- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਨੇ ਕੀਤੀ ਸਨਅਤਕਾਰਾਂ ਦੀਆਂ ਸੀਵਰੇਜ, ਸਟਰੀਟ ਲਾਈਟਾਂ ਦੀਆਂ ਸਮੱਸਿਆਵਾਂ ਲਈ ਮੀਟਿੰਗ

ਕਿਹਾ, ਸੁਪਰ ਸਕੱਸ਼ਨ ਮਸ਼ੀਨਾਂ ਰਾਹੀਂ ਹੋਵੇਗੀ ਸੀਵਰੇਜ ਦੀ ਸਫ਼ਾਈ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਨਾਰਥ ਤੋਂ ਉਮੀਦਵਾਰ ਤੇ ਮੇਅਰ ਵਨੀਤ ਧੀਰ ਨੇ ਰਾਮ ਬਾਗ ਇੰਡਸਟਰੀਅਲਿਸਟ ਐਸੋਸੀਏਸ਼ਨ ਨਾਲ ਅਹਿਮ ਮੀਟਿੰਗ ਕੀਤੀ, ਜਿਸ ’ਚ ਸਨਤਅਕਾਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਸੀਵਰੇਜ, ਸਟਰੀਟ ਲਾਇਟਾਂ ਤੇ ਹੋਰ ਸਮੱਸਿਆਵਾਂ ਦਾ ਛੇਤੀ ਨਿਪਟਾਰਾ ਕੀਤਾ ਜਾਏਗਾ। ਇਸ ਤੋਂ ਪਹਿਲਾਂ ਮੇਅਰ ਦਾ ਇਥੇ ਪੁੱਜਣ ਤੇ ਸਨਅਤਕਾਰਾਂ ਦੀ ਉਕਤ ਜਥੇਬੰਦੀ ਨੇ ਸਵਾਗਤ ਕੀਤਾ। ਮੀਟਿੰਗ ਦੌਰਾਨ ਸਨਅਤਕਾਰਾਂ ਨੇ ਸਨਅਤੀ ਖੇਤਰ ਵਿੱਚ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਜਿਨ੍ਹਾਂ ’ਚ ਸੀਵਰੇਜ, ਸਟਰੀਟ ਲਾਇਟ, ਸੜਕਾਂ ਆਦਿ ਸ਼ਾਮਿਲ ਸਨ, ਦੀ ਚਰਚਾ ਕੀਤੀ ਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਦੀ ਮੰਗ ਕੀਤੀ। ਮੇਅਰ ਨੇ ਕਈ ਮਸਲਿਆਂ ਦਾ ਮੌਕੇ 'ਤੇ ਹੀ ਹੱਲ ਕਰਵਾਇਆ ਅਤੇ ਬਾਕੀ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਮੇਅਰ ਵਨੀਤ ਧੀਰ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਦਯੋਗਿਕ ਖੇਤਰ ਵਿੱਚ ਬੰਦ ਪਈਆਂ ਜਾਂ ਉਪਲੱਬਧ ਨਾ ਹੋਣ ਵਾਲੀਆਂ ਸਟ੍ਰੀਟ ਲਾਈਟਾਂ ਦੀ ਸਮੱਸਿਆ ਦਾ ਹੱਲ ਅਗਲੇ ਹਫ਼ਤੇ ਤੱਕ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਸੜਕਾਂ ਦੀ ਖ਼ਸਤਾ ਹਾਲਤ ਨੂੰ ਸੁਧਾਰਨ ਲਈ ਸਬੰਧਤ ਅਧਿਕਾਰੀਆਂ ਨੂੰ ਐਸਟੀਮੇਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ ਤਾਂ ਜੋ ਲੋੜੀਂਦੇ ਵਿਕਾਸ ਕਾਰਜ ਜਲਦ ਸ਼ੁਰੂ ਕਰਵਾਏ ਜਾ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਪਿਛਲੀਆਂ ਸਰਕਾਰਾਂ ਨੇ ਨਾਰਥ ਹਲਕੇ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਸੀਵਰੇਜ ਦੀ ਸਮੱਸਿਆ ਕਾਫ਼ੀ ਪੁਰਾਣੀ ਹੈ, ਜਿਸ ਨੂੰ ਜਲਦ ਹੱਲ ਕੀਤਾ ਜਾਵੇਗਾ। ਸੀਵਰੇਜ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਸਫ਼ਾਈ ਕਰਵਾਈ ਜਾਵੇਗੀ। ਮੇਅਰ ਨੇ ਕਿਹਾ ਕਿ ਜਲੰਧਰ ਦਾ ਉਦਯੋਗਿਕ ਖੇਤਰ ਸ਼ਹਿਰ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ। ਉਦਯੋਗਪਤੀਆਂ ਤੇ ਨਗਰ ਨਿਗਮ ਵਿਚਕਾਰ ਬਿਹਤਰ ਤਾਲਮੇਲ ਨਾਲ ਹੀ ਉਦਯੋਗਿਕ ਖੇਤਰਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ, ਕੌਂਸਲਰ ਦੀਪਕ ਸ਼ਾਰਦਾ, ਕੌਂਸਲਰ ਵਿਜੇ ਭਾਟੀਆ ਤੇ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਤੋਂ ਇਲਾਵਾ ਰਾਮ ਬਾਗ ਇੰਡਸਟਰੀਅਲਿਸਟ ਐਸੋਸੀਏਸ਼ਨ ਦੇ ਉਦਯੋਗਪਤੀ ਵਿਨੈ ਜੋਸ਼ੀ, ਸ਼੍ਰੀ ਪਾਲ ਜੈਨ, ਸੁਭਾਸ਼ ਗਾਂਧੀ, ਸੁਖਪਾਲ ਸਿੰਘ, ਰੱਤੀ, ਅਸ਼ੋਕ ਅਤੇ ਸੰਜੇ ਗੁਪਤਾ ਸਮੇਤ ਹੋਰ ਸਨਅਤਕਾਰ ਵੀ ਮੌਜੂਦ ਸਨ।