ਸ਼੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਦਾ ਨੀਂਹ ਪੱਥਰ ਛੇਤੀ ਰੱਖਿਆ ਜਾਵੇਗਾ : ਟੀਨੂੰ
ਸ੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਦਾ ਨੀਹ ਪੱਥਰ ਛੇਤੀ ਰੱਖਿਆ ਜਾਵੇਗਾ : ਟੀਨੂੰ
Publish Date: Fri, 23 Jan 2026 06:47 PM (IST)
Updated Date: Fri, 23 Jan 2026 06:49 PM (IST)

- ਚੇਅਰਮੈਨ ਪਵਨ ਕੁਮਾਰ ਟੀਨੂ ਡੇਰਾ ਸੱਚਖੰਡ ਬੱਲਾਂ ’ਚ ਹੋਏ ਨਤਮਸਤਕ - ਸੰਤ ਨਿਰੰਜਨ ਦਾਸ ਮਹਾਰਾਜ ਜੀ ਪਾਸੋਂ ਆਸ਼ੀਰਵਾਦ ਕੀਤਾ ਪ੍ਰਾਪਤ ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਇੰਚਾਰਜ ਆਦਮਪੁਰ ਚੇਅਰਮੈਨ ਪਵਨ ਕੁਮਾਰ ਟੀਨੂ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਟੀਨੂੰ ਨੇ ਸਭ ਤੋਂ ਪਹਿਲਾਂ ਸੰਤ ਸਰਵਣ ਦਾਸ ਮਹਾਰਾਜ ਜੀ ਦੀ ਪ੍ਰਤਿਮਾ ਅੱਗੇ ਮੱਥਾ ਟੇਕਿਆ ਅਤੇ ਇਸ ਉਪਰੰਤ ਸੰਤ ਨਿਰੰਜਨ ਦਾਸ ਮਹਾਰਾਜ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਬਨਾਰਸ (ਯੂਪੀ) ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਪਵਨ ਟੀਨੂੰ ਨੇ ਸੰਤ ਨਿਰੰਜਨ ਦਾਸ ਮਹਾਰਾਜ ਨਾਲ ਸ਼੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 25 ਕਰੋੜ ਦੀ ਜਾਰੀ ਕੀਤੀ ਗਈ ਰਾਸ਼ੀ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਲਈ ਡੇਰਾ ਸੱਚਖੰਡ ਬੱਲਾਂ ਦੇ ਨਜ਼ਦੀਕੀ ਪਿੰਡ ਨੌਗੱਜਾ ਵਿਖੇ ਕਰੀਬ 12 ਕਿੱਲੇ ਜ਼ਮੀਨ ਦੀ ਖਰੀਦ ਸਰਕਾਰ ਵੱਲੋਂ ਕੀਤੀ ਗਈ ਹੈ ਅਤੇ ਜਲਦੀ ਹੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਦੀ ਉਸਾਰੀ ਵਾਸਤੇ ਨੀਂਹ ਪੱਥਰ ਰੱਖਿਆ ਜਾਵੇਗਾ। ਟੀਨੂੰ ਨੇ ਕਿਹਾ ਕਿ ਨੀਂਹ ਪੱਥਰ ਰੱਖਣ ਉਪਰੰਤ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜਿੱਥੇ ਉੱਚ ਦਰਜੇ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਬੰਧੀ ਉੱਚ ਦਰਜੇ ਦੀ ਸਿੱਖਿਆ ਪ੍ਰਾਪਤ ਕਰਨਗੇ। ਇਸ ਮੌਕੇ ‘ਆਪ’ ਆਗੂ ਜਸਪ੍ਰੀਤ ਸਿੰਘ ਜੱਸਾ ਚਾਹਲ ਸੰਘਵਾਲ, ਬੈਂਟੂ, ਅਮਨਦੀਪ ਭੇਲਾ, ਵਿੱਕੀ ਸਮੇਤ ਹੋਰ ਆਗੂ ਤੇ ਵਰਕਰ ਆਦਿ ਹਾਜ਼ਰ ਸਨ।