ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ
ਦਿਵਯ ਜਯੋਤੀ ਜਾਗਰਤੀ ਸੰਸਥਾਨ ਬਿਧਿਪੁਰ ਆਸ਼ਰਮ ’ਚ ਮਹਾਸ਼ਿਵਰਾਤਰੀ ਦਾ ਪਾਵਨ ਮਹਾਪਰਵ ਮਨਾਇਆ
Publish Date: Mon, 16 Feb 2026 06:21 PM (IST)
Updated Date: Mon, 16 Feb 2026 06:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜਯੋਤੀ ਜਾਗਰਤੀ ਸੰਸਥਾਨ ਦੀ ਜਲੰਧਰ ਸ਼ਾਖਾ ਬਿਧਿਪੁਰ ਆਸ਼ਰਮ ’ਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਨਾਲ ਸਾਰਾ ਵਾਤਾਵਰਨ ਸ਼ਿਵਮਈ ਹੋ ਗਿਆ। ਇਸ ਪਵਿੱਤਰ ਮੌਕੇ ਸੰਸਥਾਨ ਦੇ ਸੰਚਾਲਕ ਗੁਰੂਦੇਵ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਆ ਸਾਧਵੀ ਮੇਧਾਵੀ ਭਾਰਤੀ ਨੇ ਆਪਣੇ ਪ੍ਰੇਰਣਾਦਾਇਕ ਤੇ ਓਜਸਵੀ ਪ੍ਰਵਚਨਾਂ ਨਾਲ ਹਾਜ਼ਰ ਸੰਗਤ ਨੂੰ ਆਧਿਆਤਮਿਕ ਗਿਆਨ ਨਾਲ ਪ੍ਰੇਰਿਤ ਕੀਤਾ। ਸਾਧਵੀ ਨੇ ਕਿਹਾ ਕਿ ਸ਼ਿਵਰਾਤਰੀ ਕੇਵਲ ਇਕ ਧਾਰਮਿਕ ਰਸਮ ਨਹੀਂ, ਸਗੋਂ ਆਤਮ-ਜਾਗਰਤੀ ਦਾ ਦਿਵਯ ਪਰਵ ਹੈ। ਭਗਵਾਨ ਸ਼ਿਵ ਦਾ ਸਰੂਪ ਸਾਦਗੀ, ਸਮਤਾ, ਕਰੁਣਾ, ਤਪੱਸਿਆ ਤੇ ਤਿਆਗ ਦਾ ਪ੍ਰਤੀਕ ਹੈ। ਉਹ ਆਪਣੀਆਂ ਜਟਾਂ ’ਚ ਗੰਗਾ ਧਾਰਣ ਕਰਦੇ ਹਨ, ਕੰਠ ’ਚ ਵਿਸ਼ ਨੂੰ ਸਥਾਨ ਦਿੰਦੇ ਹਨ ਤੇ ਮਸਤਕ ’ਤੇ ਚੰਦਰਮਾ ਧਾਰਣ ਕਰ ਕੇ ਸੰਤੁਲਨ ਦਾ ਸੰਦੇਸ਼ ਦਿੰਦੇ ਹਨ ਇਹ ਸਾਰੇ ਮਨੁੱਖੀ ਜੀਵਨ ਲਈ ਡੂੰਘੀਆਂ ਸਿੱਖਿਆਵਾਂ ਹਨ। ਕਾਰਜਕ੍ਰਮ ਦੌਰਾਨ ਭਜਨ-ਕੀਰਤਨ ਦੀ ਮਿੱਠੀ ਪ੍ਰਸਤੁਤੀ ਨੇ ਸਾਰੇ ਵਾਤਾਵਰਨ ਨੂੰ ਭਗਤੀਮਈ ਬਣਾ ਦਿੱਤਾ। “ਬਮ ਬਮ ਭੋਲੇ” ਤੇ ਸ਼ਿਵ ਸਤੁਤੀ ਦੇ ਜੈਕਾਰਿਆਂ ਨਾਲ ਆਸ਼ਰਮ ਕੰਪਲੈਕਸ ਗੂੰਜ ਉਠਿਆ। ਸ਼ਰਧਾਲੂ ਭਗਵਾਨ ਸ਼ਿਵ ਦੀ ਭਗਤੀ ’ਚ ਲੀਨ ਹੋ ਗਏ। ਆਰਤੀ ਤੇ ਸਾਂਝੀ ਪ੍ਰਾਰਥਨਾ ਕੀਤੀ ਗਈ, ਜਿਸ ’ਚ ਸਮਾਜ ਦੀ ਸੁਖ-ਸਮ੍ਰਿੱਧੀ, ਸ਼ਾਂਤੀ ਤੇ ਸਦਭਾਵਨਾ ਲਈ ਮੰਗਲ ਕਾਮਨਾ ਕੀਤੀ ਗਈ।