ਨਿਗਮ ਨੇ ਦੋ ਮਹੀਨਿਆਂ ਬਾਅਦ ਵੀ ਦਰਜ ਨਹੀਂ ਕਰਵਾਈ ਐੱਫਆਈਆਰ
17 ਗੱਡੀਆਂ ਦੀਆਂ ਚੋਰੀ ਹੋਈਆਂ ਬੈਟਰੀਆਂ ਦੀ ਅਜੇ ਤਕ ਐਫਆਈਆਰ ਨਹੀਂ ਕਰਾਈ ਗਈ
Publish Date: Wed, 01 Apr 2026 06:26 PM (IST)
Updated Date: Wed, 01 Apr 2026 06:28 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਕੈਂਪਸ ’ਚੋਂ ਦੋ ਮਹੀਨੇ ਪਹਿਲਾਂ ਨਵੀਆਂ ਆਈਆਂ ਛੋਟੀਆਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਣ ਬਾਰੇ ਅਜੇ ਤਕ ਐੱਫਆਈਆਰ ਦਰਜ ਨਹੀਂ ਕਰਵਾਈ ਗਈ। ਹੈਰਾਨੀ ਦੀ ਗੱਲ ਹੈ ਉਕਤ ਗੱਡੀਆਂ ਜਿਹੜੀਆਂ ਕਿ ਨਗਰ ਨਿਗਮ ਦੇ ਕੈਂਪਸ ’ਚ ਖੜ੍ਹੀਆਂ ਸਨ ਅਤੇ ਰਾਤ ਦੇ ਸਮੇਂ ਉਥੇ ਬਕਾਇਦਾ ਚੌਕੀਦਾਰ ਵੀ ਹੁੰਦਾ ਹੈ। ਜਦੋਂ ਉਕਤ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਈਆਂ ਤਾਂ ਜਦੋਂ ਇਹ ਮਾਮਲਾ ਮੇਅਰ ਵਨੀਤ ਧੀਰ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਮੋਬਾਈਲ ’ਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਗੱਲ ਕੀਤੀ ਅਤੇ ਬੈਟਰੀਆਂ ਦੀ ਚੋਰੀ ਦੀ ਘਟਨਾ ਦੀ ਐੱਫਆਈਆਰ ਦਰਜ ਕਰਵਾਉਣ ਦੀ ਹਦਾਇਤ ਕੀਤੀ। ਇਸ ਮਗਰੋਂ ਨਿਗਮ ਕਮਿਸ਼ਨਰ ਨੇ ਐੱਸਈ ਓਐਂਡਐੱਮ ਨੂੰ ਉਕਤ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਣ ਦੀ ਐੱਫਆਈਆਰ ਦਰਜ ਕਰਵਾਉਣ ਦੀ ਹਦਾਇਤ ਕੀਤੀ ਤੇ ਐੱਸਈ ਨੇ ਐੱਸਡੀਓ ਨੂੰ ਐੱਫਆਈਆਰ ਦਰਜ ਕਰਵਾਉਣ ਲਈ ਦਰਖਾਸਤ ਪੁਲਿਸ ਕਮਿਸ਼ਨਰ ਦੇ ਨਾਂ ਲਿਖਣ ਦੀ ਹਦਾਇਤ ਕੀਤੀ ਪਰ 2 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਐੱਫਆਈਆਰ ਦਰਜ ਨਹੀਂ ਕਰਵਾਈ ਗਈ। ਇਸੇ ਦੌਰਾਨ ਉਥੇ ਖੜ੍ਹੇ ਫੋਰਵ੍ਹੀਲਰ ਦੀ ਇਕ ਹੋਰ ਬੈਟਰੀ ਚੋਰੀ ਹੋ ਗਈ। ਇਸ ਤਰ੍ਹਾਂ ਹੁਣ ਤੱਕ 18 ਨਵੀਆਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਣ ਦੇ ਬਾਵਜੂਦ ਐੱਫਆਈਆਰ ਦਰਜ ਨਹੀਂ ਕਰਵਾਈ ਗਈ।