- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਤ ਦੇ ਵਿਸ਼ਵਾਸ ਦੀ ਰੱਖਿਆ ਲਈ ਕਿਸੇ ਵੀ ਸਮੇਂ ਪ੍ਰਗਟ ਹੋ ਸਕਦੇ ਹਨ ਪ੍ਰਭੂ : ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ :
ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿਖੇ ਚੱਲ ਰਹੇ ਸੱਤ ਦਿਨਾਂ ਸ੍ਰੀਮਦ ਭਾਗਵਤ ਹਫ਼ਤਾ ਕਥਾ ਗਿਆਨ ਯੱਗ ਦੇ ਚੌਥੇ ਦਿਨ ਦੀ ਸ਼ੁਰੂਆਤ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਸ਼੍ਰੀਮਦ ਭਾਗਵਤ ਭਗਵਾਨ ਜੀ ਦੀ ਆਰਤੀ ਤੋਂ ਕੀਤੀ। ਇਸ ਉਪਰੰਤ ਸਵਾਮੀ ਜੀ ਨੇ ਸੁੰਦਰ ਭਜਨ ਗਾਇਆ ਜਿਸ ਦੌਰਾਨ ਪੰਡਾਲ ’ਚ ਬੈਠੀ ਸੰਗਤ ਭਗਤੀ ਵਿਚ ਝੁਣ ਲੱਗ ਪਈ। ਇਸ ਉਪਰੰਤ ਕਥਾ ਜੀ ਸ਼ੁਰੂਆਤ ਕਰਦੇ ਹੋਏ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਭਗਤ ਤੇ ਭਗਵਾਨ ਦੇ ਪਵਿੱਤਰ ਰਿਸ਼ਤੇ ਦੀ ਮਹਿਮਾ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਭਗਤ ਦੇ ਵਿਸ਼ਵਾਸ ਨੂੰ ਪੂਰਾ ਕਰਨ ਵਾਲੇ ਖੁਦ ਪ੍ਰਭੂ ਹਨ। ਭਗਤ ਦੀ ਭਾਵਨਾ, ਆਸਥਾ ਅਤੇ ਉਸ ਦੀ ਪੀੜ ਨੂੰ ਪ੍ਰਭੂ ਚੰਗੀ ਤਰ੍ਹਾਂ ਜਾਣਦੇ ਹਨ। ਇਸ ਲਈ ਮਨੁੱਖ ਨੂੰ ਆਪਣੇ ਦੁੱਖ ਸੰਸਾਰ ਅੱਗੇ ਨਹੀਂ, ਸਗੋਂ ਪ੍ਰਭੂ ਦੇ ਚਰਨਾਂ ਵਿੱਚ ਰੱਖਣੇ ਚਾਹੀਦੇ ਹਨ। ਪ੍ਰਭੂ ਆਪਣੇ ਸ਼ਰਨਾਗਤ ਭਗਤਾਂ ਦੇ ਦੁੱਖ ਦੂਰ ਕਰਦੇ ਹਨ।
ਕਥਾ ਦੌਰਾਨ ਆਚਾਰਿਆ ਜੀ ਨੇ ਭਗਤ ਪ੍ਰਹਿਲਾਦ ਦਾ ਪ੍ਰਸੰਗ ਸੁਣਾਉਂਦਿਆਂ ਕਿਹਾ ਕਿ ਹਿਰਣਯਕਸ਼ਿਪੁ ਵੱਲੋਂ ਦਿੱਤੀਆਂ ਕਈ ਭਿਆਨਕ ਯਾਤਨਾਵਾਂ ਦੇ ਬਾਵਜੂਦ ਪ੍ਰਹਿਲਾਦ ਜੀ ਦਾ ਪ੍ਰਭੂ ਪ੍ਰਤੀ ਵਿਸ਼ਵਾਸ ਅਟੁੱਟ ਰਿਹਾ। ਭਗਤ ਦੇ ਇਸ ਵਿਸ਼ਵਾਸ ਦੀ ਰੱਖਿਆ ਲਈ ਹੀ ਪ੍ਰਭੂ ਸ੍ਰੀ ਨਰਸਿੰਘ ਭਗਵਾਨ ਖੰਭ ਵਿੱਚੋਂ ਪ੍ਰਗਟ ਹੋਏ। ਇਸ ਤੋਂ ਸਿੱਖਿਆ ਮਿਲਦੀ ਹੈ ਕਿ ਪ੍ਰਭੂ ਆਪਣੇ ਭਗਤ ਦੀ ਰੱਖਿਆ ਲਈ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ਪ੍ਰਗਟ ਹੋ ਸਕਦੇ ਹਨ। ਆਚਾਰਿਆ ਜੀ ਨੇ ਕਿਹਾ ਕਿ ਮਨੁੱਖ ਨੂੰ ਨਿੰਦਾ ਅਤੇ ਸਤਿਕਾਰ ਤੋਂ ਉੱਪਰ ਉੱਠ ਕੇ ਕੇਵਲ ਪ੍ਰਭੂ ਦੀ ਚਰਚਾ ਕਰਨੀ ਚਾਹੀਦੀ ਹੈ। ਪ੍ਰਭੂ ਦੇ ਚਰਿੱਤਰਾਂ ਦਾ ਸ਼੍ਰਵਣ ਅਤੇ ਚਿੰਤਨ ਕਰਨ ਨਾਲ ਭਗਵਾਨ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਇੱਕ ਵਿਸ਼ਾਲ ਦਰੱਖਤ ਛੋਟੀ ਜਿਹੀ ਕੁਹਾੜੀ ਨਾਲ ਕੱਟਿਆ ਜਾ ਸਕਦਾ ਹੈ, ਉਸੇ ਤਰ੍ਹਾਂ ਪ੍ਰਭੂ ਦੇ ਚਰਨਾਂ ਦਾ ਸਿਮਰਨ ਜੀਵ ਦੇ ਪਾਪਾਂ ਦਾ ਨਾਸ ਕਰ ਦਿੰਦਾ ਹੈ। ਸੱਚਾ ਭਗਤ ਉਹੀ ਹੈ ਜੋ ਪ੍ਰਭੂ ਦੀ ਹਰ ਇੱਛਾ ਅਤੇ ਹਰ ਲੀਲਾ ਨੂੰ ਖੁਸ਼ੀ ਨਾਲ ਸਵੀਕਾਰ ਕਰੇ, ਕਿਉਂਕਿ ਪ੍ਰਭੂ ਕੇਵਲ ਭਾਵਨਾ ਦੇ ਭੁੱਖੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਰਮਾਤਮਾ ਭਗਤ ਦੀ ਭਾਵਨਾ ਅਨੁਸਾਰ ਉਸੇ ਰੂਪ ਵਿੱਚ ਦਰਸ਼ਨ ਦਿੰਦੇ ਹਨ, ਜਿਸ ਰੂਪ ਵਿੱਚ ਭਗਤ ਉਨ੍ਹਾਂ ਨੂੰ ਦੇਖਣਾ ਚਾਹੁੰਦਾ ਹੈ।
--------------------------
ਸ੍ਰੀ ਕ੍ਰਿਸ਼ਨ ਜਨਮ ਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ
ਕਥਾ ਦੇ ਚੌਥੇ ਦਿਨ ਵਿਸ਼ੇਸ਼ ਤੌਰ ’ਤੇ ਸ੍ਰੀ ਕ੍ਰਿਸ਼ਨ ਜਨਮ ਅਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ ਗਿਆ। ਜਿਵੇਂ ਹੀ ਪ੍ਰਭੂ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਪੰਡਾਲ ਵਿੱਚ “ਨੰਦ ਕੇ ਆਨੰਦ ਭਯੋ, ਜੈ ਕਨ੍ਹਈਆ ਲਾਲ ਕੀ”ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਹੋ ਗਿਆ। ਗੋਪੀਆਂ ਵੱਲੋਂ ਬਧਾਈ ਸਮੱਗਰੀ ਅਰਪਿਤ ਕੀਤੀ ਗਈ ਅਤੇ ਵਿਆਸਪੀਠ ’ਤੇ ਭਾਗਵਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਹਾਜ਼ਰ ਸੰਗਤ ਨੇ ਬਧਾਈ ਦਾ ਪ੍ਰਸਾਦ ਵੀ ਪ੍ਰਾਪਤ ਕੀਤਾ। ਇਸ ਮੌਕੇ ਯਸ਼ਪਾਲ ਚੌਧਰੀ, ਅਭਿਸ਼ੇਕ ਚੌਧਰੀ, ਸੁਨੀਲ ਨੱਯਰ, ਉਮੇਸ਼ ਔਹਰੀ, ਸੰਜੇ ਸਹਿਗਲ, ਚੰਦਨ ਵਡੇਰਾ, ਬ੍ਰਿਜ ਮੋਹਨ ਚੱਢਾ, ਹੇਮੰਤ ਥਾਪਰ, ਭੁਪਿੰਦਰ ਸਿੰਘ, ਰਾਜਵੰਸ਼ ਮਲਹੋਤਰਾ, ਦੇਵਿੰਦਰ ਅਰੋੜਾ, ਰਿੰਕੂ ਮਲਹੋਤਰਾ, ਅੰਕੁਸ਼ ਜੁਨੇਜਾ, ਸੋਨੂੰ ਚੋਪੜਾ, ਸੁਮਿਤ ਗੋਇਲ, ਸੰਦੀਪ ਕੁਮਾਰ, ਜਤਿੰਦਰ ਕੁਮਾਰ, ਰਾਜੇਸ਼ ਬਿਗਮਲ, ਬਲਵਿੰਦਰ ਸ਼ਰਮਾ, ਅਰੁਣ ਮਲਹੋਤਰਾ, ਦੇਵਿੰਦਰ ਵਰਮਾ, ਨਰਿੰਦਰ ਵਰਮਾ ਅਤੇ ਰਾਹੁਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।