- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਖਰੀਦ ਦਾ ਮਾਮਲਾ! ਪਹਿਲਾਂ ਕੱਟ ਲਵਾਓ, ਫਿਰ ਖ਼ਰੀਦਾਂਗੇ ਝੋਨਾ, ਦੀ ਜਲੰਧਰ ’ਚ ਚਰਚਾ ਜ਼ੋਰਾਂ ’ਤੇ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਇਕ ਪਾਸੇ ਪੰਜਾਬ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਮੰਡੀਆਂ ’ਚੋਂ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ ਤੇ ਖਰੀਦ ਸਰਕਾਰੀ ਮਾਪਦੰਡਾਂ ਅਨੁਸਾਰ ਹੀ ਹੋਵੇਗੀ। ਉਥੇ ਹੀ ਜਲੰਧਰ ਸ਼ਹਿਰ ਦੀ ਦਾਣਾ ਮੰਡੀ ਵਿਚ ਫ਼ਸਲਾਂ ਦੀ ਲਿਫਟਿੰਗ ਨਾ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਦਾਣਾ ਮੰਡੀ ’ਚ ਝੋਨੇ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਜਿਸ ਕਾਰਨ ਮੰਡੀਆਂ ’ਚ ਨਵੀਂ ਆ ਰਹੀ ਫਸਲ ਨੂੰ ਰੱਖਣ ਲਈ ਥਾਂ ਦੀ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ। ਕਿਸਾਨਾਂ ਨੇ ਚਿੰਤਾ ਜ਼ਾਹਰ ਕਰਦੇ ਕਿਹਾ ਕਿ ਰੋਪੜ ਦੀ ਮੰਡੀ ’ਚ ਪੈਦਾ ਹੋਈ ਸਥਿਤੀ ਦਾ ਅਸਰ ਕਿਤੇ ਜਲੰਧਰ ਦੀਆਂ ਮੰਡੀਆਂ ’ਚ ਵੀ ਨਾ ਪੈ ਜਾਵੇ। ਬੁੱਧਵਾਰ ਨੂੰ ਜਲੰਧਰ ਦੀਆਂ ਮੰਡੀਆਂ ’ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਰਹੀ। ਭਾਵੇਂ ਕੇ ਆੜ੍ਹਤੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਲੰਧਰ ਦੀਆਂ ਮੰਡੀਆਂ ’ਚ ਅਜਿਹੀ ਸਥਿਤੀ ਕਦੇ ਵੀ ਪੈਦਾ ਨਹੀਂ ਹੋ ਸਕਦੀ।
-----------------------------
ਮੌਸਮ ਵਿਭਾਗ ਦੀ ਚਿਤਾਵਨੀ ਕਾਰਨ ਵਾਢੀ ਹੋਈ ਤੇਜ਼, ਪਰ ਲਿਫਟਿੰਗ ਨਾ ਹੋਣਾਂ ਚਿੰਤਾ
ਮੌਸਮ ਵਿਭਾਗ ਨੇ 6 ਅਕਤੂਬਰ ਤੋਂ ਪੰਜਾਬ ਤੇ ਹਰਿਆਣਾ ’ਚ ਮੌਸਮ ਦਾ ਮਿਜਾਜ਼ ਬਦਲਣ ਦੀ ਪੇਸ਼ੀਨਗੋਈ ਕੀਤੀ ਹੋਈ ਹੈ। ਇਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪੰਜਾਬ ਤੇ ਹਰਿਆਣਾ ’ਚ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਕਿਸਾਨਾਂ ਵੱਲੋਂ ਵਾਢੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਾਢੀ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਾਲੇ ਤਕ ਜਲੰਧਰ ਦੀ ਨਵੀਂ ਦਾਣਾ ਮੰਡੀ ’ਚ ਲਿਫਟਿੰਗ ਸ਼ੁਰੂ ਨਹੀ ਹੋਈ। ਤੇ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਤੇ ਹਰਿਆਣਾ ’ਚ ਪੱਛਮੀ ਗੜਬੜੀ ਦਾ ਸਿਸਟਮ ਸਰਗਰਮ ਹੋ ਰਿਹਾ ਹੈ। ਇਸ ਦੌਰਾਨ 9 ਅਕਤੂਬਰ ਤੱਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਟੁੱਟਵਾਂ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਤੇਜ਼ ਹਵਾਵਾਂ ਚੱਲਣ ਦੇ ਨਾਲ ਮੀਂਹ ਪੈਂਦਾ ਹੈ ਤਾਂ ਫ਼ਸਲਾਂ ਦੇ ਝਾੜ 'ਤੇ ਅਸਰ ਪੈ ਸਕਦਾ ਹੈ।
------------------------------
ਜਲੰਧਰ ਸ਼ਹਿਰੀ ਦੀ ਦਾਣਾ ਮੰਡੀ ਨੂੰ ਆਰਓ ਕੀਤੇ ਜਾਰੀ : ਬਰਾੜ
ਡੀਐੱਫਐੱਸਸੀ ਹਰਸ਼ਰਨ ਸਿੰਘ ਬਰਾੜ ਨੇ ਦੱਸਿਆ ਕਿ 54144 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਇਸ ’ਚੋਂ 4870 ਮੀਟ੍ਰਿਕ ਟਨ ਲਿਫਟਿੰਗ ਹੋ ਚੁੱਕੀ ਹੈ। ਜਿਸ ’ਚੋਂ 149 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਦੀ ਨਵੀਂ ਦਾਣਾ ਮੰਡੀ ਦੀ ਲਿਫਟਿੰਗ ਅੱਜ ਸ਼ੁਰੂ ਹੋ ਜਾਵੇਗੀ। ਜਿਸ ਲਈ ਆਰਓ ਜਾਰੀ ਕਰ ਦਿੱਤੇ ਗਏ ਹਨ। ਸ਼ੈਲਰ ਮਾਲਕ ਵੱਲੋਂ ਹਾਈਬ੍ਰਿਡ ਦੀ ਲਿਫਟਿੰਗ ਨਾ ਕਰਨ ਸਬੰਧੀ ਉਨਾਂ ਕਿਹਾ ਕਿ ਇਸ ਸਬੰਧੀ ਉਨਾਂ ਨੂੰ ਕੋਈ ਵੀ ਸ਼ਿਕਾਇਤ ਜਾਂ ਜਾਣਕਾਰੀ ਨਹੀਂ ਮਿਲੀ ਹੈ।
------------------------
ਐੱਸਡੀਐੱਮ ਨੇ ਦਾਣਾ ਮੰਡੀ ਦਾ ਕੀਤਾ ਦੌਰਾ
ਜਲੰਧਰ ਸ਼ਹਿਰ ਦੀ ਨਵੀਂ ਦਾਣਾ ਮੰਡੀ ਵਿਚ ਪੁੱਜੇ ਝੋਨੇ ਦਾ ਨਿਰੀਖਣ ਕਰਨ ਲਈ ਐੱਸਡੀਐੱਮ-2 ਸ਼ਾਇਰੀ ਮਲਹੋਤਰਾ ਵੱਲੋਂ ਦੌਰਾ ਕਰ ਕੇ ਸਰਕਾਰੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਵੱਲੋਂ ਝੋਨੇ ਦੀ ਲਿਫਟਿੰਗ ਤੇਜ਼ ਕਰਨ ਬਾਰੇ ਹਦਾਇਤਾਂ ਦਿੱਤੀਆਂ।
ਹਾਈਬ੍ਰਿਡ ਝੋਨੇ ’ਚੋਂ 50 ਫ਼ੀਸਦੀ ਤੱਕ ਟੋਟਾ ਨਿਕਲਣ ਦੇ ਦਾਅਵੇ ਨੇ ਵਧਾਈ ਸ਼ੈਲਰ ਮਾਲਕਾਂ ਦੀ ਚਿੰਤਾ, ਮੰਗ ਪੂਰੀ ਨਾਂ ਹੋਈ ਤਾਂ ਨਹੀਂ ਕਰਾਂਗੇ ਲਿਫਟਿੰਗ
--
ਸਰਕਾਰੀ ਮਾਪਦੰਡਾਂ ਅਨੁਸਾਰ ਮਿਲਿੰਗ ਕਰਨਾ ਸੰਭਵ ਨਹੀਂ : ਕਪੂਰ
ਸ਼ਹਿਰੀ ਸ਼ੈਲਰ ਮਾਲਕ ਅਵੀਨਾਸ਼ ਕਪੂਰ ਨੇ ਦੱਸਿਆ ਕਿ ਇਸ ਵਾਰ ਮੰਡੀਆਂ ’ਚ ਆ ਰਿਹਾ ਝੋਨਾ ਵੱਡੀ ਮਾਤਰਾ 'ਚ ਹਾਈਬ੍ਰਿਡ ਹੈ, ਜਿਸ ਦੀ ਟ੍ਰਾਇਲ ਮਿਲਿੰਗ ਦੌਰਾਨ 50 ਫ਼ੀਸਦੀ ਤੱਕ ਟੋਟਾ ਨਿਕਲ ਰਿਹਾ ਹੈ, ਜਦਕਿ ਸਰਕਾਰ ਵੱਲੋਂ ਕੇਵਲ 10 ਫ਼ੀਸਦੀ ਟੋਟਾ ਮਨਜ਼ੂਰ ਕਰਨ ਦੀ ਸ਼ਰਤ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਸਰਕਾਰੀ ਮਾਪਦੰਡਾਂ ਅਨੁਸਾਰ ਮਿਲਿੰਗ ਕਰਨਾ ਅਮਲੀ ਤੌਰ 'ਤੇ ਸੰਭਵ ਨਹੀਂ ਤੇ ਇਸ ਦਾ ਸਿੱਧਾ ਆਰਥਿਕ ਬੋਝ ਸ਼ੈਲਰ ਮਾਲਕਾਂ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ 25 ਫ਼ੀਸਦੀ ਤੱਕ ਟੋਟੇ ਦੀ ਰਾਹਤ ਦਿੱਤੀ ਜਾਂਦੀ ਸੀ, ਪਰ ਹਾਈਬ੍ਰਿਡ ਝੋਨੇ ਦੀ ਸਮੱਸਿਆ ਦੇ ਬਾਵਜੂਦ ਇਸ ਨੂੰ ਵਧਾਉਣ ਦੀ ਬਜਾਏ ਘਟਾ ਕੇ 10 ਫ਼ੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਉਦਯੋਗ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ----
--
ਪ੍ਰਾਈਵੇਟ ਯਾਰਡ ਸਥਾਪਿਤ ਕਰਨ ਦੀ ਮੰਗ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰੀ ਲਾਲ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਮਿਗਲਾਨੀ ਨੇ ਮੰਗ ਕੀਤੀ ਕਿ ਪੱਕੀਆਂ ਮੰਡੀਆਂ ਤੋਂ ਇਲਾਵਾ ਆਰਜੀ ਮੰਡੀਆਂ ਦੇ ਯਾਰਡ ਵੀ ਸਥਾਪਿਤ ਕੀਤੇ ਜਾਣ ਤਾਂ ਜੋ ਝੋਨੇ ਦੀ ਫਸਲ ਦੀ ਖਰੀਦ ਸੁਚੱਜੇ ਢੰਗ ਨਾਲ ਹੋ ਸਕੇ। ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਰਾਹਤ ਪ੍ਰਾਪਤ ਹੋਵੇਗੀ।