ਸਬਜ਼ੀਆਂ ਦੇ ਵਧੇ ਭਾਅ ਨੇ ਵਿਗਾੜਿਆ ਘਰੇਲੂ ਬਜਟ, ਲੋਕ ਸਬਜ਼ੀਆਂ ਖਾਣ ਨੂੰ ਤਰਸੇ ਸਬਜ਼ੀਆਂ ਦੇ ਵਧੇ ਭਾਅ ਨੇ ਵਿਗਾੜਿਆ ਘਰੇਲੂ ਬਜਟ , ਸਬਜ਼ੀਆਂ ਖਾਣ ਨੂੰ ਤਰਸੇ ਲੋਕ, ਪਿਆਜ ਨੇ ਕਢਵਾਏ ਹੰਜੂ
Publish Date: Tue, 25 Aug 2026 06:48 PM (IST)
Updated Date: Tue, 25 Aug 2026 06:51 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਪਹਿਲਾਂ ਤੋਂ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਦੇ ਹੁਣ ਪਿਆਜ਼ ਹੰਝੂ ਕਢਾ ਦਿੱਤੇ ਹਨ। ਕੁਝ ਹੀ ਸਮੇਂ ’ਚ ਸਬਜ਼ੀਆਂ ਦੇ ਭਾਅ ਵੀ ਦੁੱਗਣੇ ਹੋ ਗਏ ਹਨ। ਸਬਜ਼ੀ ਮੰਡੀ ’ਚ ਟਮਾਟਰ ਜਾਂ ਪਿਆਜ਼ ਹੀ ਨਹੀਂ, ਹੋਰਨਾਂ ਸਬਜ਼ੀਆਂ ਨੇ ਵੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਨਤੀਜਾ ਇਹ ਹੈ ਕਿ ਆਮ ਦਿਨਾਂ ’ਚ ਇਕ ਕਿੱਲੋ ਸਬਜ਼ੀ ਖਰੀਦਣ ਵਾਲੇ ਲੋਕ ਹੁਣ ਪਾਈਆ ਸਬਜ਼ੀ ਹੀ ਖਰੀਦ ਰਹੇ ਹਨ। ਦਰਅਸਲ, ਦੇਸ਼ ਭਰ ’ਚ ਪਿਆਜ਼ ਦੀ ਸਭ ਤੋਂ ਵੱਧ ਪੈਦਾਵਾਰ ਕਰਨ ਵਾਲੇ ਮੰਡੀ ਨਾਸਿਕ ਤੇ ਕਰਨਾਟਕ ਚ ਭਾਰੀ ਮੀਂਹ ਨਾਲ ਪਿਆਜ਼ ਦੀ ਫਸਲ ਤਿਆਰ ਹੋਣ ਤੋਂ ਪਹਿਲਾਂ ਹੀ ਬਰਬਾਦ ਹੋ ਗਈ ਹੈ, ਜਿਸ ਕਾਰਨ ਸਟਾਕਿਸਟ ਨੂੰ ਨਵੀਂ ਫਸਲ ਆਉਣ ਦੀ ਸੰਭਾਵਨਾ ਨਹੀਂ ਹੈ। ਇਹੀ ਕਾਰਨ ਹੈ ਕਿ ਇਕ ਮਹੀਨਾ ਪਹਿਲਾਂ 35 ਤੋਂ 40 ਰੁਪਏ ਕਿੱਲੋ ਵਿਕਣ ਵਾਲੇ ਪਿਆਜ਼ ਦੇ ਭਾਅ ਵਧ ਕੇ 60 ਰੁਪਏ ਤੋਂ 80 ਰੁਪਏ ਕਿੱਲੋ ਤੱਕ ਵੱਧ ਗਏ ਹਨ। ਹਿਮਾਚਲ ਆਦਿ ਥਾਵਾਂ ਤੇ ਮੀਂਹ ਨਾਲ ਜਿੱਥੇ ਟਮਾਟਰ ਦੀ ਫ਼ਸਲ ਨੁਕਸਾਨੀ ਗਈ ਹੈ, ਉਥੇ ਹੀ ਪੰਜਾਬ ’ਚ ਆਉਣ ਵਾਲੇ ਵਾਹਨਾਂ ਦੀ ਆਵਾਜਾਈ ਰੁਕਣ ਕਰ ਕੇ ਟਮਾਟਰ ਦੇ ਵਧੇ ਭਾਅ ਨੇ ਲੋਕਾਂ ਦਾ ਲੱਕ ਤੋੜਨ ’ਚ ਕੋਈ ਕਸਰ ਨਹੀਂ ਛੱਡੀ। ----------------------------- ਕੁਝ ਅਹਿਮ ਕਾਰਨ -ਕਈ ਸੂਬਿਆਂ ’ਚ ਮੀਂਹ ਕਾਰਨ ਪਿਆਜ਼ ਤੇ ਟਮਾਟਰ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ। -ਕੁਝ ਹਿੱਸਿਆਂ ’ਚ ਬਹੁਤ ਜ਼ਿਆਦਾ ਗਰਮੀ ਸੀ, ਜਿਸ ਕਾਰਨ ਉਤਪਾਦਨ ’ਚ ਕਮੀ ਆਈ ਹੈ। -ਗੁਆਂਢੀ ਸੂਬਿਆਂ ਤੋਂ ਪਿਆਜ਼ ਤੇ ਟਮਾਟਰ ਲੋੜੀਂਦੀ ਮਾਤਰਾ ’ਚ ਸਪਲਾਈ ਨਹੀਂ ਕੀਤੇ ਜਾ ਰਹੇ ਹਨ। -ਕਈ ਥਾਵਾਂ ਤੇ ਇਸ ਸਾਲ ਟਮਾਟਰ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਈ ਹੈ। -ਮੌਨਸੂਨ ਚ ਟਮਾਟਰ ਦੀ ਪੈਦਾਵਾਰ ਚ ਕਮੀ ਆਉਣ ਕਾਰਨ ਕੀਮਤਾਂ ਵਧਦੀਆਂ ਹਨ। -ਵੱਖ-ਵੱਖ ਖੇਤਰਾਂ ’ਚ ਸੀਜ਼ਨ ਦੇ ਆਧਾਰ ਤੇ ਉਤਪਾਦਨ ਦੀ ਮਾਤਰਾ ਘੱਟ ਜਾਂ ਵੱਧ ਰਹਿੰਦੀ ਹੈ। -ਜੁਲਾਈ ’ਚ ਮੌਨਸੂਨ ਸ਼ੁਰੂ ਹੋਣ ਨਾਲ ਪੈਦਾਵਾਰ ਘਟਦੀ ਹੈ ਤੇ ਕੀਮਤਾਂ ਵਧ ਜਾਂਦੀਆਂ ਹਨ। ---------------------- ਮਹਿੰਗਾਈ ਕਾਰਨ ਸਬਜ਼ੀ ਮੰਡੀ ’ਚ ਪਸਰੀ ਸੁੰਨ ਮੀਂਹ ਕਾਰਨ ਸਬਜ਼ੀਆਂ ਦੀ ਫ਼ਸਲ ਵੀ ਤਬਾਅ ਹੋਈ ਹੈ, ਜਿਸ ਕਾਰਨ ਲੋਕਾਂ ਨੇ ਸਬਜ਼ੀ ਮੰਡੀ ਵੱਲੋਂ ਮੂੰਹ ਮੋੜ ਲਿਆ ਹੈ। ਸਭ ਤੋਂ ਉੱਪਰ ਪਿਆਜ਼ ਤੇ ਟਮਾਟਰ ਮਹਿੰਗੇ ਚੱਲ ਰਹੇ ਹਨ, ਜੋ ਪ੍ਰਚੂਨ ਵਿਚ 80 ਰੁਪਏ ਪ੍ਰਤੀ ਕਿੱਲੋ ਵੇਚੇ ਜਾ ਰਹੇ ਹਨ। --------------------- ਕਿੱਲੋਆਂ ’ਚ ਖ਼ਰੀਦਦਾਰੀ ਕਰਨ ਵਾਲੇ ਪਾਈਆ ’ਤੇ ਸਿਮਟੇ ਇਸ ਬਾਰੇ ਸਬਜ਼ੀ ਦੇ ਰਿਟੇਲ ਵਪਾਰੀ ਦੱਸਦੇ ਹਨ ਕਿ ਆਮ ਦਿਨਾਂ ਚ ਇਕ ਕਿਲੋ ਸਬਜ਼ੀ ਤੇ ਪੰਜ ਕਿੱਲੋ ਪਿਆਜ਼ ਖਰੀਦਣ ਵਾਲੇ ਗਾਹਕ ਹੁਣ ਪਾਈਆ ਸਬਜ਼ੀ ਤੇ ਅੱਧਾ ਕਿਲੋ ਪਿਆਜ਼ ਖਰੀਦ ਰਹੇ ਹਨ। ਰੀਟੇਲ ਵਪਾਰੀਆਂ ਦਾ ਵੀ ਸਬਜ਼ੀ ਖਰੀਦਣ ਤੇ ਨਿਵੇਸ਼ ਵਧ ਗਿਆ ਹੈ। --------------------- ਹਾਲੇ ਹੋਰ ਝੱਲਣੀ ਪਵੇਗੀ ਮਹਿੰਗਾਈ ਇਸ ਬਾਰੇ ਥੋਕ ਵਪਾਰੀਆਂ ਤੇ ਰੀਟੇਲ ਸਬਜ਼ੀ ਦੇ ਵਪਾਰੀਆਂ ਨੇ ਦੱਸਿਆ ਕਿ ਇਹ ਮਹਿੰਗਾਈ ਦੀ ਮਾਰ ਅਜੇ ਹੋਰ ਝੱਲਣੀ ਪਵੇਗੀ, ਕਿਉਂਕਿ ਮੀਂਹ ਦੇ ਮੌਸਮ ਕਰਕੇ ਲੋਕਲ ਸਬਜ਼ੀ ਆਉਣ ਦੀ ਵੀ ਸੰਭਾਵਨਾ ਬਹੁਤ ਘੱਟ ਹੈ। ਇਸ ਕਰਕੇ ਅਜੇ ਲੋਕਾਂ ਨੂੰ ਸਬਜ਼ੀ ਤੇ ਮਹਿੰਗਾਈ ਦੀ ਹੋਰ ਮਾਰ ਝੱਲਣੀ ਪੈ ਸਕਦੀ ਹੈ। ----------------------- ਸਬਜ਼ੀਆਂ ਦੇ ਭਾਅ ’ਚ ਹੋਏ ਵਾਧੇ ਦਾ ਅੰਕੜਾ ਸਬਜ਼ੀ ਪਹਿਲਾਂ ਹੁਣ ਟਮਾਟਰ 40 ਰੁਪਏ 80 ਰੁਪਏ ਪਿਆਜ਼ 35 ਰੁਪਏ 80 ਰੁਪਏ ਮਟਰ 40 ਰੁਪਏ 140 ਰੁਪਏ ਅਰਬੀ 20 ਰੁਪਏ 80 ਰੁਪਏ ਗੋਭੀ 40 ਰੁਪਏ 80 ਰੁਪਏ ਕਰੇਲਾ 20 ਰੁਪਏ 80 ਰੁਪਏ ਗਾਜਰ 40 ਰੁਪਏ 90 ਰੁਪਏ ਨਿੰਬੂ 80 ਰੁਪਏ 120 ਰੁਪਏ ਮਿਰਚ 40 ਰੁਪਏ 90 ਰੁਪਏ ਹਲਵਾ 20 ਰੁਪਏ 40 ਰੁਪਏ ਕੱਦੂ 20 ਰੁਪਏ 60 ਰੁਪਏ ਬੈਂਗਣ 30 ਰੁਪਏ 60 ਰੁਪਏ ਕਚਾਲੂ 30 ਰੁਪਏ 60 ਰੁਪਏ