- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਜਰਜਰ ਹਾਲਤ ’ਚ ਹੈ ਜਲੰਧਰ ਦੀ ਇਤਿਹਾਸਕ ‘ਕਾਰ ਵਾਲੀ ਕੋਠੀ’ ਦੀ ਇਮਾਰਤ

ਕਿਸੇ ਵੱਲੋਂ ਆਲੀਸ਼ਾਨ ਇਮਾਰਤਾਂ ਦੀ ਗਿਣਤੀ ’ਚ ਆਉਂਦੀ ਸੀ ਇਹ ਕੋਠੀ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਢੰਨ ਮੁਹੱਲੇ ਤੋਂ ਜਾਂਦੇ ਹੋਏ ਇਕਹਿਰੀ ਪੁਲੀ ਵੱਲ ਮੁੜਨ ਤੋਂ ਪਹਿਲਾਂ ਪੁਰਾਣੀ ਰੇਲਵੇ ਰੋਡ ’ਤੇ ਸੜਕ ਦੇ ਕੋਨੇ ’ਤੇ ਬਣੀ ਹੋਈ ਕਾਰ ਵਾਲੀ ਕੋਠੀ ਜੋ ਕਿ ਕਿਸੇ ਵੇਲੇ ਜਲੰਧਰ ਦੀਆਂ ਪ੍ਰਸਿੱਧ ਅਤੇ ਆਲੀਸ਼ਾਨ ਇਮਾਰਤਾਂ ’ਚ ਗਿਣੀ ਜਾਂਦੀ ਸੀ, ਅੱਜ ਇੱਕ ਖਸਤਾ ਇਮਾਰਤ ਦਾ ਰੂਪ ਲੈ ਚੁੱਕੀ ਹੈ। ਇਸ ਦੇ ਹੇਠਾਂ ਬੇਸ਼ੱਕ ਦੁਕਾਨਾਂ ਵੀ ਹਨ ਪਰ ਅੱਜ ਉਸ ਦੀ ਪਹਿਲੀ ਵਾਲੀ ਦਿੱਖ ਨਹੀਂ ਰਹੀ ਹੈ, ਜੇਕਰ ਸਮੇਂ ਦੇ ਨਾਲ ਨਾਲ ਬਦਲਦੇ ਗਏ ਇਸ ਦੇ ਮਾਲਕ ਚਾਹੁੰਦੇ ਤਾਂ ਇਸ ਨੂੰ ਸੰਭਾਲ ਸਕਦੇ ਸਨ ਤੇ ਇਸ ਦੀ ਇਤਿਹਾਸਕ ਦਿੱਖ ਨੂੰ ਬਰਕਰਾਰ ਰੱਖ ਸਕਦੇ ਸਨ ਪਰ ਅਜਿਹਾ ਨਹੀਂ ਹੋਇਆ। ਇਸ ਸਬੰਧੀ ਇਸ ਇਲਾਕੇ ’ਚ ਕਾਫੀ ਸਾਲਾਂ ਤੋਂ ਦੁਕਾਨਦਾਰੀ ਕਰ ਰਹੇ ਦੁਕਾਨਦਾਰਾਂ ਵਿਪਨ ਕੁਮਾਰ, ਗੁਲਸ਼ਨ ਮਦਾਨ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਵੀ ਬਜ਼ੁਰਗਾਂ ਤੋਂ ਹੀ ਪਤਾ ਲੱਗਾ ਸੀ ਕਿ ਇਹ ਕੋਠੀ ਤਕਰੀਬਨ 1932 ਤੋਂ 40 ਦੇ ਵਿਚਕਾਰ ਹੀ ਰੁਲਿਆ ਰਾਮ ਕਪੂਰ ਨੇ ਬਣਾਈ ਸੀ। ਉਨ੍ਹਾਂ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਲੜਕੇ ਨੇ ਸੰਭਾਲੀ। ਕੋਠੀ ਅੰਦਰ ਉੱਪਰ ਹੇਠਾਂ ਕਮਰੇ ਸਨ। ਕਾਰ ਦੇ ਸ਼ੀਸ਼ੇ ਅਤੇ ਲਾਈਟਾਂ ਰਾਤ ਨੂੰ ਜਗਦੀਆਂ ਸਨ ਤੇ ਸ਼ੇਵਰਲੇ ਕਾਰ ਦੀ ਪੂਰੀ ਚਮਕ ਪੇਸ਼ ਕਰਦੀਆਂ ਸਨ। ਪਹਿਲਾਂ ਇਸ ਦਾ ਰੰਗ ਕਾਲਾ ਸੀ ਤੇ ਬਾਅਦ ’ਚ ਇਸ ’ਤੇ ਗੁਲਾਬੀ ਫਿਰ ਪੀਲਾ ਰੰਗ ਕਰ ਦਿੱਤਾ ਗਿਆ। ਫਿਰ ਮਾਲਕ ਬਦਲਦੇ ਗਏ ਤੇ ਇਸ ਕੋਠੀ ’ਚ ਰਾਜ ਸ੍ਰੀ ਫ਼ਿਲਮ ਦਾ ਦਫ਼ਤਰ ਖੁੱਲ੍ਹ ਗਿਆ ਤੇ ਫਿਰ ਬਿਜਲੀ ਘਰ ਖੁੱਲ੍ਹ ਗਿਆ। ਇਸੇ ਤਰ੍ਹਾਂ ਮਾਲਕਾਂ ਬਦਲਦੇ ਗਏ ਪਰ ਕੋਠੀ ਦੇ ਹਾਲਾਤ ਨਹੀਂ ਬਦਲੇ। ਕਾਫੀ ਸਾਲਾਂ ਤੱਕ ਇਹ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਕੋਠੀ ਦੇ ਉੱਪਰੀ ਹਿੱਸੇ ’ਚ ਪੁਰਾਣੀ ਵਿੰਟੇਜ਼ ਕਾਰ ਦਾ ਮਾਡਲ ਬਣਿਆ ਹੋਣ ਕਰਕੇ ਹੀ ਇਸ ਦਾ ਨਾਮ ਵੀ ਕਾਰ ਵਾਲੀ ਕੋਠੀ ਰੱਖਿਆ ਗਿਆ ਸੀ।ਇਨ੍ਹਾਂ ਦੁਕਾਨਦਾਰਾਂ ਦੱਸਿਆ ਕਿ ਕਿਸੇ ਵੇਲੇ ਇਹ ਕੋਠੀ ਜਲੰਧਰ ਦੀਆਂ ਆਲੀਸ਼ਾਨ ਇਮਾਰਤਾਂ ਅਤੇ ਘਰਾਂ ’ਚ ਗਿਣੀ ਜਾਂਦੀ ਸੀ ਤੇ ਲੋਕ ਅਤੇ ਸਕੂਲ ਦੇ ਬੱਚੇ ਦੂਰੋਂ ਦੂਰੋਂ ਇਸ ਕੋਠੀ ਨੂੰ ਵੇਖਣ ਲਈ ਆਉਂਦੇ ਸਨ ਇੱਥੋਂ ਤੱਕ ਕੀ ਐਨ.ਆਰ.ਆਈ ਵੀ ਖ਼ਾਸ ਤੌਰ ’ਤੇ ਇਸ ਕੋਠੀ ਨੂੰ ਵੇਖਣ ਲਈ ਆਉਂਦੇ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਵਿਅਕਤੀ ਸੰਤ ਸਿਨੇਮਾ ਵਿਖੇ ਫ਼ਿਲਮ ਵੇਖਣ ਲਈ ਆਉਂਦਾ ਸੀ ਤੇ ਉਹ ਫ਼ਿਲਮ ਖ਼ਤਮ ਹੋਣ ਤੋਂ ਬਾਅਦ ਇਸ ਕੋਠੀ ਨੂੰ ਵੇਖਣ ਲਈ ਹੀ ਇਸੇ ਪਾਸੀਓ ਖ਼ਾਸ ਤੌਰ ’ਤੇ ਹੋ ਕੇ ਲੰਘਦਾ ਸੀ ਤਾਂ ਕਿ ਇਸ ਦੀ ਇੱਕ ਝਲਕ ਪਾ ਸਕੇ। ਕੁੱਝ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਕੋਠੀ ’ਚ ਇੱਕ ਉਰਦੂ ਅਖ਼ਬਾਰ ਦਾ ਦਫ਼ਤਰ ਵੀ ਰਿਹਾ ਸੀ। ਇਸ ਕੋਠੀ ’ਚ ਬਣੇ ਬਿਜਲੀ ਵਿਭਾਗ ਦੇ ਦਫ਼ਤਰ ’ਚ ਤੇ ਕਈ ਲੋਕ ਬਿਜਲੀ ਦੇ ਬਿੱਲ ਵੀ ਜਮ੍ਹਾਂ ਕਰਵਾਉਣ ਜਾਂਦੇ ਰਹੇ ਜੋ ਕਿ ਅੱਜ ਵੀ ਉਨ੍ਹਾਂ ਨੂੰ ਯਾਦ ਹੈ। ਇਸ ਕੋਠੀ ਦੇ ਅੱਜ ਦੇ ਹਾਲਾਤ ਵੇਖੇ ਜਾਣ ’ਤੇ ਇਸ ਇਮਾਰਤ ਦੀ ਹਾਲਤ ਕਾਫੀ ਖ਼ਰਾਬ ਹੈ ਪਰ ਅਜੇ ਵੀ ਇਸ ਦੇ ਉੱਪਰ ਕਾਰ ਦੀ ਦਿੱਖ ਬਰਕਰਾਰ ਹੈ। ਕੁਝ ਹਿੱਸਿਆਂ ਤੋਂ ਕਾਰ ਦੀ ਦਿੱਖ ਖ਼ਰਾਬ ਜ਼ਰੂਰ ਹੋਈ ਹੈ ਪਰ ਅੱਜ ਵੀ ਇਸ ਨੂੰ ਵੇਖਣ ’ਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦੇ ਮਾਲਕਾਂ ਬਾਰੇ ’ਤੇ ਨਹੀਂ ਪਤਾ ਸ਼ਾਇਦ ਉਹ ਵਿਦੇਸ਼ ਚਲੇ ਗਏ ਸਨ ਪਰ ਜੇਕਰ ਇਸ ਇਤਿਹਾਸਕ ਇਮਾਰਤ ਦੀ ਦੇਖਭਾਲ ਕੀਤੀ ਜਾਂਦੀ ਤੇ ਇਹ ਇਸ ਦੀ ਪਹਿਲਾਂ ਵਾਲੀ ਦਿੱਖ ਬਰਕਰਾਰ ਰੱਖੀ ਜਾ ਸਕਦੀ ਸੀ| ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਅਸਲੀ ਤਸਵੀਰ ਬੇਸ਼ੱਕ ਧੁੰਦਲੀ ਹੋ ਗਈ ਹੈ ਪਰ ਇਸ ਨਾਲ ਜੁੜੀਆਂ ਯਾਦਾਂ ਅੱਜ ਵੀ ਇਸ ਨੂੰ ਵੇਖਣ ’ਤੇ ਤਾਜ਼ੀਆਂ ਹੋ ਜਾਂਦੀਆਂ ਹਨ।