ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਬਾਬਾ ਪਿੱਪਲ ਦਾਸ ਜੀ ਦੀ ਬਰਸੀ ਸ਼ਰਧਾ ਨਾਲ ਮਨਾਈ ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਬਾਬਾ ਪਿੱਪਲ ਦਾਸ ਜੀ ਦੀ ਬਰਸੀ ਸ਼ਰਧਾ ਨਾਲ ਮਨਾਈ
Publish Date: Sun, 11 Oct 2026 06:49 PM (IST)
Updated Date: Mon, 12 Oct 2026 04:03 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਡੇਰਾ ਸੱਚਖੰਡ ਬੱਲਾਂ ਵਿਖੇ ਸੰਤ ਬਾਬਾ ਪਿੱਪਲ ਦਾਸ ਜੀ ਦਾ ਸਾਲਾਨਾ ਬਰਸੀ ਸਮਾਗਮ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ ਮਹਾਰਾਜ, ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ, ਬਨਾਰਸ ਦੀ ਸਰਪ੍ਰਸਤੀ ਹੇਠ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕਰ ਕੇ ਸੰਤ ਬਾਬਾ ਪਿੱਪਲ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੀ ਸ਼ੁਰੂਆਤ ਸਵੇਰੇ 8 ਵਜੇ ਪਿੰਡ ਬੱਲਾਂ ਵਿਖੇ ਸਥਿਤ ਸੰਤਾਂ ਦੀ ਪੁਰਾਤਨ ਕੁਟੀਆ ਵਿੱਚ ਅਰਦਾਸ ਨਾਲ ਹੋਈ। ਇਸ ਉਪਰੰਤ ਬੈਂਡ-ਵਾਜਿਆਂ ਦੀ ਗੂੰਜ ’ਚ ਹਰਿ ਦੇ ਨਿਸ਼ਾਨ ਝੁਲਾਏ ਗਏ। ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ਅਗਵਾਈ ਹੇਠ ਸੰਗਤਾਂ ਪਿੰਡ ਬੱਲਾਂ ਤੋਂ ਸ਼ੋਭਾ ਯਾਤਰਾ ਦੇ ਰੂਪ ’ਚ ਹਰਿ ਦੇ ਨਿਸ਼ਾਨ ਲੈ ਕੇ ਸੰਤ ਬਾਬਾ ਪਿੱਪਲ ਦਾਸ ਜੀ ਦੇ ਅੰਗੀਠਾ ਸਾਹਿਬ ਵਿਖੇ ਪਹੁੰਚੀਆਂ। ਭਾਰੀ ਮੀਂਹ ਦੇ ਬਾਵਜੂਦ ਸੰਗਤਾਂ ਦਾ ਉਤਸ਼ਾਹ ਤੇ ਸ਼ਰਧਾ ਕਾਇਮ ਰਹੀ। ਸੰਤ ਨਿਰੰਜਨ ਦਾਸ ਜੀ ਮਹਾਰਾਜ ਵੱਲੋਂ ਅਰਦਾਸ ਕਰਨ ਉਪਰੰਤ ਬੈਂਡ-ਵਾਜਿਆਂ ਨਾਲ ਹਰਿ ਦੇ ਨਿਸ਼ਾਨ ਝੁਲਾਏ ਗਏ। ਇਸੇ ਦੌਰਾਨ ਸ੍ਰੀ ਗੁਰੂ ਰਵਿਦਾਸ ਯੂਥ ਫੈੱਡਰੇਸ਼ਨ ਬੱਲਾਂ ਤੇ ਸਮੂਹ ਨਗਰ ਨਿਵਾਸੀ ਸਰਮਸਤਪੁਰ ਦੀਆਂ ਸੰਗਤਾਂ ਵੀ ਹਰਿ ਦੇ ਨਿਸ਼ਾਨ ਲੈ ਕੇ ਸ਼ੋਭਾ ਯਾਤਰਾ ਦੇ ਰੂਪ ’ਚ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚੀਆਂ। ਇਸ ਉਪਰੰਤ ਸੰਤ ਨਿਰੰਜਨ ਦਾਸ ਜੀ ਮਹਾਰਾਜ ਵੱਲੋਂ ਅਰਦਾਸ ਕਰਨ ਮਗਰੋਂ ਸੋਨੇ ਨਾਲ ਮੜ੍ਹੇ ਦੋਵੇਂ ਹਰਿ ਦੇ ਨਿਸ਼ਾਨ ਬੈਂਡ-ਵਾਜਿਆਂ ਦੀ ਗੂੰਜ ’ਚ ਝੁਲਾਏ ਗਏ। ਇਸ ਤੋਂ ਬਾਅਦ ਸ੍ਰੀ ਰਵਿਦਾਸ ਭਵਨ ਵਿਖੇ ਖੁੱਲ੍ਹੇ ਪੰਡਾਲ ’ਚ ਧਾਰਮਿਕ ਦੀਵਾਨ ਸਜਾਏ ਗਏ। ਅੰਮ੍ਰਿਤਬਾਣੀ ਦੇ ਜਾਪ ਉਪਰੰਤ ਵੱਖ-ਵੱਖ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਪਿੱਪਲ ਦਾਸ ਜੀ ਦੇ ਜੀਵਨ, ਉਨ੍ਹਾਂ ਦੀਆਂ ਧਾਰਮਿਕ ਸੇਵਾਵਾਂ ਤੇ ਸਿੱਖਿਆਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸੰਤ ਪ੍ਰਦੀਪ ਦਾਸ ਕਠਾਰ, ਸੰਤ ਲੇਖਰਾਜ ਨੂਰਪੁਰ, ਸੰਤ ਪਤਰਮ ਦਾਸ ਸਮੇਤ ਹੋਰ ਸੰਤ-ਮਹਾਂਪੁਰਸ਼ਾਂ ਨੇ ਵੀ ਸੰਤ ਬਾਬਾ ਪਿੱਪਲ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ’ਚ ਡੇਰਾ ਮੈਨੇਜਰ ਧਰਮਪਾਲ ਸਿੰਮਕ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਬਰਿੰਦਰ ਦਾਸ ਬੱਬੂ, ਸੇਵਾਦਾਰ ਸ਼ਾਮ ਲਾਲ, ਬੀਈਈਓ ਬੀਕੇ ਮਹਿਮੀ, ਬਾਬਾ ਸੁਖਦੇਵ ਸੁਖੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਯੂਥ ਫੈੱਡਰੇਸ਼ਨ ਬੱਲਾਂ, ਏਐੱਸਆਈ ਰਾਮ ਪ੍ਰਕਾਸ਼, ਨੰਬਰਦਾਰ ਸੰਦੀਪ ਵਿਰਦੀ, ਰਾਜੇਸ਼ ਕੁਮਾਰ ਸਰਮਸਤਪੁਰ, ਪ੍ਰਧਾਨ ਰਾਜ ਕੁਮਾਰ ਬੈਂਸ, ਤੇਜਾ ਸਿੰਘ ਬੱਬੀ, ਸੁਖਦੇਵ ਰਾਜ, ਜੇਏਈ ਮੁਕੇਸ਼ ਕੁਮਾਰ ਵਿਰਦੀ, ਵਿਜੇ ਕੁਮਾਰ, ਮਨਜੋਤ ਸਿੰਘ, ਹਰਮਨਦੀਪ ਵਿਰਦੀ, ਕੁੰਵਰ ਪ੍ਰੀਤ ਵਿਰਦੀ, ਸੁਨੀਲ ਕੁਮਾਰ, ਸੰਸਾਰ ਚੰਦ ਬਿਆਸ ਪਿੰਡ, ਮਹਿੰਦਰਪਾਲ ਸੇਵਾਮੁਕਤ ਕਾਨੂੰਗੋ ਤੇ ਸੰਸਾਰ ਚੰਦ ਮੰਨਣ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।