ਪਦਮਸ਼੍ਰੀ ਸੰਤ ਨਿਰੰਜਨ ਦਾਸ ਜੀ ਸਮੇਤ ‘ਸੰਤ ਸਮਾਜ’ ਦੀ ਭਰਵੀਂ ਹਾਜ਼ਰੀ ’ਚ ਹੋਇਆ ਨੀਂਹ ਪੱਥਰ ਸਮਾਗਮ ਪਦਮ ਸ੍ਰੀ ਸੰਤ ਨਿਰੰਜਨ ਦਾਸ ਜੀ ਸਮੇਤ 'ਸੰਤ ਸਮਾਜ' ਦੀ ਭਰਵੀਂ ਹਾਜ਼ਰੀ ਵਿੱਚ ਹੋਇਆ ਨੀਂਹ ਪੱਥਰ ਸਮਾਰੋਹ
Publish Date: Sun, 09 Aug 2026 09:12 PM (IST)
Updated Date: Sun, 09 Aug 2026 09:14 PM (IST)
ਤੇਜਿੰਦਰ ਕੌਰ ਥਿੰਦ/ਸੁਰਜੀਤ ਪਾਲ, ਪੰਜਾਬੀ ਜਾਗਰਣ ਜਲੰਧਰ/ਕਿਸ਼ਨਗੜ੍ਹ : ਮਨੁੱਖਤਾ, ਬਰਾਬਰੀ ਤੇ ਸਮਾਜਿਕ ਸਦਭਾਵਨਾ ਦਾ ਸੰਦੇਸ਼ ਦੇਣ ਵਾਲੇ ਮਹਾਨ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਇਲਾਹੀ ਸਿੱਖਿਆਵਾਂ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲੰਧਰ ਦੇ ਇਤਿਹਾਸਕ ਡੇਰਾ ਸੱਚਖੰਡ ਬੱਲਾਂ ਦੇ ਨੇੜਲੇ ਪਿੰਡ ਨੌਗੱਜਾ ਵਿਖੇ ਵਿਸ਼ਵ ਪ੍ਰਸਿੱਧ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦਾ ਨੀਂਹ ਪੱਥਰ ਰੱਖਿਆ। ਇਸ ਪਵਿੱਤਰ ਅਤੇ ਵੱਕਾਰੀ ਸਮਾਗਮ ਦੌਰਾਨ ਸਮੁੱਚੀ ਕੈਬਨਿਟ ਸਣੇ ਡੇਰਾ ਸੱਚਖੰਡ ਬੱਲਾਂ ਦੇ ਮੁੱਖ ਪ੍ਰਬੰਧਕ ਪਦਮਸ਼੍ਰੀ ਸੰਤ ਨਿਰੰਜਨ ਦਾਸ ਜੀ, ਬਾਲ ਨਾਥ ਆਸ਼ਰਮ ਦੇ ਸੰਤ ਪ੍ਰਗਟ ਨਾਥ ਜੀ, ਕਠਾਰ ਦੇ ਸੰਤ ਪਰਦੀਪ ਦਾਸ ਜੀ, ਸੰਤ ਤੇਜਾ ਸਿੰਘ ਜੀ, ਸੰਤ ਨਿਰਮਲ ਦਾਸ ਜੀ ਜੌੜੇ ਵਾਲੇ ਅਤੇ ਸੰਤ ਲੇਖ ਰਾਜ ਜੀ ਸਮੇਤ ਸੰਤ ਸਮਾਜ ਦੀਆਂ ਪ੍ਰਮੁੱਖ ਹਸਤੀਆਂ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੀਆਂ। ਇਸ ਲਾਸਾਨੀ ਪ੍ਰੋਜੈਕਟ ਨਾਲ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਗੁਰੂ ਸਾਹਿਬ ਦੀ ਬਾਣੀ ਅਤੇ ਵਿਚਾਰਧਾਰਾ ਨੂੰ ਵਿਸ਼ਵ ਪੱਧਰ ’ਤੇ ਫੈਲਾਉਣ ਲਈ ਇਹ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਪ੍ਰਸਿੱਧ ਸੂਫੀ ਗਾਇਕ ਕਲੇਰ ਕੰਠ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਣ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਾਰਾ ਪੰਡਾਲ ‘ਜੋ ਬੋਲੇ ਸੋ ਨਿਰਭੈ ਸ੍ਰੀ ਗੁਰੂ ਰਵਿਦਾਸ ਜੀ ਕੀ ਜੈ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ੍ਰੀ ਗੁਰੂ ਰਵਿਦਾਸ ਅਧਿਐਨ ਸੈਂਟਰ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਦਮਸ਼੍ਰੀ ਸੰਤ ਨਿਰੰਜਨ ਦਾਸ ਜੀ ਅਤੇ ਸੰਤ ਮਹਾਂਪੁਰਸ਼ਾਂ ਵੱਲੋਂ ਸਾਂਝੇ ਤੌਰ ’ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਰੱਖਿਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਨੇ ਇਸ ਸ਼ੁੱਭ ਕਾਰਜ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਸਭ ਨੂੰ ਜੀ ਆਇਆਂ ਨੂੰ ਕਿਹਾ। ਇਸ ਉਪਰੰਤ ਖਜ਼ਾਨਾ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਇਮਾਨਦਾਰ ਮੁੱਖ ਮੰਤਰੀ ਮਾਨ ਦੀ ਇੱਕੋ ਹੀ ਸੋਚ ਹੈ ਕਿ ਉਹ ਸਾਰੇ ਹੀ ਵਰਗਾਂ ਨੂੰ ਹਮੇਸ਼ਾ ਨਾਲ ਲੈ ਕੇ ਚਲਦੇ ਹਨ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਕੇਂਦਰ 10.4 ਏਕੜ ਰਕਬੇ ਵਿੱਚ ਬਣਾਇਆ ਜਾ ਰਿਹਾ ਹੈ, ਜਿਸ ਦਾ ਕੁੱਲ ਕਵਰਡ ਏਰੀਆ ਲਗਭਗ 96,500 ਵਰਗ ਫੁੱਟ ਹੋਵੇਗਾ। ਪ੍ਰੋਜੈਕਟ ਦੀ ਕੁੱਲ ਲਾਗਤ 37 ਕਰੋੜ ਰੁਪਏ ਆਵੇਗੀ, ਜਿਸ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ। ਇਸ ਇਤਿਹਾਸਕ ਕਾਰਜ ਲਈ 6.25 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਉੱਚ-ਪੱਧਰੀ ਖੋਜ ਕੇਂਦਰ ’ਚ ਗੁਰੂ ਰਵਿਦਾਸ ਜੀ ਦੀ ਬਾਣੀ, ਸਮਾਜਿਕ ਬਰਾਬਰੀ ਦੇ ਸੰਦੇਸ਼ ਅਤੇ ਮਾਨਵਤਾਵਾਦੀ ਫ਼ਲਸਫ਼ੇ ’ਤੇ ਪੀ.ਐੱਚ.ਡੀ. ਅਤੇ ਉੱਚ-ਪੱਧਰੀ ਖੋਜ ਕਰਨ ਵਾਲੇ ਵਿਦਵਾਨਾਂ ਲਈ ਵਿਸ਼ੇਸ਼ ਲਾਇਬ੍ਰੇਰੀ ਅਤੇ ਰਿਸਰਚ ਬਲਾਕ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੇਂਦਰ ਵਿੱਚ ਇੱਕ ਅਤਿ-ਆਧੁਨਿਕ ਡਿਜੀਟਲ ਲਾਇਬ੍ਰੇਰੀ ਬਣਾਈ ਜਾਵੇਗੀ, ਜਿਸ ਵਿੱਚ ਗੁਰੂ ਸਾਹਿਬ ਦੇ ਜੀਵਨ, ਯਾਤਰਾਵਾਂ ਅਤੇ ਬਾਣੀ ਨਾਲ ਸਬੰਧਿਤ ਇਤਿਹਾਸਕ ਦਸਤਾਵੇਜ਼ ਸੰਭਾਲੇ ਜਾਣਗੇ। ਇਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਖੋਜਾਰਥੀਆਂ ਲਈ ਸੈਮੀਨਾਰ ਹਾਲ ਤੇ ਰਹਿਣ-ਸਹਿਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਹ ਨੀਂਹ ਪੱਥਰ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੇ ਹਿੱਸੇ ਵਜੋਂ ਰੱਖਿਆ ਗਿਆ ਹੈ, ਜਿਸ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਨ੍ਹਾਂ ਸਮਾਗਮਾਂ ਤਹਿਤ 50 ਮੋਬਾਈਲ ਵੈਨਾਂ ਸਾਰੇ 23 ਜ਼ਿਲ੍ਹਿਆਂ ਦੇ 13,000 ਪਿੰਡਾਂ ਵਿੱਚ ਗੁਰੂ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ’ਤੇ ਡਾਕੂਮੈਂਟਰੀਆਂ ਦਿਖਾਉਣ ਲਈ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੇ ਬਰਾਬਰੀ, ਮਨੁੱਖਤਾ ਅਤੇ ਮਾਣ-ਸਤਿਕਾਰ ਦੇ ਸੰਦੇਸ਼ ਨੂੰ ਪੂਰੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਸ ਉਪਰਾਲੇ ਨੂੰ ਸਿੱਖਿਆ ਦੇ ਖੇਤਰ ਵਿੱਚ ਸੂਬਾ ਸਰਕਾਰ ਦੇ ਵਿਆਪਕ ਯਤਨਾਂ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦਿੱਤੀ ਹੈ ਅਤੇ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਪਹਿਲਕਦਮੀਆਂ ਕੀਤੀਆਂ ਹਨ। ਪੰਜਾਬ ਦੇ ਸਕੂਲ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਭਾਰਤ ਸਰਕਾਰ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਨੀਤੀ ਆਯੋਗ ਨੇ ਨਵੇਂ ਅੰਕੜੇ ਜਾਰੀ ਕੀਤੇ ਹਨ ਜੋ ਦਰਸਾਉਂਦੇ ਹਨ ਕਿ ਪੰਜਾਬ ਨੇ ਪ੍ਰਾਇਮਰੀ ਤੇ ਮਿਡਲ ਸਕੂਲ ਸਿੱਖਿਆ ਵਿੱਚ ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਨੰਬਰ ਇੱਕ ਸਥਾਨ ਹਾਸਲ ਕੀਤਾ ਹੈ। ਸੂਬਾ ਸਰਕਾਰ ਦਾ ਮੰਨਣਾ ਹੈ ਕਿ ਹਰ ਬੱਚੇ ਨੂੰ ਮਿਆਰੀ ਸਿੱਖਿਆ ਮਿਲਣੀ ਚਾਹੀਦੀ ਹੈ, ਚਾਹੇ ਉਸ ਦਾ ਆਰਥਿਕ ਪਿਛੋਕੜ ਕਿਹੋ ਜਿਹਾ ਵੀ ਹੋਵੇ। ਬੱਚਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਦੇ ਯਤਨਾਂ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਅੱਗੇ ਵਧਣ ਦੇ ਉਹੀ ਮੌਕੇ ਮਿਲਣ ਜੋ ਕਿਸੇ ਹੋਰ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ 2021 ਵਿੱਚ ਸਰਕਾਰੀ ਸਕੂਲਾਂ ਦੇ ਸਿਰਫ਼ 80 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਸੀ, ਉੱਥੇ ਹੀ 2026 ਵਿੱਚ ਇਹ ਗਿਣਤੀ ਵੱਧ ਕੇ 881 ਵਿਦਿਆਰਥੀ ਹੋ ਗਈ ਹੈ, ਜੋ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਕਾਬਲ ਤੇ ਸਮਰੱਥ ਬਣਾਉਣ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਸਿੱਖਿਆ ਸਭ ਤੋਂ ਮਜ਼ਬੂਤ ਹਥਿਆਰ ਹੈ ਅਤੇ ਸੂਬਾ ਸਰਕਾਰ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਕੋਈ ਕਸਰ ਨਹੀਂ ਛੱਡੇਗੀ। 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਮੈਂ ਬਹੁਤ ਭਾਗਾਂ ਵਾਲਾ ਹਾਂ ਕਿ ਮੈਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਇੰਨੇ ਵੱਡੇ ਪੱਧਰ ’ਤੇ ਮਨਾਉਣ ਦਾ ਸੁਭਾਗ ਮਿਲਿਆ ਹੈ। ਸੂਬਾ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਬੇਮਿਸਾਲ ਢੰਗ ਨਾਲ ਮਨਾਉਣ ਲਈ ਕੋਈ ਕਸਰ ਨਹੀਂ ਛੱਡੇਗੀ। ਗੁਰੂ ਜੀ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਫੈਲਾਉਣਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ। ਮੈਂ ਖੁਦ ਨੂੰ ਇਸ ਲਈ ਵੀ ਵਡਭਾਗਾ ਸਮਝਦਾ ਹਾਂ ਕਿ ਮੈਨੂੰ ਪਦਮਸ੍ਰੀ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਹਾਲ ਹੀ ਵਿੱਚ ਪਦਮਸ੍ਰੀ ਐਵਾਰਡ ਨਾਲ ਨਵਾਜਿਆ ਗਿਆ ਹੈ ਅਤੇ ਜੋ ਅੱਜ ਸਾਡੇ ਸਾਰਿਆਂ ਵਿਚਕਾਰ ਮੌਜੂਦ ਹਨ। ਗਰਮੀ ਤੇ ਹੁੰਮਸ ਦੇ ਬਾਵਜੂਦ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦੀਪਕ ਬਾਲੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕੈਬਨਿਟ ਮੰਤਰੀ ਰਾਜ ਕੁਮਾਰ ਚੱਬੇਵਾਲ, ਕੈਬਨਿਟ ਮੰਤਰੀ ਮਹਿੰਦਰ ਭਗਤ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ, ਵਿਧਾਇਕ ਕਰਤਾਰਪੁਰ ਬਲਕਾਰ ਸਿੰਘ, ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂ, ਵਿਧਾਇਕ ਹਰਭਜਨ ਸਿੰਘ ਈਟੀਓ, ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਮੇਅਰ ਵਿਨੀਤ ਧੀਰ, ਹਲਕਾ ਇੰਚਾਰਜ ਨਿਤਿਨ ਕੋਹਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਹੋਰ ਹਾਜ਼ਰ ਸਨ ।