ਹੰਸਰਾਜ ਯਾਦਗਾਰੀ ਕੰਪਲੈਕਸ ਦੇ ਭਖੇ ਹੋਏ ਮਸਲੇ ਸਬੰਧੀ ਵਫ਼ਦ ਵਿਧਾਇਕਾ ਨੂੰ ਮਿਲਿਆ ਪਾਸ਼ -ਹੰਸਰਾਜ ਯਾਦਗਾਰੀ ਕੰਪਲੈਕਸ ਦੇ ਭਖੇ ਹੋਏ ਮਸਲੇ ਸਬੰਧੀ ਵਫ਼ਦ ਵਿਧਾਇਕਾ ਨੂੰ ਮਿਲਿਆ
Publish Date: Sun, 16 Aug 2026 08:38 PM (IST)
Updated Date: Sun, 16 Aug 2026 08:38 PM (IST)
ਵਿਧਾਇਕਾ ਨੇ ਮਸਲਾ ਛੇਤੀ ਹੱਲ ਕਰਨ ਦਾ ਦਿੱਤਾ ਭਰੋਸਾ ਗਿਆਨ ਸੈਦਪੁਰੀ, ਪੰਜਾਬੀ ਜਾਗਰਣ ਸ਼ਾਹਕੋਟ : ਪਾਸ਼-ਹੰਸਰਾਜ ਯਾਦਗਾਰੀ ਕੰਪਲੈਕਸ ਤਲਵੰਡੀ ਸਲੇਮ ਅੰਦਰ ਯਾਦਗਾਰ ਦੇ ਗੇਟ ਦੇ ਤਾਲੇ ਤੋੜ ਕੇ ਝੂਲੇ-ਭੰਗੂੜੇ ਲਾਉਣ ਸਬੰਧੀ ਭਖੇ ਮਸਲੇ ਸਬੰਧੀ ਅੱਜ ਇਕ ਜਨਤਕ ਵਫ਼ਦ ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੂੰ ਮਿਲਿਆ। ਇਸ ਦੌਰਾਨ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਸਰਕਾਰ ਦਖਲ ਦੇ ਕੇ ਤੁਰੰਤ ਯਾਦਗਾਰ ਦਾ ਪਹਿਲਾ ਸਰੂਪ ਬਹਾਲ ਕਰੇ ਤੇ ਇਸ ਯਾਦਗਾਰ ਦੀ ਮਾਲਕੀ ਸਬੰਧੀ ਜੇਕਰ ਕੋਈ ਤਕਨੀਕੀ ਅੜਚਣ ਹੈ ਤਾਂ ਉਸ ਨੂੰ ਦੂਰ ਕਰਕੇ ਮਾਲਕ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਨੂੰ ਬਣਾਇਆ ਜਾਵੇ। ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਜਗੀਰ ਜੋਸਨ, ਉੱਘੇ ਚਿੰਤਕ ਸਤਨਾਮ ਸਿੰਘ ਚਾਨਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਬਾਗਪੁਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਗਿਆਨ ਸੈਦਪੁਰੀ, ਐਡਵੋਕੇਟ ਸੁਰਿੰਦਰ ਖੀਵਾ, ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਕੁਲਦੀਪ ਸਿੰਘ ਤੇ ਪਾਸ਼-ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਨਕੋਦਰ ਦੇ ਮੈਂਬਰ ਹਰਮੇਸ਼ ਮਾਲੜੀ ਨੇ ਵਿਧਾਇਕਾ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਅਵਤਾਰ ਪਾਸ਼ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਵੀ ਸਨ, ਜਿਨ੍ਹਾਂ ਦੀ ਕਵਿਤਾ ਭਾਰਤ ਦੀਆਂ ਬਹੁ-ਭਾਸ਼ਾਵਾਂ ’ਚ ਅਨੁਵਾਦ ਹੋਈ ਹੈ। ਉਨ੍ਹਾਂ ਕਿਹਾ ਕਿ ਪਾਸ਼ ਇਕੱਲੇ ਕਵੀ ਨਹੀਂ ਸਨ, ਉਹ ਉੱਚ ਕੋਟੀ ਦੇ ਵਿਦਵਾਨ ਵੀ ਸਨ ਤੇ ਉਨ੍ਹਾਂ ਹੋਰ ਵਿਸ਼ਿਆਂ ’ਤੇ ਵੀ ਕਿਤਾਬਾਂ ਲਿਖੀਆਂ, ਅੱਜ ਪੂਰੇ ਸੰਸਾਰ ’ਚ ਉਨ੍ਹਾਂ ਨੂੰ ਜਾਣਿਆ ਤੇ ਪੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਸ਼ ਤੇ ਹੰਸਰਾਜ ਦੀ 23 ਮਾਰਚ 1988 ’ਚ ਹੋਈ ਸ਼ਹਾਦਤ ਤੋਂ ਲੈ ਕੇ ਹੁਣ ਤੱਕ ਨਗਰ ਤਲਵੰਡੀ ਸਲੇਮ ਦੇ ਲੋਕ ਤੇ ਇਲਾਕੇ ਭਰ ਦੇ ਅਗਾਂਹਵਧੂ ਲੋਕ ਤੇ ਇਨਕਲਾਬੀ ਜਥੇਬੰਦੀਆਂ ਸ਼ਹੀਦੀ ਸਮਾਗਮ ਮਨਾਉਂਦੀਆਂ ਆ ਰਹੀਆਂ ਹਨ। ਪਾਸ਼ ਦੀ ਇਸ ਪ੍ਰਸਿੱਧੀ ਕਾਰਨ ਹੀ ਉਨ੍ਹਾਂ ਦੀ ਯਾਦ ’ਚ ਬਣੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਨੇ ਸਾਲ 2000 ’ਚ ਨਗਰ ਨਿਵਾਸੀਆਂ ਤੇ ਪੰਚਾਇਤ ਵੱਲੋਂ ਦਿੱਤੀ ਜਗ੍ਹਾ ਉੱਪਰ ਯਾਦਗਾਰੀ ਕੰਪਲੈਕਸ ਉਸਾਰਿਆ ਗਿਆ, ਜਿਸ ਦੀ ਹੁਣ ਤੱਕ ਦੇਖਭਾਲ ਟਰੱਸਟ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਦਹਾਕਿਆਂ ਤੋਂ ਇਸੇ ਕੰਪਲੈਕਸ ਵਿਖੇ ਸਮਾਗਮ ਹੁੰਦੇ ਹਨ, ਜਿੱਥੇ ਪੂਰਾ ਨਗਰ ਸਹਿਯੋਗ ਦਿੰਦਾ ਹੈ ਪਰ ਮੌਜੂਦਾ ਸਰਪੰਚ ਤੇ ਉਸ ਦੇ ਹਮਾਇਤੀਆਂ ਵੱਲੋਂ ਹੁਣ ਯਾਦਗਾਰ ਦੇ ਤਾਲੇ ਤੋੜ ਕੇ ਅੰਦਰ ਝੂਲੇ ਤੇ ਪੀਂਘਾਂ ਪਾਈਆਂ ਗਈਆਂ ਹਨ ਜੋ ਯਾਦਗਾਰ ’ਤੇ ਕਬਜ਼ਾ ਕਰਨ ਦੀ ਖੋਟੀ ਨੀਅਤ ਹੈ ਤੇ ਸ਼ਹੀਦੀ ਯਾਦਗਾਰ ਦੀ ਬੇਹੁਰਮਤੀ ਹੈ। ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਸਾਰਾ ਮਸਲਾ ਸੁਣਨ ਤੋਂ ਬਾਅਦ ਇਸ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।