- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ’ਚ ਪੂਰਾ ਉਤਸ਼ਾਹ

-ਮੈਚ ਵੇਖਣ ਵੱਡੀ ਗਿਣਤੀ ’ਚ ਪੁੱਜ ਰਹੇ ਭਾਰਤੀ ਖਿਡਾਰੀਆਂ ਦੇ ਪਰਿਵਾਰ ਤੇ ਸਾਬਕਾ ਹਾਕੀ ਖਿਡਾਰੀ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੀ ਧਰਤੀ ਉਤੇ ਪਹਿਲੀ ਵਾਰ ਹੋ ਰਹੇ ਹਾਕੀ ਦੇ ਕੌਮਾਂਤਰੀ ਟੂਰਨਾਮੈਂਟ ਹਾਕੀ ਏਸ਼ੀਅਨ ਏਸ਼ੀਅਨਜ਼ ਟਰਾਫੀ ਨੂੰ ਲੈ ਕੇ ਹਾਕੀ ਜਗਤ ’ਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਹੋ ਰਹੇ ਮੈਚਾਂ ਨੂੰ ਲੈ ਕੇ ਭਾਰਤੀ ਹਾਕੀ ਟੀਮ ’ਚ ਖੇਡ ਰਹੇ ਪੰਜਾਬੀ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਤੇ ਭਾਰਤ ਦੇ ਸਾਬਕਾ ਹਾਕੀ ਖਿਡਾਰੀ ਵੀ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਹੁੰਮ-ਹੁਮਾ ਕੇ ਪੁੱਜ ਰਹੇ ਹਨ। ਭਾਰਤੀ ਹਾਕੀ ਟੀਮ ’ਚ ਅੱਠ ਖਿਡਾਰੀ ਕਪਤਾਨ ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਜੁਗਰਾਜ ਸਿੰਘ, ਜਰਮਨਪ੍ਰੀਤ ਸਿੰਘ ਤੇ ਕ੍ਰਿਸ਼ਨ ਬਹਾਦਰ ਪਾਠਕ ਪੰਜਾਬ ਤੋਂ ਹਨ। ਹਰਮਨਪ੍ਰੀਤ ਦੇ ਮਾਤਾ-ਪਿਤਾ ਸਰਬਜੀਤ ਸਿੰਘ ਤੇ ਮਾਤਾ ਰਾਜਵਿੰਦਰ ਕੌਰ, ਪਤਨੀ ਅਮਨਦੀਪ ਕੌਰ ਤੇ ਉਨ੍ਹਾਂ ਦੇ ਮਾਤਾ-ਪਿਤਾ, ਬੇਟੀਆਂ ਰੂਹਾਨਤ ਤੇ ਮੇਹਰ, ਹਾਰਦਿਕ ਸਿੰਘ ਦੇ ਪਿਤਾ ਵਰਿੰਦਰ ਸਿੰਘ ਜੋ ਮੈਚ ਵੀ ਦੇਖ ਰਹੇ ਹਨ ਅਤੇ ਪਹਿਲੇ ਮੈਚ ਵਿੱਚ ਮੁੱਖ ਮੰਤਰੀ ਦੇ ਐਸ.ਪੀ. ਸਕਿਓਰਟੀ ਵਜੋਂ ਡਿਊਟੀ ਵੀ ਨਿਭਾਈ। ਹਾਰਦਿਕ ਦੇ ਮਾਤਾ ਓਨੀਆਂ ਰਾਏ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੀ ਮੈਂਬਰ ਓਲੰਪੀਅਨ ਗੋਲਡ ਮੈਡਲਿਸਟ ਗੁਰਮੇਲ ਸਿੰਘ ਨੂੰ ਏਸ਼ੀਅਨ ਗੇਮਜ਼ ਗੋਲਡ ਮੈਡਲਿਸਟ ਰਾਜਬੀਰ ਕੌਰ, ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਤੇ ਦਵਿੰਦਰਜੀਤ ਕੌਰ, ਸੁਖਜੀਤ ਸਿੰਘ ਦੇ ਪਿਤਾ ਅਜੀਤ ਸਿੰਘ ਤੇ ਮਾਤਾ ਕੁਲਦੀਪ ਕੌਰ, ਜਰਮਨਪ੍ਰੀਤ ਸਿੰਘ ਦੇ ਪਿਤਾ ਬਲਬੀਰ ਸਿੰਘ ਤੇ ਮਾਤਾ ਕੁਲਵਿੰਦਰ ਕੌਰ, ਦਿਲਪ੍ਰੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਤੇ ਮਾਤਾ ਸੁਖਵੰਤ ਕੌਰ ਆਪਣੇ ਲਾਡਲਿਆਂ ਦਾ ਹੌਸਲਾ ਵਧਾਉਣ ਲਈ ਦਰਸ਼ਕ ਗੈਲਰੀ ਵਿੱਚ ਮੌਜੂਦ ਰਹਿੰਦੇ ਹਨ।
---
ਵੱਡੇ ਭਰਾ ਨੂੰ ਖੇਡਦਾ ਦੇਖਦਾ ਹਾਰਦਿਕ
ਹਾਰਦਿਕ ਦਾ ਛੋਟਾ ਭਰਾ ਜੋ ਹਾਲ ਹੀ ਵਿੱਚ ਭਾਰਤ ਵੱਲੋਂ ਜੂਨੀਅਰ ਏਸ਼ੀਆ ਕੱਪ ਜਿੱਤ ਕੇ ਆਇਆ ਹੈ, ਵੀ ਵੱਡੇ ਭਰਾ ਨੂੰ ਖੇਡਦਾ ਦੇਖ ਰਿਹਾ ਹੈ। ਹਰਮਨਪ੍ਰੀਤ ਸਿੰਘ ਦੀ ਚਾਰ ਮਹੀਨਿਆਂ ਦੀ ਬੇਟੀ ਮੇਹਰ ਪਹਿਲੀ ਵਾਰ ਹਾਕੀ ਫੀਲਡ ਵਿੱਚ ਆਈ। ਹਰਮਨ ਨੇ ਮੈਚ ਤੋਂ ਬਾਅਦ ਗੋਦੀ ਚੁੱਕ ਕੇ ਲਾਡ ਲਡਾਇਆ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਹਾਕੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
---
ਟੂਰਨਾਮੈਂਟ ਪੰਜਾਬ ਹਾਕੀ ਲਈ ਸ਼ੁੱਭ ਸ਼ਗਨ : ਢਿੱਲੋਂ
ਤਿੰਨ ਵਾਰ ਦੇ ਓਲੰਪੀਅਨ ਅਤੇ ਸਾਬਕਾ ਭਾਰਤੀ ਕਪਤਾਨ ਬਲਜੀਤ ਸਿੰਘ ਢਿੱਲੋਂ ਨੇ ਇਸ ਟੂਰਨਾਮੈਂਟ ਨੂੰ ਪੰਜਾਬ ਦੀ ਹਾਕੀ ਲਈ ਸ਼ੁਭ ਸ਼ਗਨ ਦੱਸਿਆ। ਉਦਘਾਟਨੀ ਸਮਾਰੋਹ ਮੌਕੇ ਜਿੱਥੇ ਹਾਕੀ ਸਮੇਤ ਹੋਰਨਾਂ ਖੇਡਾਂ ਦੇ ਓਲੰਪੀਅਨ ਤੇ ਕੌਮਾਂਤਰੀ ਖਿਡਾਰੀ ਵੱਡੀ ਗਿਣਤੀ ਵਿੱਚ ਪੁੱਜੇ ਉੱਥੇ ਰੋਜ਼ਾਨਾ ਹੋਣ ਵਾਲੇ ਮੈਚਾਂ ਦੌਰਾਨ ਸਾਬਕਾ ਓਲੰਪੀਅਨ ਪੁੱਜ ਰਹੇ ਹਨ। ਪੰਜਾਬ ਪੁਲਿਸ ਵਿੱਚ ਸੀਨੀਅਰ ਅਹੁਦਿਆਂ ਉੱਤੇ ਤਾਇਨਾਤ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਤੇ ਓਲੰਪੀਅਨ ਗੁਰਬਾਜ਼ ਸਿੰਘ ਨੇ ਦਰਸ਼ਕ ਗੈਲਰੀ ਸਟੈਂਡ ਵਿੱਚ ਬੈਠ ਕੇ ਮੈਚ ਵੇਖਿਆ। ਮਾਸਕੋ ਓਲੰਪਿਕਸ ਦੇ ਗੋਲਡ ਮੈਡਲਿਸਟ ਸੁਰਿੰਦਰ ਸਿੰਘ ਸੋਢੀ ਨੇ ਤੀਜੇ ਦਿਨ ਹੋਏ ਮੈਚਾਂ ਵਿੱਚ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਜਦੋਂਕਿ ਓਲੰਪੀਅਨ ਗੁਰਜੰਟ ਸਿੰਘ ਤੇ ਗੁਰਵਿੰਦਰ ਸਿੰਘ ਚੰਦੀ ਨੇ ਮੈਨ ਆਫ ਦਿ ਮੈਚ ਸਮਾਰੋਹ ਦੀ ਪ੍ਰਧਾਨਗੀ ਕੀਤੀ।
---
70 ਵਲੰਟੀਅਰ ਸੇਵਾਵਾਂ ਨਿਭਾਅ ਰਹੇ ਨੇ
ਪੂਰੇ ਟੂਰਨਾਮੈਂਟ ਦੌਰਾਨ 70 ਵਲੰਟੀਅਰ ਸੇਵਾਵਾਂ ਨਿਭਾ ਰਹੇ ਹਨ ਜੋ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀ ਅਤੇ ਛੋਟੀ ਉਮਰ ਦੇ ਖਿਡਾਰੀ ਹਨ। ਇਹ ਬਾਲ ਬੁਆਏ ਦੀ ਭੂਮਿਕਾ ਵੀ ਨਿਭਾ ਰਹੇ ਹਨ ਅਤੇ ਟੀਮਾਂ ਦੀ ਜਾਣ ਪਛਾਣ ਮੌਕੇ ਕੌਮੀ ਝੰਡਾ ਲੈ ਕੇ ਆਉਂਦੇ ਹਨ। ਕਿਸੇ ਸਮੇਂ ਭਾਰਤੀ ਮੌਜੂਦਾ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਕ੍ਰਿਸ਼ਨ ਪਾਠਕ ਵੀ ਇਸੇ ਸਟੇਡੀਅਮ ਵਿੱਚ ਅਕੈਡਮੀ ਦੇ ਵਿੰਗ ਵਿੱਚ ਖੇਡਦੇ ਸਨ। ਜਲੰਧਰ ਵਿਖੇ 27 ਅਕਤੂਬਰ ਨੂੰ ਚੈਂਪੀਅਨਜ਼ ਟਰਾਫੀ ਦਾ ਉਦਘਾਟਨ ਹੋਇਆ। ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਕੋਰੀਆ, ਜਪਾਨ, ਮਲੇਸ਼ੀਆ, ਚੀਨ ਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। 27 ਅਕਤੂਬਰ ਤੋਂ 2 ਨਵੰਬਰ ਤੱਕ ਸਾਰੇ ਲੀਗ ਮੈਚ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡੇ ਜਾਣਗੇ।4 ਤੇ 5 ਨਵੰਬਰ ਨੂੰ ਸੈਮੀ ਫਾਈਨਲ ਤੇ ਫਾਈਨਲ ਹੋਣਗੇ।