- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਜਲੰਧਰ ਦੀ ਜ਼ੋਨ ਨੰਬਰ 4 ’ਚ ਕਾਰਵਾਈ, ਡਿਫਾਲਟਰਾਂ ਤੋਂ 6.33 ਲੱਖ ਰੁਪਏ ਵਸੂਲੇ

-ਬਕਾਇਆ ਬਿੱਲ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੇ ਪਾਣੀ ਤੇ ਸੀਵਰੇਜ ਕੁਨੈਕਸ਼ਨ ਕੱਟੇ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਜਲੰਧਰ ਵੱਲੋਂ ਬਕਾਇਆ ਪਾਣੀ ਤੇ ਸੀਵਰੇਜ ਬਿੱਲਾਂ ਦੀ ਵਸੂਲੀ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ੋਨ ਨੰਬਰ 4 ’ਚ ਵਿਸ਼ੇਸ਼ ਕਾਰਵਾਈ ਕੀਤੀ ਗਈ। ਇਸ ਦੌਰਾਨ ਡਿਫਾਲਟਰਾਂ ਵੱਲੋਂ 6,33,164 ਰੁਪਏ ਦੀ ਬਕਾਇਆ ਰਕਮ ਜਮ੍ਹਾਂ ਕਰਵਾਈ ਗਈ। ਇਸ ਤੋਂ ਇਲਾਵਾ ਬਕਾਇਆ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਕੁਝ ਪ੍ਰਾਪਰਟੀ ਮਾਲਕਾਂ ਦੇ ਪਾਣੀ ਤੇ ਸੀਵਰੇਜ ਕੁਨੈਕਸ਼ਨ ਕੱਟਣ ਦੀ ਕਾਰਵਾਈ ਵੀ ਕੀਤੀ ਗਈ। ਨਗਰ ਨਿਗਮ ਦੇ ਮੇਅਰ ਵਨੀਤ ਧੀਰ, ਕਮਿਸ਼ਨਰ ਸੁਰਿੰਦਰ ਸਿੰਘ ਤੇ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਇਹ ਕਾਰਵਾਈ ਐਸਟੇਟ ਅਫ਼ਸਰ-ਕਮ-ਚੀਫ਼ ਟੈਕਸ ਕੁਲੈਕਟਰ ਅਸ਼ਵਨੀ ਗਿੱਲ ਤੇ ਸੁਪਰਡੈਂਟ ਵਾਟਰ ਰੇਟ ਹਰਪ੍ਰੀਤ ਵਾਲੀਆ ਦੀ ਦੇਖ-ਰੇਖ ਹੇਠ ਕੀਤੀ ਗਈ।
ਮੁਹਿੰਮ ਦੌਰਾਨ ਜ਼ੋਨ ਨੰਬਰ 4 ਦੇ ਵੱਖ-ਵੱਖ ਇਲਾਕਿਆਂ ’ਚ ਬਕਾਇਆ ਪਾਣੀ ਤੇ ਸੀਵਰੇਜ ਬਿੱਲਾਂ ਦੀ ਵਸੂਲੀ ਕੀਤੀ ਗਈ। ਜਿਨ੍ਹਾਂ ਖਪਤਕਾਰਾਂ ਨੇ ਲੰਬੇ ਸਮੇਂ ਤੋਂ ਬਕਾਇਆ ਰਕਮ ਜਮ੍ਹਾਂ ਨਹੀਂ ਕਰਵਾਈ ਸੀ, ਉਨ੍ਹਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਕੁਨੈਕਸ਼ਨ ਕੱਟੇ ਗਏ। ਬਾਕੀ ਡਿਫਾਲਟਰਾਂ ਨੂੰ ਬਿੱਲ ਜਮ੍ਹਾਂ ਕਰਵਾਉਣ ਦੀ ਚਿਤਾਵਨੀ ਦਿੱਤੀ ਗਈ ਤੇ ਰਕਮ ਅਦਾ ਕਰਨ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ। ਇਹ ਕਾਰਵਾਈ ਜ਼ੋਨ ਨੰਬਰ 4 ਦੇ ਏਰੀਆ ਇੰਚਾਰਜ ਇੰਸਪੈਕਟਰ ਸੰਜੀਵ ਮੋਦਗਿੱਲ ਦੀ ਅਗਵਾਈ ਹੇਠ ਅਮਨਦੀਪ ਸਿੰਘ, ਸਰਬਜੀਤ ਦੁੱਗਲ, ਹਨੀ, ਰਾਜ ਕੁਮਾਰ, ਰਾਕੇਸ਼ ਕੁਮਾਰ ਤੇ ਦੁਸ਼ਾਂਤ ਭਗਤ ਵੱਲੋਂ ਅਮਲ ’ਚ ਲਿਆਂਦੀ ਗਈ।
ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਕਾਇਆ ਪਾਣੀ ਤੇ ਸੀਵਰੇਜ ਬਿੱਲ ਸਮੇਂ ਸਿਰ ਜਮ੍ਹਾਂ ਕਰਵਾਉਣ, ਤਾਂ ਜੋ ਕੁਨੈਕਸ਼ਨ ਕੱਟਣ ਸਮੇਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ। ਨਿਗਮ ਵੱਲੋਂ ਬਕਾਇਆ ਰਕਮ ਦੀ ਵਸੂਲੀ ਲਈ ਅਜਿਹੀਆਂ ਮੁਹਿੰਮਾਂ ਜਾਰੀ ਰੱਖੀਆਂ ਜਾਣਗੀਆਂ।