ਪਰਮਿੰਦਰ ਝੋਟੇ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ : ਫਿਲੌਰ
ਪਰਮਿੰਦਰ ਝੋਟੇ ਦਾ ਕਤਲ ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਦੀ ਸ਼ਹਿ ਨੂੰ ਪ੍ਰਗਟ ਕਰਦਾ ਹੈ ਲੋਕ ਇਨਸਾਫ਼ ਮੰਚ
Publish Date: Tue, 13 Oct 2026 06:38 PM (IST)
Updated Date: Tue, 13 Oct 2026 06:39 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਮਾਨਸਾ ’ਚ ਨਸ਼ਿਆਂ ਖ਼ਿਲਾਫ਼ ਮਿਸ਼ਨ ਤਹਿਤ ਡੱਟ ਕੇ ਲੜਨ ਵਾਲੇ ਨੌਜਵਾਨ ਆਗੂ ਪਰਮਿੰਦਰ ਸਿੰਘ ਝੋਟੇ ਦਾ ਦਿਨ-ਦਹਾੜੇ ਕੀਤਾ ਗਿਆ ਕਤਲ ਸੂਬੇ ਦੀ ਅਮਨ-ਕਾਨੂੰਨ ਦੀ ਬਦਤਰ ਹਾਲਤ ਨੂੰ ਬਿਆਨ ਕਰਦਾ ਹੈ। ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਇਸ ਘਿਨਾਉਣੇ ਕਤਲ ਕਾਂਡ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਸਮਾਜ ਸੁਧਾਰਕਾਂ ਨੂੰ ਸ਼ਰੇਆਮ ਨਿਸ਼ਾਨਾ ਬਣਾਉਣਾ ਸਰਕਾਰੀ ਸੁਰੱਖਿਆ ਪ੍ਰਬੰਧਾਂ ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਮੰਗ ਕੀਤੀ ਕਿ ਪਰਮਿੰਦਰ ਝੋਟੇ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ, ਪੀੜਤ ਪਰਿਵਾਰ ਨੂੰ ਢੁੱਕਵਾਂ ਵਿੱਤੀ ਮੁਆਵਜ਼ਾ ਤੇ ਸੁਰੱਖਿਆ ਦਿੱਤੀ ਜਾਵੇ ਤੇ ਇਕ ਮੈਂਬਰ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ। ਮੰਚ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਤੇ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਸਕੱਤਰ ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਸੰਦੀਪ ਫਿਲੌਰ, ਡਾਕਟਰ ਅਸ਼ੋਕ ਫਿਲੌਰ, ਹਨੀ ਸੰਤੋਖਪੁਰਾ, ਅਮਰਜੀਤ ਲਾਡੀ ਮਹਿਸਮਪੁਰ, ਸੁਨੀਲ ਗੰਨਾ ਪਿੰਡ, ਅਕਾਸ਼ ਸੰਧੂ, ਅਰਸ਼ਪ੍ਰੀਤ ਗੂਰੂ, ਸੁਰਿੰਦਰ ਮਾਹਲਾ, ਸਰੂਪ ਕਲੇਰ, ਜੋਗਿੰਦਰ ਪਾਲ ਕਾਲਾ ਆਦਿ ਹਾਜ਼ਰ ਸਨ।