ਡੀਸੀ ਨੇ ਜਲੰਧਰੀਆਂ ਦਾ ਕੀਤਾ ਧੰਨਵਾਦ ਡਿਪਟੀ ਕਮਿਸ਼ਨਰ ਨੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ਾਨਦਾਰ ਸਫ਼ਲਤਾ ਲਈ ਜਲੰਧਰ ਦੇ ਲੋਕਾਂ ਦਾ ਕੀਤਾ ਧੰਨਵਾਦ
Publish Date: Tue, 03 Nov 2026 09:22 PM (IST)
Updated Date: Tue, 03 Nov 2026 09:23 PM (IST)
-ਖੇਡ ਸਮਾਗਮ ਲਈ ਦਿਨ-ਰਾਤ ਕੰਮ ਕਰਨ ਵਾਸਤੇ ਸਥਾਨਕ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਵੀ ਸ਼ਲਾਘਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ ਜਲੰਧਰ ਦੇ ਵਸਨੀਕਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ, ਜਿਨ੍ਹਾਂ ਨੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਸਫ਼ਲ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ। ਜਲੰਧਰ ਵਿਖੇ ਟੂਰਨਾਮੈਂਟ ਦੇ ਮੈਚਾਂ ਦੀ ਸਮਾਪਤੀ ’ਤੇ ਬੋਲਦਿਆਂ ਵਾਲੀਆ ਨੇ ਕਿਹਾ ਕਿ ਸਥਾਨਕ ਖੇਡ ਪ੍ਰੇਮੀਆਂ ਵੱਲੋਂ ਦਿਖਾਏ ਗਏ ਬੇਮਿਸਾਲ ਉਤਸ਼ਾਹ ਤੇ ਪਿਆਰ ਨੇ ਹਾਕੀ ਦੇ ਇਤਿਹਾਸ ’ਚ ਇਕ ਨਵਾਂ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ। ਪੂਰੇ ਮੈਚਾਂ ਦੌਰਾਨ ਸਟੇਡੀਅਮ ’ਚ ਰਿਕਾਰਡ ਤੋੜ ਭੀੜ ਦੇਖਣ ਨੂੰ ਮਿਲੀ। ਡੀਸੀ ਨੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਬਿਹਤਰੀਨ ਪ੍ਰਬੰਧਾਂ ਤੇ ਸੁਰੱਖਿਆ ਵਿਵਸਥਾ ਯਕੀਨੀ ਬਣਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਵਿਸ਼ਵ ਪੱਧਰੀ ਮਾਪਦੰਡਾਂ ਮੁਤਾਬਕ ਸਟੇਡੀਅਮ ਨੂੰ ਅਪਗ੍ਰੇਡ ਕਰਨ ਤੇ ਪ੍ਰਬੰਧਨ ਲਈ ਸਖ਼ਤ ਸਮਾਂ-ਹੱਦ ’ਚ ਦਿਨ-ਰਾਤ ਕੰਮ ਕੀਤਾ। ਇੰਨੇ ਵੱਡੇ ਪੱਧਰ ਤੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਦੀ ਮੇਜ਼ਬਾਨੀ ਕਰਨਾ ਪੂਰੇ ਜ਼ਿਲ੍ਹੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਇਕ ਸ਼ਾਨਦਾਰ ਖੇਡ ਸਮਾਗਮ ਬਣਾਉਣ ਦਾ ਸਿਹਰਾ ਸਥਾਨਕ ਲੋਕਾਂ ਤੇ ਮਿਹਨਤੀ ਅਧਿਕਾਰੀਆਂ/ਕਰਮਚਾਰੀਆਂ ਨੂੰ ਦਿੱਤਾ।