ਨਗਰ ਨਿਗਮ ਤੋਂ ਲੈ

ਨਗਰ ਨਿਗਮ ਤੋਂ ਲੈ ਕੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੱਕ ਚੁੱਕੀ ਆਵਾਜ਼, ਵਿਰੋਧੀਆਂ ਨੇ ਲਾਏ ਗੰਭੀਰ ਦੋਸ਼
ਸੁਕਰਾਤ, ਜਾਗਰਣ, ਜਲੰਧਰ
ਫਗਵਾੜਾ ’ਚ ਗੋਲੀ ਮਾਰ ਕੇ ਕਤਲ ਕੀਤੇ ਗਏ ਆਰਟੀਆਈ ਕਾਰਕੁੰਨ ਸਿਮਰਨਜੀਤ ਸਿੰਘ ਦਾ ਨਾਂ ਪਿਛਲੇ ਕੁਝ ਸਾਲਾਂ ਤੋਂ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ’ਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿੱਥੇ ਇੱਕ ਪਾਸੇ ਉਹ ਆਪਣੇ-ਆਪ ਨੂੰ ਭ੍ਰਿਸ਼ਟਾਚਾਰ ਤੇ ਪ੍ਰਸ਼ਾਸਨਿਕ ਬੇਨਿਯਮੀਆਂ ਵਿਰੁੱਧ ਲੜਨ ਵਾਲਾ ਆਰਟੀਆਈ ਕਾਰਕੁੰਨ ਦੱਸਦਾ ਹੈ, ਉੱਥੇ ਹੀ ਦੂਜੇ ਪਾਸੇ ਕਈ ਮਾਮਲਿਆਂ ’ਚ ਉਸ ਖ਼ਿਲਾਫ਼ ਦੋਸ਼ ਤੇ ਵਿਵਾਦ ਵੀ ਸਾਹਮਣੇ ਆਉਂਦੇ ਰਹਿੰਦੇ ਹਨ।
ਸਿਮਰਨਜੀਤ ਸਿੰਘ ਨੇ ਨਗਰ ਨਿਗਮ, ਸਥਾਨਕ ਪ੍ਰਸ਼ਾਸਨ ਤੇ ਕਈ ਸਰਕਾਰੀ ਵਿਭਾਗਾਂ ਵਿਰੁੱਧ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਕਈ ਸ਼ਿਕਾਇਤਾਂ ਤੇ ਅਰਜ਼ੀਆਂ ਦਾਇਰ ਕੀਤੀਆਂ ਸਨ। ਉਨ੍ਹਾਂ ਜਲੰਧਰ ਨਗਰ ਨਿਗਮ ਦੀ ਕਾਰਜਪ੍ਰਣਾਲੀ, ਨਿਰਮਾਣ ਪ੍ਰਾਜੈਕਟਾਂ ਤੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਕਈ ਸਵਾਲ ਖੜ੍ਹੇ ਕੀਤੇ। ਹਾਲ ਹੀ ’ਚ ਉਨ੍ਹਾਂ ਨੇ ਜਲੰਧਰ ਦੇ ਮੇਅਰ ਖ਼ਿਲਾਫ਼ ਲਾਲ-ਨੀਲੀਆਂ ਬੱਤੀਆਂ ਤੇ ਸਰਕਾਰੀ ਪ੍ਰੋਟੋਕੋਲ ਦੀ ਦੁਰਵਰਤੋਂ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੌਰਾਨ ਨਗਰ ਨਿਗਮ ਪ੍ਰਸ਼ਾਸਨ ਨਾਲ ਉਨ੍ਹਾਂ ਦਾ ਟਕਰਾਅ ਵੀ ਸਾਹਮਣੇ ਆਇਆ।
ਸਾਲ 2025 ’ਚ ਨਗਰ ਨਿਗਮ ਪ੍ਰਸ਼ਾਸਨ ਨੇ ਉਸ ਦੇ ਨਿਗਮ ਦਫ਼ਤਰ ’ਚ ਦਾਖ਼ਲ ਹੋਣ ’ਤੇ ਪਾਬੰਦੀ ਲਾ ਦਿੱਤੀ ਸੀ। ਪ੍ਰਸ਼ਾਸਨ ਦਾ ਦੋਸ਼ ਹੈ ਕਿ ਉਸ ਨੇ ਬਿਨਾਂ ਮਨਜ਼ੂਰੀ ਦਸਤਾਵੇਜ਼ਾਂ ਦੀਆਂ ਫੋਟੋਆਂ ਖਿੱਚ ਲਈਆਂ ਤੇ ਮੁਲਾਜ਼ਮਾਂ ਨਾਲ ਮਾੜਾ ਸਲੂਕ ਕੀਤਾ, ਜਦਕਿ ਸਿਮਰਨਜੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਪਰਦਾਫਾਸ਼ ਕਰਨ ਤੋਂ ਰੋਕਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿਮਰਨਜੀਤ ਸਿੰਘ ਅਕਸਰ ਹੀ ਸੋਸ਼ਲ ਮੀਡੀਆ ਤੇ ਲੋਕ ਹਿੱਤ ਸ਼ਿਕਾਇਤਾਂ ਰਾਹੀਂ ਵੱਖ-ਵੱਖ ਸਰਕਾਰੀ ਅਧਿਕਾਰੀਆਂ ਤੇ ਵਿਭਾਗਾਂ ਵਿਰੁੱਧ ਮੁੱਦੇ ਉਠਾਉਂਦੇ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਉਹ ਪ੍ਰਸ਼ਾਸਨਿਕ ਪਾਰਦਰਸ਼ਤਾ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ’ਤੇ ਆਰਟੀਆਈ ਨੂੰ ਦਬਾਅ ਦੇ ਹਥਿਆਰ ਵਜੋਂ ਵਰਤਣ ਦਾ ਦੋਸ਼ ਵੀ ਲਾਇਆ।
ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨੇ ਤਾਂ ਜਨਤਕ ਤੌਰ ’ਤੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੁਲਾਜ਼ਮਾਂ ਵੱਲੋਂ ਉਸ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਤੇ ਉਸ ’ਤੇ ਅਧਿਕਾਰੀਆਂ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਸਨ। ਸਿਮਰਨਜੀਤ ਸਿੰਘ ਦਾ ਨਾਂ ਉਸ ਵੇਲੇ ਵੀ ਸੁਰਖੀਆਂ ’ਚ ਆਇਆ ਸੀ ਜਦੋਂ ਉਸ ’ਤੇ ਜਾਨਲੇਵਾ ਹਮਲਾ ਹੋਇਆ ਸੀ। ਮਾਡਲ ਟਾਊਨ ਇਲਾਕੇ ’ਚ ਜਿਮ 'ਚੋਂ ਬਾਹਰ ਆਉਂਦੇ ਸਮੇਂ 2 ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਦੌਰਾਨ ਉਹ ਵਾਲ-ਵਾਲ ਬਚ ਗਿਆ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਤੇ ਇਸ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਅਦਾਲਤ ’ਚ ਪਟੀਸ਼ਨ ਵੀ ਦਾਇਰ ਕਰ ਕੇ ਕਿਹਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਹਾਲ ਹੀ ’ਚ ਹੋਏ ਕਤਲ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਸੁਰਖੀਆਂ ’ਚ ਹੈ ਤੇ ਪੁਲਿਸ ਉਨ੍ਹਾਂ ਸਾਰੇ ਵਿਵਾਦਾਂ, ਸ਼ਿਕਾਇਤਾਂ ਤੇ ਪੁਰਾਣੀਆਂ ਰੰਜਿਸ਼ਾਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨਾਲ ਸਿਮਰਨਜੀਤ ਸਿੰਘ ਦਾ ਨਾਂ ਜੁੜਿਆ ਹੋਇਆ ਸੀ।