ਮੇਲਾ ਗ਼ਦਰੀ ਬਾਬਿਆਂ ਦਾ: ਨਾਟਕਾਂ, ਗੀਤ-ਸੰਗੀਤ ਤੇ ਵਿਚਾਰ-ਚਰਚਾ ਨੂੰ ਅੰਤਿਮ ਛੋਹਾਂ ਮੇਲਾ ਗ਼ਦਰੀ ਬਾਬਿਆਂ ਦਾ: ਨਾਟਕਾਂ, ਗੀਤ-ਸੰਗੀਤ ਤੇ ਵਿਚਾਰ-ਚਰਚਾ ਨੂੰ ਅੰਤਿਮ ਛੋਹਾਂ
Publish Date: Sun, 18 Oct 2026 07:28 PM (IST)
Updated Date: Mon, 19 Oct 2026 04:06 AM (IST)
- ਪ੍ਰਜੌਏ ਗੁਹਾ ਠਾਕੁਰਤਾ ਤੇ ਡਾ. ਨਵਸ਼ਰਨ ਕਰਨਗੇ ਸੰਬੋਧਨ, ਪਹਿਲੀ ਨਵੰਬਰ ਨੂੰ ਸਾਰੀ ਰਾਤ ਚੱਲਣਗੀਆਂ ਨਾਟਕੀ ਪੇਸ਼ਕਾਰੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਣ ਵਾਲੇ ‘ਮੇਲਾ ਗ਼ਦਰੀ ਬਾਬਿਆਂ ਦਾ’ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। 30 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸਮਾਗਮਾਂ ਦੌਰਾਨ ਚਿੱਤਰਕਲਾ, ਫੋਟੋ ਕਲਾ ਤੇ ਪੁਸਤਕ ਪ੍ਰਦਰਸ਼ਨੀ ਦੇ ਨਾਲ-ਨਾਲ ਮੁਲਕ ਦੇ ਭਖਦੇ ਮਸਲਿਆਂ ’ਤੇ ਵਿਚਾਰ-ਚਰਚਾ, ਨਾਟਕ ਤੇ ਗੀਤ-ਸੰਗੀਤ ਪੇਸ਼ ਕੀਤੇ ਜਾਣਗੇ। 31 ਅਕਤੂਬਰ ਨੂੰ ਪ੍ਰਜੌਏ ਗੁਹਾ ਠਾਕੁਰਤਾ ਵਿਚਾਰ-ਚਰਚਾ ਦੇ ਮੁੱਖ ਬੁਲਾਰੇ ਹੋਣਗੇ, ਜਦਕਿ ਪਹਿਲੀ ਨਵੰਬਰ ਨੂੰ ਡਾ. ਨਵਸ਼ਰਨ ਮੁੱਖ ਭਾਸ਼ਣ ਦੇਣਗੇ। ਪਹਿਲੀ ਨਵੰਬਰ ਨੂੰ ਝੰਡਾ ਲਹਿਰਾਉਣ ਉਪਰੰਤ ਸੰਗੀਤ ਨਾਟ ਓਪਰਾ ‘ਝੰਡੇ ਦਾ ਗੀਤ’ ਤੇ ਬੱਬਰ ਅਕਾਲੀ ਲਹਿਰ ਨਾਲ ਸਬੰਧਤ ਪੇਸ਼ਕਾਰੀ ਹੋਵੇਗੀ। ਇਸ ਤੋਂ ਇਲਾਵਾ ਵੱਖ-ਵੱਖ ਲੋਕ ਸੰਗੀਤ ਮੰਡਲੀਆਂ, ਕਵੀਸ਼ਰੀ ਜਥਿਆਂ ਤੇ ਗਾਇਕਾਂ ਵੱਲੋਂ ਇਨਕਲਾਬੀ ਗੀਤ ਤੇ ਸੰਗੀਤ ਪੇਸ਼ ਕੀਤਾ ਜਾਵੇਗਾ। ਮੇਲੇ ਦੀ ਨਾਟਕਾਂ ਭਰੀ ਰਾਤ ਦੌਰਾਨ ਨਵਚਿੰਤਨ ਕਲਾ ਮੰਚ ਬਿਆਸ ਵੱਲੋਂ ਗੁਰਸ਼ਰਨ ਭਾਅ ਜੀ ਦਾ ਨਾਟਕ ‘ਸੀਸ ਤਲੀ ’ਤੇ’, ਕਮਲਾ ਨਹਿਰੂ ਕਾਲਜ ਫਗਵਾੜਾ ਦੀਆਂ ਵਿਦਿਆਰਥਣਾਂ ਵੱਲੋਂ ਸਫ਼ਦਰ ਹਾਸ਼ਮੀ ਦਾ ਨਾਟਕ ‘ਔਰਤ’ ਤੇ ਮੰਚ ਰੰਗਮੰਚ ਅੰਮ੍ਰਿਤਸਰ ਵੱਲੋਂ ‘ਤੂੰ ਬੁੱਲ੍ਹੇ ਵਾਂਗੂੰ ਬੋਲ’ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ‘ਖਿੜਦੇ ਰਹਿਣ ਗੁਲਾਬ’ ਤੇ ‘ਅਸੀਂ ਯੁੱਗ ਸਿਰਜਾਂਗੇ’ ਨਾਟਕ ਵੀ ਖੇਡੇ ਜਾਣਗੇ। ਤਿੰਨਾਂ ਦਿਨਾਂ ਦੌਰਾਨ ਪੁਸਤਕ ਪ੍ਰਦਰਸ਼ਨੀ ਲੱਗੀ ਰਹੇਗੀ। ਇਸ ਸਬੰਧੀ ਜਾਣਕਾਰੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਿੱਤੀ।