9.6 ਐੱਮਐੱਮ ਮੀਂਹ ਨਾਲ ਜਲਥਲ ਹੋਇਆ ਮਹਾਨਗਰ, ਆਮ ਨਾਲੋਂ 62 ਫੀਸਦੀ ਘੱਟ 9.6 ਐੱਮਐੱਮ ਮੀਂਹ ਨਾਲ ਜਲਥਲ ਹੋਇਆ ਮਹਾਨਗਰ, ਆਮ ਨਾਲੋਂ 62 ਫੀਸਦੀ ਘੱਟ
Publish Date: Tue, 04 Aug 2026 10:48 PM (IST)
Updated Date: Tue, 04 Aug 2026 10:49 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਮਹਾਨਗਰ ’ਚ ਮੰਗਲਵਾਰ ਸਵੇਰੇ 9.6 ਐੱਮਐੱਮ ਮੀਂਹ ਪੈਣ ਨਾਲ ਜਿੱਥੇ ਸ਼ਹਿਰ ਦੇ ਕਈ ਹਿੱਸੇ ਜਲਥਲ ਹੋ ਗਏ, ਉੱਥੇ ਕੁਝ ਥਾਵਾਂ ’ਤੇ ਸੀਵਰੇਜ ਤੇ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਪਾਈਪਾਂ ਵਿਛਾਉਣ ਦਾ ਕੰਮ ਜਾਰੀ ਹੋਣ ਕਾਰਨ ਸੜਕਾਂ ਪੁੱਟੀਆਂ ਹੋਈਆਂ ਹਨ। ਅਜਿਹੇ ’ਚ ਇਨ੍ਹਾਂ ਥਾਵਾਂ ’ਤੇ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਭਰ ਜਾਣ ਕਾਰਨ ਸਥਾਨਕ ਲੋਕਾਂ ਅਤੇ ਉੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਲੋਕ ਤੇ ਵਾਹਨ ਚਾਲਕ ਡੂੰਘੇ ਤੇ ਖਤਰਨਾਕ ਟੋਇਆਂ ’ਚ ਡਿੱਗਦੇ-ਪੈਂਦੇ ਰਹੇ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਦੌਰਾਨ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਪ੍ਰਗਟਾਈ ਹੈ। ਹਾਲਾਂਕਿ ਸਭ ਤੋਂ ਵੱਧ ਮੀਂਹ ਦੀ ਸੰਭਾਵਨਾ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਬਣੀ ਹੋਈ ਹੈ। ਇਕ ਅਗਸਤ ਤੋਂ ਹੁਣ ਤੱਕ 10.9 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 62 ਫੀਸਦੀ ਘੱਟ ਹੈ। ਜੇਕਰ ਇਕ ਜੂਨ ਤੋਂ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ 179.3 ਐੱਮਐੱਮ ਮੀਂਹ ਦਰਜ ਹੋ ਚੁੱਕਾ ਹੈ, ਪਰ ਸਥਿਤੀ ਹਾਲੇ ਵੀ ਚਿੰਤਾਜਨਕ ਹੈ, ਕਿਉਂਕਿ ਇਹ ਆਮ ਨਾਲੋਂ 37 ਫੀਸਦੀ ਘੱਟ ਹੈ। ਹੁਣ ਜੇਕਰ ਆਉਣ ਵਾਲੇ ਦਿਨਾਂ ’ਚ ਵੀ ਚੰਗਾ ਮੀਂਹ ਪੈਂਦਾ ਹੈ ਤਾਂ ਹਾਲਾਤ ਆਮ ਹੋ ਸਕਦੇ ਹਨ। ਇਸ ਦਾ ਅਸਰ ਤਾਪਮਾਨ ’ਤੇ ਵੀ ਦੇਖਣ ਨੂੰ ਮਿਲੇਗਾ। ਵੱਧ ਤੋਂ ਵੱਧ ਤਾਪਮਾਨ 31.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਹਿਸਾਬ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ ਛੇ ਤੋਂ ਸੱਤ ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜਦਕਿ ਘੱਟੋ-ਘੱਟ ਤਾਪਮਾਨ ਵੀ ਪੰਜ ਡਿਗਰੀ ਹੇਠਾਂ ਆ ਗਿਆ ਹੈ। ----------------------------- ਪੰਜ ਐੱਮਐੱਮ ਮੀਂਹ... ਮੁਸੀਬਤ ਹੀ ਮੁਸੀਬਤ ਸਰਵਿਸ ਲੇਨ ਬਣੀ ਨਹਿਰ, ਟੋਇਆਂ ’ਚ ਫਸ ਰਹੇ ਵਾਹਨ, ਹਾਈਵੇ ’ਤੇ ਜਾਮ, ਰੋਜ਼ ਹੋ ਰਹੇ ਹਾਦਸੇ - ਪਠਾਨਕੋਟ ਚੌਕ ਤੋਂ ਟਰਾਂਸਪੋਰਟ ਨਗਰ, ਸੂਰਿਆ ਐਨਕਲੇਵ, ਵੇਰਕਾ ਮਿਲਕ ਪਲਾਂਟ ਤੇ ਫੋਰਟਿਸ ਹਸਪਤਾਲ ਨੇੜੇ ਹਰ ਮੀਂਹ ’ਚ ਵਿਗੜ ਜਾਂਦੇ ਹਨ ਹਾਲਾਤ - ਅਧੂਰੇ ਵਿਕਾਸ ਕਾਰਜ ਤੇ ਖਰਾਬ ਡਰੇਨੇਜ ਪ੍ਰਬੰਧ ਬਣੇ ਮੁੱਖ ਕਾਰਨ ਹਰ ਵਾਰ ਮੀਂਹ ਦੇ ਨਾਲ ਇਕੋ ਤਸਵੀਰ ਸਾਹਮਣੇ ਆਉਂਦੀ ਹੈ। ਥੋੜ੍ਹੀ ਦੇਰ ਦਾ ਮੀਂਹ ਪੈਂਦੇ ਹੀ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ਛੱਪੜਾਂ ’ਚ ਤਬਦੀਲ ਹੋ ਜਾਂਦੀਆਂ ਹਨ। ਸਰਵਿਸ ਲੇਨਾਂ ’ਤੇ ਪਾਣੀ ਭਰ ਜਾਂਦਾ ਹੈ, ਥਾਂ-ਥਾਂ ਚਿੱਕੜ ਤੇ ਟੋਏ ਬਣ ਜਾਂਦੇ ਹਨ ਤੇ ਲੰਬੇ ਟ੍ਰੈਫਿਕ ਜਾਮ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜਿਨ੍ਹਾਂ ਥਾਵਾਂ ’ਤੇ ਹਰ ਸਾਲ ਇਹੀ ਸਮੱਸਿਆ ਬਣਦੀ ਹੈ, ਉੱਥੇ ਸਥਾਈ ਹੱਲ ਕਰਨ ਦੀ ਬਜਾਏ ਆਰਜ਼ੀ ਉਪਾਅ ਕੀਤੇ ਜਾਂਦੇ ਹਨ। ਨਤੀਜੇ ਵਜੋਂ ਬਰਸਾਤ ਸ਼ੁਰੂ ਹੁੰਦੇ ਹੀ ਵਾਹਨ ਚਾਲਕਾਂ, ਇਲਾਕਾ ਵਾਸੀਆਂ ਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਵੀ ਪਠਾਨਕੋਟ ਚੌਕ, ਟਰਾਂਸਪੋਰਟ ਨਗਰ ਰੋਡ, ਸੂਰਿਆ ਐਨਕਲੇਵ, ਵੇਰਕਾ ਮਿਲਕ ਪਲਾਂਟ ਤੇ ਫੋਰਟਿਸ ਹਸਪਤਾਲ ਦੇ ਆਲੇ-ਦੁਆਲੇ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਰਹੇ। ਇਨ੍ਹਾਂ ਇਲਾਕਿਆਂ ’ਚ ਪਾਣੀ ਭਰਨ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਤੇ ਲੋਕਾਂ ਨੂੰ ਘੰਟਿਆਂ ਤੱਕ ਪ੍ਰੇਸ਼ਾਨੀ ਝੱਲਣੀ ਪਈ। --------------------------- ਲੰਮਾ ਪਿੰਡ ਚੌਕ ’ਤੇ ਟੋਏ ਤੇ ਸੜਕ ’ਤੇ ਬਣਿਆ ਸਪੀਡ ਬਰੇਕਰ ਬਣਿਆ ਸਮੱਸਿਆ ਲੰਮਾ ਪਿੰਡ ਚੌਕ ਤੋਂ ਹੁਸ਼ਿਆਰਪੁਰ ਵੱਲ ਜਾਣ ਵਾਲੀ ਸੜਕ ਦੀ ਹਾਲਤ ਕਈ ਸਾਲਾਂ ਤੋਂ ਖਰਾਬ ਹੈ। ਥਾਂ-ਥਾਂ ਟੁੱਟੀ ਸੜਕ, ਸੜਕ ਵਿਚਕਾਰ ਬਣੇ ਟੋਏ ਤੇ ਇਕ ਵੱਡਾ ਸਪੀਡ ਬਰੇਕਰ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਆਮ ਦਿਨਾਂ ’ਚ ਵੀ ਇੱਥੋਂ ਲੰਘਣਾ ਆਸਾਨ ਨਹੀਂ ਹੈ ਤੇ ਮੀਂਹ ਦੌਰਾਨ ਪਾਣੀ ਭਰ ਜਾਣ ’ਤੇ ਦੋਪਹੀਆ ਹੀ ਨਹੀਂ, ਸਗੋਂ ਚਾਰ ਪਹੀਆ ਵਾਹਨਾਂ ਲਈ ਵੀ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਸਪੀਡ ਬਰੇਕਰ ਕਾਰਨ ਅਕਸਰ ਵਾਹਨ ਸਵਾਰ ਡਿੱਗ ਜਾਂਦੇ ਹਨ। ------------------------ - ਹੱਲ ਕੀ ਹੈ? ਇਸ ਸੜਕ ’ਤੇ ਟੋਏ ਖਤਮ ਕਰਨ ਲਈ ਸੜਕ ਦਾ ਨਿਰਮਾਣ ਕੀਤਾ ਜਾਵੇ। ਇਸ ਦੇ ਨਾਲ ਹੀ ਇੱਥੇ ਬਣੇ ਵੱਡੇ ਸਪੀਡ ਬਰੇਕਰ ਨੂੰ ਹਟਾ ਕੇ ਇਸ ਨੂੰ ਛੋਟਾ ਕੀਤਾ ਜਾਵੇ। ------------------------------- ਪਠਾਨਕੋਟ ਚੌਕ ਤੋਂ ਟਰਾਂਸਪੋਰਟ ਨਗਰ ਤੱਕ ਬਣੀ ਦਲਦਲ ਪਠਾਨਕੋਟ ਚੌਕ ਤੋਂ ਟਰਾਂਸਪੋਰਟ ਨਗਰ ਵੱਲ ਜਾਣ ਵਾਲੀ ਸਰਵਿਸ ਲੇਨ ਤੇ ਹਾਈਵੇ ਦੇ ਕਿਨਾਰੇ ਸਭ ਤੋਂ ਵੱਧ ਸਮੱਸਿਆ ਦੇਖਣ ਨੂੰ ਮਿਲੀ। ਇੱਥੇ ਪਾਣੀ ਦੀ ਸਪਲਾਈ ਤੇ ਗੈਸ ਪਾਈਪਲਾਈਨ ਵਿਛਾਉਣ ਲਈ ਕਈ ਮਹੀਨੇ ਪਹਿਲਾਂ ਸੜਕ ਪੁੱਟੀ ਗਈ ਸੀ। ਪਾਈਪਲਾਈਨ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਸੜਕ ਨੂੰ ਪੂਰੀ ਤਰ੍ਹਾਂ ਬਹਾਲ ਨਹੀਂ ਕੀਤਾ ਗਿਆ। ਮੀਂਹ ਤੋਂ ਬਾਅਦ ਪੁੱਟੀ ਹੋਈ ਮਿੱਟੀ ਦਲਦਲ ’ਚ ਬਦਲ ਗਈ। ਕਈ ਥਾਵਾਂ ’ਤੇ ਵੱਡੇ-ਵੱਡੇ ਟੋਏ ਬਣ ਗਏ, ਜਿਨ੍ਹਾਂ ’ਚ ਪਾਣੀ ਭਰ ਗਿਆ। ਵਾਹਨ ਚਾਲਕਾਂ ਨੂੰ ਇਹ ਸਮਝ ਹੀ ਨਹੀਂ ਆਇਆ ਕਿ ਟੋਆ ਕਿੰਨਾ ਡੂੰਘਾ ਹੈ। ਦੋਪਹੀਆ ਵਾਹਨ ਚਾਲਕ ਸਭ ਤੋਂ ਵੱਧ ਪ੍ਰੇਸ਼ਾਨ ਹੋਏ, ਜਦਕਿ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਸੜਕ ਦੀ ਹਾਲਤ ਹੋਰ ਵੀ ਖਰਾਬ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਸੜਕ ਦੀ ਮੁਰੰਮਤ ਕਰ ਦਿੱਤੀ ਜਾਂਦੀ ਤਾਂ ਅੱਜ ਇਹ ਹਾਲਾਤ ਨਾ ਬਣਦੇ। ਉਨ੍ਹਾਂ ਦਾ ਦੋਸ਼ ਹੈ ਕਿ ਵਿਭਾਗਾਂ ਵਿਚਕਾਰ ਤਾਲਮੇਲ ਦੀ ਘਾਟ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ------------------------ - ਹੱਲ ਕੀ ਹੈ? ਸੜਕ ਪੁੱਟਣ ਵਾਲੀਆਂ ਏਜੰਸੀਆਂ ਲਈ ਸਮਾਂ ਸੀਮਾ ਤੈਅ ਕੀਤੀ ਜਾਣੀ ਚਾਹੀਦੀ ਹੈ। ਪਾਈਪਲਾਈਨ ਦਾ ਕੰਮ ਪੂਰਾ ਹੋਣ ਤੋਂ ਤੁਰੰਤ ਬਾਅਦ ਸੜਕ ਦੀ ਮੁੜ ਉਸਾਰੀ ਕਰਵਾਈ ਜਾਵੇ ਤੇ ਮਾਨਸੂਨ ਤੋਂ ਪਹਿਲਾਂ ਸਾਰੇ ਟੋਇਆਂ ਦੀ ਮੁਰੰਮਤ ਯਕੀਨੀ ਬਣਾਈ ਜਾਵੇ। ------------------------------ ਸੂਰਿਆ ਐਨਕਲੇਵ ਤੋਂ ਵੇਰਕਾ ਮਿਲਕ ਪਲਾਂਟ ਤੱਕ ਅਧੂਰੇ ਕੰਮ ਨੇ ਵਧਾਈ ਪ੍ਰੇਸ਼ਾਨੀ ਸੂਰਿਆ ਐਨਕਲੇਵ ਤੋਂ ਵੇਰਕਾ ਮਿਲਕ ਪਲਾਂਟ ਤੱਕ ਦਾ ਇਲਾਕਾ ਵੀ ਮੀਂਹ ਤੋਂ ਬਾਅਦ ਪੂਰੀ ਤਰ੍ਹਾਂ ਚਿੱਕੜ ਨਾਲ ਭਰ ਗਿਆ। ਇਸ ਸੜਕ ’ਤੇ ਵੀ ਪਾਈਪਲਾਈਨ ਵਿਛਾਉਣ ਲਈ ਕਈ ਥਾਵਾਂ ’ਤੇ ਖੁਦਾਈ ਕੀਤੀ ਗਈ, ਪਰ ਕਈ ਹਿੱਸਿਆਂ ’ਚ ਅਜੇ ਤੱਕ ਪਾਈਪ ਵੀ ਨਹੀਂ ਪਾਈ ਗਈ। ਖੁਦਾਈ ਤੋਂ ਬਾਅਦ ਸੜਕ ਨੂੰ ਸਿਰਫ਼ ਮਿੱਟੀ ਪਾ ਕੇ ਛੱਡ ਦਿੱਤਾ ਗਿਆ। ਮੀਂਹ ਪੈਂਦੇ ਹੀ ਪੂਰੀ ਸੜਕ ’ਤੇ ਚਿੱਕੜ ਫੈਲ ਗਿਆ। ਥਾਂ-ਥਾਂ ਮਿੱਟੀ ਧੱਸਣ ਕਾਰਨ ਵੱਡੇ ਟੋਏ ਬਣ ਗਏ। ਇਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਤੇ ਹਾਦਸਿਆਂ ਦਾ ਖਤਰਾ ਵੀ ਵਧ ਗਿਆ। ਲੋਕਾਂ ਦਾ ਕਹਿਣਾ ਹੈ ਕਿ ਕਈ ਮਹੀਨਿਆਂ ਤੋਂ ਸੜਕ ਦੀ ਇਹੀ ਹਾਲਤ ਬਣੀ ਹੋਈ ਹੈ, ਪਰ ਸਬੰਧਤ ਵਿਭਾਗ ਕੋਈ ਧਿਆਨ ਨਹੀਂ ਦੇ ਰਿਹਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਖਰਾਬ ਸੜਕ ਕਾਰਨ ਗਾਹਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਉੱਥੇ ਹੀ ਸਕੂਲ ਜਾਣ ਵਾਲੇ ਬੱਚਿਆਂ ਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -------------------------- - ਹੱਲ ਕੀ ਹੈ? ਅਧੂਰੇ ਪਏ ਪਾਈਪਲਾਈਨ ਦੇ ਕੰਮ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ। ਇਸ ਤੋਂ ਬਾਅਦ ਪੂਰੀ ਸੜਕ ’ਤੇ ਨਵੀਂ ਲੇਅਰ ਵਿਛਾਉਣ ਦੇ ਨਾਲ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਸੁਧਾਰਿਆ ਜਾਵੇ। ------------------------ ਫੋਰਟਿਸ ਹਸਪਤਾਲ ਨੇੜੇ ਹਰ ਮੀਂਹ ’ਚ ਭਰ ਜਾਂਦਾ ਹੈ ਪਾਣੀ ਫੋਰਟਿਸ ਹਸਪਤਾਲ ਨੇੜੇ ਸਥਿਤ ਸਰਵਿਸ ਲੇਨ ਲੰਬੇ ਸਮੇਂ ਤੋਂ ਪਾਣੀ ਭਰਨ ਦੀ ਸਮੱਸਿਆ ਨਾਲ ਜੂਝ ਰਹੀ ਹੈ। ਇੱਥੇ ਸੜਕ ਦਾ ਪੱਧਰ ਆਲੇ-ਦੁਆਲੇ ਦੀਆਂ ਸੜਕਾਂ ਦੇ ਮੁਕਾਬਲੇ ਨੀਵਾਂ ਹੈ। ਇਸ ਕਾਰਨ ਮੀਂਹ ਦਾ ਪਾਣੀ ਇਸ ਹਿੱਸੇ ’ਚ ਇਕੱਠਾ ਹੋ ਜਾਂਦਾ ਹੈ ਤੇ ਘੰਟਿਆਂ ਤੱਕ ਇਸ ਦੀ ਨਿਕਾਸੀ ਨਹੀਂ ਹੋ ਪਾਉਂਦੀ। ਹਸਪਤਾਲ ਆਉਣ ਵਾਲੇ ਮਰੀਜ਼ਾਂ, ਐਂਬੂਲੈਂਸਾਂ ਤੇ ਹੋਰ ਵਾਹਨਾਂ ਨੂੰ ਇਸ ਜਲਭਰਾਅ ਕਾਰਨ ਕਾਫੀ ਮੁਸ਼ਕਲ ਹੁੰਦੀ ਹੈ। ਕਈ ਵਾਰ ਵਾਹਨ ਪਾਣੀ ’ਚ ਫਸ ਜਾਂਦੇ ਹਨ ਤੇ ਟ੍ਰੈਫਿਕ ਦੀ ਰਫ਼ਤਾਰ ਹੌਲੀ ਪੈ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਨਵੀਂ ਨਹੀਂ ਹੈ। ਹਰ ਸਾਲ ਬਰਸਾਤ ਦੇ ਮੌਸਮ ’ਚ ਇਹੀ ਹਾਲ ਹੁੰਦਾ ਹੈ, ਪਰ ਇਸ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। -------------------------- - ਹੱਲ ਕੀ ਹੈ? ਸਰਵਿਸ ਲੇਨ ਦਾ ਪੱਧਰ ਉੱਚਾ ਕੀਤਾ ਜਾਵੇ ਤੇ ਉੱਥੇ ਵਾਧੂ ਸਟਾਰਮ ਵਾਟਰ ਡਰੇਨ ਦੇ ਨਾਲ ਪਾਣੀ ਦੀ ਨਿਕਾਸੀ ਲਈ ਪੰਪਿੰਗ ਸਿਸਟਮ ਲਗਾਇਆ ਜਾਵੇ, ਤਾਂ ਜੋ ਮੀਂਹ ਦਾ ਪਾਣੀ ਤੁਰੰਤ ਬਾਹਰ ਕੱਢਿਆ ਜਾ ਸਕੇ। --------------------- ਪਠਾਨਕੋਟ ਚੌਕ ਤੋਂ ਨੂਰਪੁਰ ਤੱਕ ਤਿੰਨ ਕਿਲੋਮੀਟਰ ਲੰਬਾ ਜਾਮ ਮੀਂਹ ਤੋਂ ਬਾਅਦ ਸਭ ਤੋਂ ਵੱਧ ਅਸਰ ਪਠਾਨਕੋਟ ਚੌਕ ’ਤੇ ਦੇਖਣ ਨੂੰ ਮਿਲਿਆ। ਚੌਕ ’ਚ ਪਾਣੀ ਭਰਨ ਕਾਰਨ ਵਾਹਨਾਂ ਦੀ ਰਫ਼ਤਾਰ ਪੂਰੀ ਤਰ੍ਹਾਂ ਹੌਲੀ ਹੋ ਗਈ। ਇਸ ਦਾ ਅਸਰ ਨੈਸ਼ਨਲ ਹਾਈਵੇ ’ਤੇ ਵੀ ਪਿਆ ਤੇ ਪਠਾਨਕੋਟ ਚੌਕ ਤੋਂ ਨੂਰਪੁਰ ਵੱਲ ਕਰੀਬ ਤਿੰਨ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਦਫ਼ਤਰ ਜਾਣ ਵਾਲੇ ਕਰਮਚਾਰੀ, ਸਕੂਲ ਬੱਸਾਂ, ਟਰੱਕ ਤੇ ਐਂਬੂਲੈਂਸਾਂ ਤੱਕ ਇਸ ਜਾਮ ’ਚ ਫਸ ਗਈਆਂ। ਕਈ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਆਮ ਸਮੇਂ ਨਾਲੋਂ ਦੁੱਗਣਾ ਸਮਾਂ ਲੱਗਾ। ਟ੍ਰੈਫਿਕ ਪੁਲਿਸ ਨੇ ਪ੍ਰਬੰਧ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਭਰਿਆ ਹੋਣ ਕਾਰਨ ਜਾਮ ਜਲਦੀ ਨਹੀਂ ਖੁੱਲ੍ਹ ਸਕਿਆ। ਚੌਕ ’ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਾਫੀ ਨਹੀਂ ਹੈ। ਨਾਲਿਆਂ ਦੀ ਸਮੇਂ ਸਿਰ ਸਫਾਈ ਨਾ ਹੋਣ ਤੇ ਮੀਂਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਸੜਕ ’ਤੇ ਇਕੱਠਾ ਹੋ ਜਾਂਦਾ ਹੈ। ------------------ - ਹੱਲ ਕੀ ਹੈ? ਪਠਾਨਕੋਟ ਚੌਕ ’ਤੇ ਡਰੇਨੇਜ ਸਿਸਟਮ ਦਾ ਤਕਨੀਕੀ ਸਰਵੇ ਕਰਵਾਇਆ ਜਾਵੇ। ਮੀਂਹ ਦੇ ਪਾਣੀ ਦੀ ਨਿਕਾਸੀ ਲਈ ਵੱਡੇ ਸਟਾਰਮ ਵਾਟਰ ਡਰੇਨ ਬਣਾਏ ਜਾਣ, ਨਾਲਿਆਂ ਦੀ ਨਿਯਮਤ ਸਫਾਈ ਕੀਤੀ ਜਾਵੇ ਅਤੇ ਮਾਨਸੂਨ ਤੋਂ ਪਹਿਲਾਂ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਵੇ।