ਮੇਅਰ ਲਈ ਸੌਖਾ ਨਹੀਂ ਨਾਰਥ ਹਲਕੇ ਦਾ ਰਾਹ, ਸਮੱਸਿਆਵਾਂ ਨਾਲ ਨਜਿੱਠਣਾ ਵੱਡੀ ਚੁਣੌਤੀ ਮੇਅਰ ਲਈ ਆਸਾਨ ਨਹੀਂ ਨਾਰਥ ਹਲਕੇ ਦੀ ਰਾਹ, ਸਮੱਸਿਆਵਾਂ ਨਾਲ ਨਜਿੱਠਣਾ ਵੱਡੀ ਚੁਣੌਤੀ
Publish Date: Wed, 29 Jul 2026 10:37 PM (IST)
Updated Date: Wed, 29 Jul 2026 10:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਾਰਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਨਿਯੁਕਤ ਕੀਤੇ ਗਏ ਮੇਅਰ ਵਨੀਤ ਧੀਰ ਦੇ ਸਾਹਮਣੇ ਕਈ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਗਏ ਦਿਨੇਸ਼ ਢੱਲ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ। ਇਸ ਦੇ ਨਾਲ ਹੀ ਟਿਕਟ ਤੇ ਦਾਅਵਾ ਕਰ ਰਹੇ ਕਈ ਪਾਰਟੀ ਆਗੂਆਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਚੁਣੌਤੀ ਰਹੇਗੀ। ਇਸ ਵਿਚਾਲੇ ਅਗਲੇ ਛੇ ਮਹੀਨਿਆਂ ਵਿੱਚ ਲੋਕਾਂ ਦਾ ਭਰੋਸਾ ਜਿੱਤਣ ਲਈ ਨਾਰਥ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਪੱਟੜੀ ਤੇ ਲਿਆਉਣਾ ਹੋਵੇਗਾ। ਖ਼ਾਸ ਤੌਰ ਤੇ ਨਾਰਥ ਹਲਕੇ ਦੀਆਂ ਸਲੱਮ ਬਸਤੀਆਂ ਵਿੱਚ ਮੌਜੂਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ ਹੋਵੇਗਾ। ਨਾਰਥ ਹਲਕੇ ਦਾ ਲਗਭਗ 70 ਫ਼ੀਸਦੀ ਇਲਾਕਾ ਸਲੱਮ ਹੈ, ਜਿੱਥੇ ਸੀਵਰੇਜ ਜਾਮ ਅਤੇ ਸਫ਼ਾਈ ਵਰਗੀਆਂ ਸਮੱਸਿਆਵਾਂ ਸਭ ਤੋਂ ਵੱਧ ਹਨ। ਇਸ ਦੇ ਨਾਲ ਹੀ ਉਦਯੋਗਿਕ ਖੇਤਰਾਂ ਵਿੱਚ ਵਿਕਾਸ ਕਾਰਜ ਕਰਵਾਉਣਾ ਵੀ ਜ਼ਰੂਰੀ ਹੋਵੇਗਾ। ਫੋਕਲ ਪੁਆਇੰਟ ਅਤੇ ਇਸ ਨਾਲ ਲੱਗਦੇ ਗਦਈਪੁਰ, ਰਾਜਾ ਗਾਰਡਨ, ਟਰਾਂਸਪੋਰਟ ਨਗਰ, ਇੰਡਸਟਰੀਅਲ ਅਸਟੇਟ ਅਤੇ ਇੰਡਸਟਰੀਅਲ ਏਰੀਆ ਵਿੱਚ ਕਈ ਸਾਲਾਂ ਤੋਂ ਸੜਕਾਂ ਅਤੇ ਸੀਵਰੇਜ ਦੀ ਸਮੱਸਿਆ ਬਣੀ ਹੋਈ ਹੈ। ਮਕਸੂਦਾਂ ਮੰਡੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਹਨ। ਨਾਰਥ ਵਿਧਾਨ ਸਭਾ ਹਲਕੇ ’ਚ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਕਈ ਪੁਰਾਣੀਆਂ ਸਮੱਸਿਆਵਾਂ ਮੇਅਰ ਲਈ ਵੱਡੀ ਚੁਣੌਤੀ ਬਣਨਗੀਆਂ। ਹਲਕਾ ਇੰਚਾਰਜ ਦੀ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਹੁਣ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਸਿੱਧੀ ਜਵਾਬਦੇਹੀ ਮੇਅਰ ਤੇ ਆ ਗਈ ਹੈ। ਨਾਰਥ ਹਲਕੇ ਦੇ ਕੁਝ ਇਲਾਕੇ ਤਾਂ ਪਿਛਲੇ ਤਿੰਨ ਸਾਲਾਂ ਤੋਂ ਪਾਣੀ ਭਰਨ ਅਤੇ ਸੀਵਰੇਜ ਜਾਮ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹਲਕਾ ਵਿਧਾਇਕ ਬਾਵਾ ਹੈਨਰੀ ਅਤੇ ਭਾਜਪਾ ਦੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਵੀ ਇਨ੍ਹਾਂ ਸਮੱਸਿਆਵਾਂ ਨੂੰ ਕਈ ਵਾਰ ਮੇਅਰ ਅਤੇ ਪ੍ਰਸ਼ਾਸਨ ਦੇ ਸਾਹਮਣੇ ਉਠਾ ਚੁੱਕੇ ਹਨ। ਇਸ ਤੇ ਕੰਮ ਵੀ ਕੀਤਾ ਗਿਆ ਹੈ ਪਰ ਜ਼ਮੀਨੀ ਪੱਧਰ ਤੇ ਵੱਡਾ ਬਦਲਾਅ ਨਜ਼ਰ ਨਹੀਂ ਆਇਆ। ਹੁਣ ਮੇਅਰ ਨੂੰ ਅਗਲੇ ਛੇ ਮਹੀਨਿਆਂ ਦੇ ਅੰਦਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣਾ ਹੋਵੇਗਾ। ਸਭ ਤੋਂ ਵੱਡੀ ਚੁਣੌਤੀ ਫੰਡਾਂ ਦੀ ਘਾਟ, ਠੇਕੇਦਾਰਾਂ ਦੀ ਲਾਪਰਵਾਹੀ ਅਤੇ ਵਿਭਾਗਾਂ ਵਿਚਕਾਰ ਤਾਲਮੇਲ ਦੀ ਕਮੀ ਨੂੰ ਦੂਰ ਕਰਨਾ ਹੋਵੇਗੀ। ਇਸ ਦੇ ਨਾਲ ਹੀ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਏ ਗਏ ਦਿਨੇਸ਼ ਢੱਲ ਦਾ ਸਮਰਥਨ ਵੀ ਹਾਸਲ ਕਰਨਾ ਹੋਵੇਗਾ। ਢੱਲ ਦੀ ਟੀਮ ਕਾਫ਼ੀ ਮਜ਼ਬੂਤ ਹੈ ਅਤੇ ਉਨ੍ਹਾਂ ਤੋਂ ਬਿਨਾਂ ਵੱਡੇ ਪੱਧਰ ਤੇ ਜਨਸੰਪਰਕ ਕਰਨਾ ਆਸਾਨ ਨਹੀਂ ਹੋਵੇਗਾ। ਮੇਅਰ ਨੂੰ ਹੁਣ ਸਾਰੇ ਕੌਂਸਲਰਾਂ, ਅਧਿਕਾਰੀਆਂ ਅਤੇ ਸਾਬਕਾ ਇੰਚਾਰਜ ਦੀ ਟੀਮ ਨੂੰ ਨਾਲ ਲੈ ਕੇ ਇੱਕ ਐਕਸ਼ਨ ਪਲਾਨ ਤਿਆਰ ਕਰਨਾ ਹੋਵੇਗਾ।