਤਪਾਲ ਸਿੰਘ ਨੇ ਸਵਾਲ ਉਠਾਇਆ ਕਿ ਜਦੋਂ ਅਕਾਲੀ ਦਲ ਤੇ ਭਾਜਪਾ ਸੱਤਾ ’ਚ ਸਨ, ਉਸ ਸਮੇਂ ਪੰਜਾਬ ’ਚ ਨਸ਼ੇ ਕਿਵੇਂ ਫੈਲੇ? ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਠੋਸ ਕਦਮ ਕਿਉਂ ਨਹੀਂ ਚੁੱਕੇ ਗਏ? ਅੱਜ ਜਦੋਂ ਸਿਆਸੀ ਜ਼ਮੀਨ ਖਿਸਕਦੀ ਦਿਖਾਈ ਦੇ ਰਹੀ ਹੈ ਤਾਂ ਪੁਰਾਣੀ ਦੋਸਤੀ ਤੇ ਗਠਜੋੜ ਦੀ ਯਾਦ ਆਉਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਹੁਣ ਪੁਰਾਣੇ ਗਠਜੋੜਾਂ, ਸੱਤਾ ਦੇ ਸਮਝੌਤਿਆਂ ਤੇ ਕੁਰਸੀ ਦੀ ਲਾਲਸਾ ਨਾਲ ਨਹੀਂ, ਸਗੋਂ ਵਿਕਾਸ, ਇਮਾਨਦਾਰੀ ਤੇ ਲੋਕ ਸੇਵਾ ਨਾਲ ਚੱਲੇਗੀ। ਪੰਜਾਬ ਦੀ ਜਨਤਾ ਸਭ ਕੁਝ ਜਾਣਦੀ ਹੈ। ਨਸ਼ਿਆਂ ਦਾ ਸੰਤਾਪ ਹੰਢਾ ਚੁੱਕੇ ਪਰਿਵਾਰ ਇਨ੍ਹਾਂ ਪਾਰਟੀਆਂ ਦੇ ਸ਼ਾਸਨਕਾਲ ਨੂੰ ਨਹੀਂ ਭੁੱਲੇ। ਸੱਤਾ ਹਾਸਲ ਕਰਨ ਲਈ ਮੁੜ ਹੱਥ ਮਿਲਾਉਣ ਨਾਲ ਪੁਰਾਣੀਆਂ ਜ਼ਿੰਮੇਵਾਰੀਆਂ ਖ਼ਤਮ ਨਹੀਂ ਹੋ ਜਾਂਦੀਆਂ। ਆਉਣ ਵਾਲੀਆਂ ਚੋਣਾਂ ’ਚ ਪੰਜਾਬ ਦੀ ਜਨਤਾ ਆਪਣੇ ਵੋਟ ਦੀ ਤਾਕਤ ਨਾਲ ਇਨ੍ਹਾਂ ਪਾਰਟੀਆਂ ਨੂੰ ਕਰਾਰਾ ਜਵਾਬ ਦੇਵੇਗੀ।