ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਹੋਵੇਗਾ 'ਮੇਲਾ ਗ਼ਦਰੀ ਬਾਬਿਆਂ ਦਾ', 30 ਅਕਤੂਬਰ ਤੋਂ ਹੋਵੇਗਾ ਸ਼ੁਰੂ
30 ਅਕਤੂਬਰ ਨੂੰ ਪੁਸਤਕ ਪ੍ਰਦਰਸ਼ਨੀ ਵਾਲੇ ਪੰਡਾਲ ’ਚ ਇਤਿਹਾਸ, ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਤ ਵਿਸ਼ਿਆਂ ’ਤੇ ਪੈਨਲ ਵਿਚਾਰ-ਚਰਚਾ ਹੋਵੇਗੀ। ਇਸ ਮੌਕੇ ਮੇਲੇ ਅਤੇ ਦੇਸ਼ ਭਗਤ ਯਾਦਗਾਰ ਹਾਲ ਨਾਲ ਜੁੜੇ ਉਨ੍ਹਾਂ ਸਾਥੀਆਂ ਨੂੰ ਵੀ ਯਾਦ ਕੀਤਾ ਜਾਵੇਗਾ, ਜੋ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਹਨ।
Publish Date: Mon, 05 Oct 2026 08:34 AM (IST)
Updated Date: Mon, 05 Oct 2026 08:37 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਰਵਾਇਆ ਜਾਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ ਇਸ ਵਾਰ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ। 30 ਅਕਤੂਬਰ ਸ਼ਾਮ 4 ਵਜੇ ਸ਼ੁਰੂ ਹੋਣ ਵਾਲਾ ਮੇਲਾ ਪਹਿਲੀ ਨਵੰਬਰ ਨੂੰ ਸਿਖਰ ’ਤੇ ਪਹੁੰਚੇਗਾ। ਮੇਲੇ ਦੌਰਾਨ ਇਤਿਹਾਸ, ਸਾਹਿਤ, ਵਿਗਿਆਨ, ਸੱਭਿਆਚਾਰ ਅਤੇ ਦੇਸ਼ ਅੰਦਰ ਭਖਦੇ ਮੁੱਦਿਆਂ ’ਤੇ ਵਿਚਾਰ-ਚਰਚਾਵਾਂ ਤੋਂ ਇਲਾਵਾ ਕੁਇਜ਼, ਪੇਂਟਿੰਗ ਮੁਕਾਬਲਾ, ਕਵੀ ਦਰਬਾਰ, ਫ਼ਿਲਮ ਸ਼ੋਅ ਅਤੇ ਨਾਟਕ ਪੇਸ਼ ਕੀਤੇ ਜਾਣਗੇ।
30 ਅਕਤੂਬਰ ਨੂੰ ਪੁਸਤਕ ਪ੍ਰਦਰਸ਼ਨੀ ਵਾਲੇ ਪੰਡਾਲ ’ਚ ਇਤਿਹਾਸ, ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਤ ਵਿਸ਼ਿਆਂ ’ਤੇ ਪੈਨਲ ਵਿਚਾਰ-ਚਰਚਾ ਹੋਵੇਗੀ। ਇਸ ਮੌਕੇ ਮੇਲੇ ਅਤੇ ਦੇਸ਼ ਭਗਤ ਯਾਦਗਾਰ ਹਾਲ ਨਾਲ ਜੁੜੇ ਉਨ੍ਹਾਂ ਸਾਥੀਆਂ ਨੂੰ ਵੀ ਯਾਦ ਕੀਤਾ ਜਾਵੇਗਾ, ਜੋ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਹਨ।
31 ਅਕਤੂਬਰ ਨੂੰ ਕੁਇਜ਼, ਪੇਂਟਿੰਗ ਮੁਕਾਬਲਾ, ਕਵੀ ਦਰਬਾਰ ਅਤੇ ਫ਼ਿਲਮ ਸ਼ੋਅ ਕਰਵਾਏ ਜਾਣਗੇ। ਇਸ ਦੌਰਾਨ ਪ੍ਰਸ਼ਾਂਤ ਭੂਸ਼ਣ ਅਤੇ ਸੀਮਾ ਚਿਸ਼ਤੀ ਨੂੰ ਵੀ ਸੰਬੋਧਨ ਲਈ ਸੱਦਾ ਦਿੱਤਾ ਗਿਆ ਹੈ।
ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ। ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮੇਲੇ ਨੂੰ ਸੰਬੋਧਨ ਕਰਨਗੇ। ਦੁਪਹਿਰ ਡੇਢ ਵਜੇ ਵਿਦਿਆਰਥੀ ਆਗੂ ਨੇਹਾ ਬੋਰਾ ਨੂੰ ਸੰਬੋਧਨ ਲਈ ਸੱਦਾ ਦਿੱਤਾ ਗਿਆ ਹੈ।
ਸ਼ਾਮ 6 ਵਜੇ ਤੋਂ ਨਾਟਕ ਮੇਲਾ ਹੋਵੇਗਾ, ਜਿਸ ’ਚ ‘ਖਿੜਦੇ ਰਹਿਣ ਗੁਲਾਬ’, ‘ਤੂੰ ਬੁੱਲ੍ਹੇ ਵਾਂਗੂ ਬੋਲ’ ਅਤੇ ‘ਅਸੀਂ ਯੁੱਗ ਸਿਰਜਾਂਗੇ’ ਨਾਟਕ ਪੇਸ਼ ਕੀਤੇ ਜਾਣਗੇ। ਨਾਟਕ ਮੇਲਾ ਰਾਤ 12 ਵਜੇ ਤੱਕ ਚੱਲੇਗਾ।
ਮੇਲੇ ਦੇ ਦਿਨਾਂ ਦੌਰਾਨ ਦੇਸ਼ ਭਗਤ ਯਾਦਗਾਰ ਕੰਪਲੈਕਸ ਨੂੰ ‘ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਨਗਰ’, ਪੁਸਤਕ ਪ੍ਰਦਰਸ਼ਨੀ ਵਾਲੇ ਪੰਡਾਲ ਨੂੰ ‘ਕਿਰਤੀ ਪੰਡਾਲ’ ਅਤੇ ਵੱਡੇ ਪੰਡਾਲ ਨੂੰ ‘ਕਾਕੋਰੀ ਕਾਂਡ ਅਤੇ ਨੌਜਵਾਨ ਭਾਰਤ ਸਭਾ ਪੰਡਾਲ’ ਦਾ ਨਾਂ ਦਿੱਤਾ ਜਾਵੇਗਾ।
ਕਮੇਟੀ ਦੀ ਮੀਟਿੰਗ ’ਚ ਜੰਤਰ-ਮੰਤਰ ’ਤੇ ਹੱਕਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਤੇ ਨੌਜਵਾਨਾਂ ’ਤੇ ਕਥਿਤ ਕਾਰਵਾਈ ਦੀ ਨਿੰਦਾ ਕੀਤੀ ਗਈ। ਇਸ ਤੋਂ ਇਲਾਵਾ ਹਰਬੰਸ ਮਾਲੜੀ ’ਤੇ ਹਮਲੇ ਅਤੇ ਕਥਿਤ ਜਾਤੀਸੂਚਕ ਸ਼ਬਦਾਵਲੀ ਦੇ ਮਾਮਲੇ ’ਚ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਯਾਦਗਾਰ ਦਾ ਦਰਜਾ ਦੇਣ ਦੀ ਮੰਗ ਵੀ ਕੀਤੀ ਗਈ।