ਨਿਗਮ ਨੇ 20 ਪਾਰਕਿੰਗ ਸਾਈਟਾਂ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ ਦਿੱਤੀ
ਨਿਗਮ ਨੇ 20 ਪਾਰਕਿੰਗ ਸਾਈਟਾਂ ਦੀ ਨੀਲਾਮੀ ਨੂੰ ਮਨਜ਼ੂਰੀ ਦਿੱਤੀ, ਇੱਕ ਸਮੇਂ ‘ਚ 777 ਕਾਰਾਂ ਖੜ੍ਹ ਸਕਣਗੀਆਂ
Publish Date: Fri, 03 Apr 2026 10:50 PM (IST)
Updated Date: Fri, 03 Apr 2026 10:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਨੇ ਸ਼ਹਿਰ ’ਚ ਕਈ ਸਾਲਾਂ ਤੋਂ ਖਾਲੀ ਪਈਆਂ ਪਾਰਕਿੰਗ ਸਾਈਟਾਂ ਦੀ ਨਿਲਾਮੀ ਦੀ ਤਿਆਰੀ ਕਰ ਲਈ ਹੈ। ਨਗਰ ਨਿਗਮ ਕੋਲ ਕੁੱਲ 25 ਪਾਰਕਿੰਗ ਸਾਈਟਾਂ ਹਨ, ਜਿਨ੍ਹਾਂ ’ਚੋਂ 5 ਸਾਈਟਾਂ ਨੂੰ ਨਿਲਾਮੀ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਨ੍ਹਾਂ ’ਚੋਂ ਇਕ ਸਾਈਟ ਵਾਰ ਮੈਮੋਰੀਅਲ ਨੂੰ ਪਹਿਲਾਂ ਹੀ ਟੈਕਸੀ ਸਟੈਂਡ ਲਈ ਅਲਾਟ ਕੀਤਾ ਗਿਆ ਹੈ। ਹੋਟਲ ਕਿੰਗ, ਹੋਟਲ ਕੰਟਰੀ ਇਨ ਤੇ ਸਰਵੋਦਿਆ ਹਸਪਤਾਲ ਦੇ ਬਾਹਰ ਵਾਲੀਆਂ ਦੋ ਪਾਰਕਿੰਗ ਸਾਈਟਾਂ ਨੂੰ ਵੀ ਨਿਲਾਮੀ ’ਚੋਂ ਬਾਹਰ ਰੱਖਿਆ ਗਿਆ ਹੈ। ਹੋਟਲ ਕਿੰਗ ਤੇ ਹੋਟਲ ਕੰਟਰੀ ਇਨ ਦੇ ਸਾਹਮਣੇ ਵਾਲੀ ਪਾਰਕਿੰਗ ਜਗ੍ਹਾ ਨੂੰ ਆਸ-ਪਾਸ ਦੀਆਂ 5-6 ਇਮਾਰਤਾਂ ਵੱਲੋਂ ਵਰਤਿਆ ਜਾ ਰਿਹਾ ਹੈ ਤੇ ਜਗ੍ਹਾ ਦੀ ਘਾਟ ਕਾਰਨ ਇਨ੍ਹਾਂ ਦੀ ਨਿਲਾਮੀ ਨਹੀਂ ਕੀਤੀ ਜਾ ਰਹੀ। ਸਰਵੋਦਿਆ ਹਸਪਤਾਲ ਦੇ ਬਾਹਰ ਵਾਲੀਆਂ ਦੋ ਸਾਈਟਾਂ ਵਣ ਵਿਭਾਗ ਦੀ ਜ਼ਮੀਨ ’ਤੇ ਹਨ, ਇਸ ਕਰਕੇ ਨਗਰ ਨਿਗਮ ਇੱਥੇ ਪਾਰਕਿੰਗ ਅਲਾਟ ਨਹੀਂ ਕਰ ਸਕਦਾ। ਬਾਕੀ ਰਹਿੰਦੀਆਂ 20 ਸਾਈਟਾਂ ਲਈ ਨਵੇਂ ਸਿਰੇ ਨਾਲ ਰਾਖਵੀਆਂ ਕੀਮਤਾਂ ਤੈਅ ਕੀਤੀਆਂ ਗਈਆਂ ਹਨ। ਜੇ ਇਹ ਸਾਈਟਾਂ ਰਾਖਵੀਂ ਕੀਮਤ ’ਤੇ ਵੀ ਨਿਲਾਮ ਹੋ ਜਾਂਦੀਆਂ ਹਨ ਤਾਂ ਨਿਗਮ ਨੂੰ ਲਗਪਗ 3.54 ਕਰੋੜ ਰੁਪਏ ਦੀ ਆਮਦਨੀ ਹੋ ਸਕਦੀ ਹੈ। ਨਿਲਾਮੀ ਨਾਲ ਸ਼ਹਿਰ ’ਚ ਪਾਰਕਿੰਗ ਪ੍ਰਬੰਧ ਸੁਧਰੇਗਾ ਤੇ ਲੋਕਾਂ ਨੂੰ ਸੜਕਾਂ ’ਤੇ ਵਾਹਨ ਖੜ੍ਹੇ ਨਹੀਂ ਕਰਨੇ ਪੈਣਗੇ। ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਇਨ੍ਹਾਂ ਸਾਰੀਆਂ ਸਾਈਟਾਂ ਦੀ ਨਿਲਾਮੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਵੇਲੇ ਜ਼ਿਆਦਾਤਰ ਪਾਰਕਿੰਗ ਸਾਈਟਾਂ ਦੀ ਵਰਤੋਂ ਆਸ-ਪਾਸ ਦੇ ਦਫਤਰਾਂ ਤੇ ਕਮਰਸ਼ੀਅਲ ਇਮਾਰਤਾਂ ਦੇ ਮਾਲਕ ਕਰ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਪਾਰਕਿੰਗ ’ਚ ਮੁਸ਼ਕਲ ਆ ਰਹੀ ਹੈ। ਰੰਗਲਾ ਵਿਹੜਾ ਦੀ ਪਾਰਕਿੰਗ ਬੀਓਟੀ ਆਧਾਰ ’ਤੇ ਤਿਆਰ ਕੀਤੀ ਗਈ ਸੀ। ਇੱਥੇ ਬੇਸਮੈਂਟ ’ਚ ਪਾਰਕਿੰਗ ਹੈ ਤੇ ਉੱਪਰ ਦੁਕਾਨਾਂ ਬਣੀਆਂ ਹੋਈਆਂ ਹਨ, ਇਸ ਲਈ ਇਸ ਦਾ ਰੇਟ ਤੈਅ ਨਹੀਂ ਹੋ ਸਕਿਆ। ਪਿਛਲੀ ਵਾਰ ਇਸ ਦਾ ਠੇਕਾ 18 ਲੱਖ ’ਚ ਹੋਇਆ ਸੀ, ਜਿਸ ਨੂੰ 10 ਫੀਸਦੀ ਵਧਾ ਕੇ ਲਗਪਗ 20 ਲੱਖ ’ਚ ਦਿੱਤਾ ਜਾਵੇਗਾ। ----------------------------- ਨਿਗਮ ਦੀਆਂ ਪਾਰਕਿੰਗ ਸਾਈਟਾਂ ਤੇ ਰਾਖਵੀਂ ਕੀਮਤ (ਲੱਖ ’ਚ): ਸਟੇਟ ਬੈਂਕ ਆਫ ਇੰਡੀਆ ਸਾਹਮਣੇ ਸਰਕਟ ਹਾਊਸ : 6,38,750 ਮਾਡਲ ਟਾਊਨ ਜ਼ੋਨ ਦਫਤਰ ਕੋਲ : 20,07,500 ਸਤਨਾਮ ਮੋਟਰ ਨੇੜੇ ਸੰਵਿਧਾਨ-ਬੀਐੱਮਸੀ ਚੌਕ : 24,63,750 ਵਿਸ਼ਾਲ ਮੈਗਾ ਮਾਰਟ ਸਾਹਮਣੇ : 24,82,000 ਆਈਸੀਆਈਸੀਆਈ ਬੈਂਕ ਸਾਹਮਣੇ : 28,28,750 ਅਰੋੜਾ ਪ੍ਰਾਈਮ ਟਾਵਰ : 17,15,500 ਓਰੀਐਂਟਲ ਇੰਸ਼ੋਰੈਂਸ, ਮੂਨਲਾਈਟ ਪੱਬ ਸਾਹਮਣੇ : 22,08,250 ਏਪੈਕਸ ਟਾਵਰ : 14,60,000 ਕੈਪੀਟਲ ਸਮਾਲ ਫਾਇਨੈਂਸ, ਗੋਵਿੰਦ ਨਿਵਾਸ : 13,86,500 ਐੱਮਬੀਡੀ ਮਾਲ : 13,68,750 ਰੈਡੀਸਨ ਹੋਟਲ : 6,38,750 ਰੈਡੀਸਨ ਹੋਟਲ ਦੇ ਨਾਲ : 29,20,000 ਨਰਿੰਦਰਾ ਸਿਨੇਮਾ ਦੇ ਨਾਲ : 15,33,000 ਗਲਾਸੀ ਜੰਕਸ਼ਨ ਸਾਹਮਣੇ : 28,28,750 ਕਮਲ ਪੈਲੇਸ : 10,95,000 ਨਗਰ ਨਿਗਮ ਪਾਰਕਿੰਗ ਗਰਾਊਂਡ ਫਲੋਰ : 34,49,250 ਪਾਰਕਿੰਗ ਬੇਸਮੈਂਟ ਨਗਰ ਨਿਗਮ : 23,90,750 ----------------------- ਰੰਗਲਾ ਵਿਹੜਾ ਨੇੜੇ ਪਾਰਕਿੰਗ ਮਾਫੀਆ ਸਰਗਰਮ ਭਗਵਾਨ ਵਾਲਮੀਕਿ ਚੌਕ ਨੇੜੇ ਨਗਰ ਨਿਗਮ ਦੀ ਰੰਗਲਾ ਵਿਹੜਾ ਸਾਈਟਾਂ ਦੇ ਆਲੇ-ਦੁਆਲੇ ਸੜਕ ’ਤੇ ਹੀ ਗੈਰਕਾਨੂੰਨੀ ਪਾਰਕਿੰਗ ਚੱਲ ਰਹੀ ਹੈ। ਪਾਰਕਿੰਗ ਸਾਈਟ ਦਾ ਠੇਕਾ ਖਤਮ ਹੋਣ ਤੋਂ ਬਾਅਦ ਮਾਫੀਆ ਨੇ ਕਬਜ਼ਾ ਕਰ ਲਿਆ ਸੀ। ਕਈ ਮਹੀਨੇ ਬਾਅਦ ਨਿਗਮ ਨੇ ਕਬਜ਼ਾ ਛੁਡਵਾਇਆ ਪਰ ਇਸ ਤੋਂ ਬਾਅਦ ਵੀ ਸੜਕ ਤੇ ਰੈੱਡ ਕ੍ਰਾਸ ਮਾਰਕੀਟ ਦੇ ਬਾਹਰ ਗੈਰ-ਕਾਨੂੰਨੀ ਵਸੂਲੀ ਜਾਰੀ ਹੈ। ਇੱਥੇ ਇਕ ਵਿਅਕਤੀ ਨੇ ਕਬਜ਼ਾ ਕਰ ਰੱਖਿਆ ਹੈ ਤੇ ਉਸ ਦੇ ਕਰਿੰਦੇ ਪਾਰਕਿੰਗ ਫੀਸ ਵਸੂਲ ਰਹੇ ਹਨ। ਸੜਕ ’ਤੇ ਲਗਪਗ 50 ਗੱਡੀਆਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਤੇ ਸ਼ਿਫਟਾਂ ਦੇ ਹਿਸਾਬ ਨਾਲ ਹਰ ਮਹੀਨੇ 1.5 ਤੋਂ 2 ਲੱਖ ਰੁਪਏ ਤੱਕ ਕਮਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਡਾ. ਮਨਦੀਪ ਕੌਰ ਨੇ ਅਚਾਨਕ ਛਾਪਾ ਮਾਰਿਆ। ਉਨ੍ਹਾਂ ਨੇ ਪੁਲਿਸ ਨੂੰ ਪੱਤਰ ਲਿਖ ਕੇ ਗੈਰਕਾਨੂੰਨੀ ਵਸੂਲੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਦੇ ਸੜਕ ’ਤੇ ਪਾਰਕਿੰਗ ਚਲਾਈ ਜਾ ਰਹੀ ਹੈ ਤੇ ਮਾਫੀਆ ਵੱਲੋਂ ਵੱਖ-ਵੱਖ ਪਰਚੀਆਂ ਛਪਵਾ ਕੇ ਵਸੂਲੀ ਕੀਤੀ ਜਾ ਰਹੀ ਹੈ।