
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡਾਇਰੈਕਟਰ ਸੈਂਸਜ਼ ਨੇ ਜਨਗਣਨਾ-2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਾਇਰੈਕਟਰ ਸੈਂਸਜ਼ (ਆਪ੍ਰੇਸ਼ਨ) ਡਾ. ਨਵਜੋਤ ਖੋਸਾ ਵੱਲੋਂ ਅੱਜ ਜ਼ਿਲ੍ਹਾ ਜਲੰਧਰ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਜਨਸੰਖਿਆ ਗਣਨਾ) ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਬਰਾੜ, ਜੁਆਇੰਟ ਕਮਿਸ਼ਨਰ, ਨਗਰ ਨਿਗਮ, ਡਾ. ਸੁਮਨਦੀਪ ਕੌਰ ਅਤੇ ਜਨਗਣਨਾ ਦੀਆਂ ਡਿਊਟੀਆਂ ਲਈ ਨਿਯੁਕਤ ਹੋਰ ਅਧਿਕਾਰੀ/ਕਰਮਚਾਰੀ ਮੌਜੂਦ ਸਨ। ਡਾਇਰੈਕਟਰ, ਸੈਂਸਜ਼ ਓਪਰੇਸ਼ਨ ਨੇ ਜ਼ਿਲ੍ਹੇ ਵਿੱਚ ਪਹਿਲੇ ਪੜਾਅ ‘ਹਾਊਸ ਲਿਸਟਿੰਗ ਤੇ ਹਾਊਸਿੰਗ ਸੈਂਸਜ਼ ਆਪ੍ਰੇਸ਼ਨ’ ਦੇ ਕਾਰਜਾਂ ਨੂੰ ਸਫ਼ਲਤਾਪੂਰਵਕ ਅਤੇ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਚਾਰਜ ਅਫ਼ਸਰਾਂ ਅਤੇ ਫੀਲਡ ਕਰਮਚਾਰੀਆਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਜਨਗਣਨਾ-2027 ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕੀਤੀਆਂ ਜਾਣ।
ਜ਼ਿਲ੍ਹਾ ਜਨਗਣਨਾ ਹੈਂਡਬੁੱਕ (ਡੀਸੀਐੱਚਬੀ) ਦੀ ਤਿਆਰੀ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਾਰੇ ਚਾਰਜ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਨਕਸ਼ਿਆਂ ਸਮੇਤ ਪਿੰਡ ਡਾਇਰੈਕਟਰੀ ਤੇ ਕਸਬਾ ਡਾਇਰੈਕਟਰੀ ਦੇ ਡਾਟਾ ਨੂੰ ਸੰਕਲਿਤ ਅਤੇ ਤਸਦੀਕ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤੇ ਆਖਰੀ ਮਿਤੀ 8 ਸਤੰਬਰ ਤੋਂ ਪਹਿਲਾਂ ਇਸਨੂੰ ਹਰ ਪੱਖੋਂ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਮੀਟਿੰਗ ’ਚ ਉਪ-ਮੰਡਲ ਮੈਜਿਸਟ੍ਰੇਟਸ, ਸਹਾਇਕ ਕਮਿਸ਼ਨਰ, ਤਹਿਸੀਲਦਾਰ, ਚਾਰਜ ਅਧਿਕਾਰੀ ਵੀ ਮੌਜੂਦ ਸਨ।