- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ ਦੀ ਮਾਨਸਿਕਤਾ; ਡਿਊਟੀ ਆਰਟੀਓ ’ਚ ਤੇ ‘ਕੁਰਸੀ’ ਏਆਰਟੀਓ ’ਚ

-ਐੱਸਓ ਦੀ ਗੈਰ ਮੌਜੂਦਗੀ, ਕੰਮ ਕਰਵਾਉਣ ਆਏ ਲੋਕ ਪਰੇਸ਼ਾਨ
ਲਖਬੀਰ ਸਿੰਘ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਆਰਟੀਏ ਦਫ਼ਤਰ ’ਚ ਅਧਿਕਾਰੀਆਂ ਦੀ ਡਿਊਟੀ ਤੇ ਦਫ਼ਤਰ ’ਚ ਉਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਹਾਲਾਤ ਇਹ ਹਨ ਕਿ ਲੋਕ ਆਪਣੇ ਕੰਮ ਕਰਵਾਉਣ ਲਈ ਦਫ਼ਤਰ ਦੇ ਚੱਕਰ ਲਗਾਉਣ ਲਈ ਮਜਬੂਰ ਹਨ, ਜਦਕਿ ਸਬੰਧਤ ਕੰਮਾਂ ਲਈ ਜ਼ਿੰਮੇਵਾਰ ਅਧਿਕਾਰੀ ਦੀ ਗੈਰ-ਮੌਜੂਦਗੀ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਮੰਗਲਵਾਰ ਨੂੰ ਵੀ ਸੈਕਸ਼ਨ ਅਫ਼ਸਰ (ਐੱਸਓ) ਦੀ ਕਿਸੇ ਹੋਰ ਸ਼ਹਿਰ ’ਚ ਡਿਊਟੀ ਹੋਣ ਕਾਰਨ ਜਲੰਧਰ ’ਚ ਆਪਣੇ ਕੰਮ ਕਰਵਾਉਣ ਆਏ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
----------------------
ਐੱਸਓ ਦੇ ਕਮਰੇ ਬਾਹਰ ਉਡੀਕਦੇ ਰਹੇ ਲੋਕ
ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਕਈ ਲੋਕ ਆਪਣੇ ਕੰਮਾਂ ਲਈ ਐੱਸਓ ਦੇ ਕਮਰੇ ਦੇ ਬਾਹਰ ਪਹੁੰਚ ਗਏ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਦਫ਼ਤਰ ਆਉਣ ਨਾਲ ਉਨ੍ਹਾਂ ਦੇ ਲੰਬਿਤ ਕੰਮ ਨਿਪਟ ਜਾਣਗੇ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਐੱਸਓ ਦੀ ਉਸ ਦਿਨ ਜਲੰਧਰ ’ਚ ਡਿਊਟੀ ਹੀ ਨਹੀਂ ਹੈ ਤਾਂ ਉਹ ਹੈਰਾਨ ਰਹਿ ਗਏ। ਲੋਕਾਂ ਲਈ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਉਹ ਆਪਣੇ ਜ਼ਰੂਰੀ ਕੰਮਾਂ ਲਈ ਦਫ਼ਤਰ ਤਾਂ ਪਹੁੰਚੇ ਸਨ ਪਰ ਸਬੰਧਤ ਅਧਿਕਾਰੀ ਦੀ ਗੈਰ-ਮੌਜੂਦਗੀ ਕਾਰਨ ਉਨ੍ਹਾਂ ਨੂੰ ਕੰਮ ਹੋਣ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ।
---------------------------
ਇਨ੍ਹਾਂ ਕੰਮਾਂ ’ਚ ਆਈ ਖੜ੍ਹੋਤ
ਦਫ਼ਤਰ ਪਹੁੰਚੇ ਲੋਕਾਂ ਅਨੁਸਾਰ ਉਹ ਰੀਅਸਾਈਨਮੈਂਟ, ਸਵਾਈਪਿੰਗ ਅਤੇ ਨਵੀਂ ਆਰਸੀ ’ਤੇ ਕੋਡ ਲਗਵਾਉਣ ਵਰਗੇ ਕੰਮਾਂ ਲਈ ਆਏ ਸਨ। ਇਨ੍ਹਾਂ ਕੰਮਾਂ ਲਈ ਸਬੰਧਤ ਅਧਿਕਾਰੀ ਜਾਂ ਸਟਾਫ਼ ਦੀ ਲੋੜ ਹੋਣ ਕਾਰਨ ਉਨ੍ਹਾਂ ਨੂੰ ਉਡੀਕ ਕਰਨੀ ਪਈ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸਬੰਧਤ ਅਧਿਕਾਰੀ ਦੀ ਡਿਊਟੀ ਕਿਸੇ ਹੋਰ ਸ਼ਹਿਰ ਵਿੱਚ ਲਗਾਈ ਗਈ ਸੀ ਤਾਂ ਜਲੰਧਰ ਵਿੱਚ ਲੋਕਾਂ ਦੇ ਕੰਮ ਨਿਪਟਾਉਣ ਲਈ ਬਦਲਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ। ਲੋਕਾਂ ਨੇ ਇਸ ਮਾਮਲੇ ਸਬੰਧੀ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਦੇ ਮੌਕੇ ’ਤੇ ਮੌਜੂਦ ਨਾ ਹੋਣ ਕਾਰਨ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
----------------------
ਡਿਊਟੀ ਆਰਟੀਓ ‘ਚ ਬੈਠਦੀ ਏਆਰਟੀਓ ’ਚ
ਜਲੰਧਰ ਦੇ ਆਰਟੀਏ ਵਿਭਾਗ ’ਚ ਕਰਮਚਾਰੀਆਂ ਦੀ ਡਿਊਟੀ ਅਤੇ ਦਫ਼ਤਰੀ ਪ੍ਰਬੰਧਾਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਵਿਭਾਗ ਦੀ ਮਹਿਲਾ ਕਰਮਚਾਰੀ ਅਨੂੰ ਦੀ ਡਿਊਟੀ ਆਰਟੀਓ ਦਫ਼ਤਰ ਵਿਚ ਦੱਸੀ ਜਾ ਰਹੀ ਹੈ ਪਰ ਉਹ ਬੈਠਦੇ ਏਆਰਟੀਓ ਦਫ਼ਤਰ ’ਚ ਹਨ। ਇਸ ਸਥਿਤੀ ਨੂੰ ਲੈ ਕੇ ਇਹ ਸਵਾਲ ਉੱਠਦਾ ਹੈ ਕਿ ਜਦੋਂ ਕਰਮਚਾਰੀ ਦੀ ਡਿਊਟੀ ਇੱਕ ਦਫ਼ਤਰ ਵਿਚ ਹੈ ਤਾਂ ਉਹ ਦੂਜੇ ਦਫ਼ਤਰ ਵਿੱਚ ਕਿਉਂ ਬੈਠ ਰਹੇ ਹਨ ਤੇ ਇਸ ਸਬੰਧੀ ਵਿਭਾਗੀ ਪ੍ਰਬੰਧ ਕੀ ਹਨ। ਇਥੇ ਦੱਸਣਯੋਗ ਹੈ ਕਿ ਜੇ ਮੁਲਾਜ਼ਮ ਆਪਣੇ ਵਿਭਾਗ ਵਿੱਚ ਬੈਠਦੇ ਤਾਂ ਲੋਕਾਂ ਦੇ ਰੁਕੇ ਹੋਏ ਕੰਮ ਹੋ ਜਾਣੇ ਸਨ। ਲੋਕਾਂ ਅਨੁਸਾਰ ਸਰਕਾਰੀ ਦਫ਼ਤਰਾਂ ਵਿੱਚ ਕਰਮਚਾਰੀਆਂ ਦੀ ਡਿਊਟੀ ਅਤੇ ਜ਼ਿੰਮੇਵਾਰੀਆਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ। ਕੀ ਉਨ੍ਹਾਂ ਨੂੰ ਏਆਰਟੀਓ ਦਫ਼ਤਰ ਵਿੱਚ ਬੈਠਣ ਲਈ ਅਧਿਕਾਰਤ ਮਨਜ਼ੂਰੀ ਦਿੱਤੀ ਗਈ ਹੈ।
-------------------------------
ਨਿਯਮਾਂ ਅਨੁਸਾਰ ਹੋਵੇਗਾ ਮਸਲੇ ਦਾ ਹੱਲ : ਢਿੱਲੋਂ
ਇਸ ਸਬੰਧੀ ਜਦੋਂ ਆਰਟੀਏ ਬਲਜਿੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਨੂੰ ਨਿਯਮਾਂ ਅਨੁਸਾਰ ਦੇਖਿਆ ਜਾਵੇਗਾ ਤੇ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਨੂੰ ਧਿਆਨ ਵਿੱਚ ਲਿਆ ਕੇ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜਿਸ ਮੁਲਾਜ਼ਮ ਦੀ ਜਿਥੇ ਡਿਊਟੀ ਬਣਦੀ ਹੈ, ਉਹ ਉਥੇ ਹੀ ਬੈਠਕੇ ਕੰਮ ਕਰੇਗਾ। ਵਿਭਾਗ ਅੰਦਰ ਡਿਊਟੀ ਦੌਰਾਨ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।