- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਲੋਹੀਆਂ ਦੇ ਪ੍ਰਾਇਮਰੀ ਸਕੂਲਾਂ ਦੀ ਹਾਲਤ ਤਰਸਯੋਗ

ਸਰਕਾਰੀ ਪ੍ਰਾਇਮਰੀ ਸਕੂਲ ਸਿੱਧੂਪੁਰ ਦੀਆਂ ਪੰਚਾਇਤ ਘਰ ’ਚ ਲੱਗ ਰਹੀਆਂ ਨੇ ਕਲਾਸਾਂ
ਜਾਣੀਆਂ ਚਾਹਲ ’ਚ ਹੜ੍ਹਾਂ ਦਾ ਖ਼ਤਰਾ ਤੇ ਖ਼ਤਰਨਾਕ ਛੱਤਾਂ ਹੇਠ ਪੜ੍ਹ ਰਹੇ ਨੇ ਮਾਸੂਮ
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ ਲੋਹੀਆਂ ਖ਼ਾਸ : ਇਕ ਪਾਸੇ ਤਾਂ ਸਰਕਾਰ ਸਿੱਖਿਆ ਦੇ ਖੇਤਰ ’ਚ ਪੰਜਾਬ ਨੂੰ ਨੰਬਰ-1 ਸੂਬਾ ਦੱਸ ਰਹੀ ਹੈ ਤੇ ਨਵੇਂ-ਨਵੇਂ ਨਾਵਾਂ ਹੇਠ ਸਕੂਲ ਖੋਲ੍ਹ ਰਹੀ ਹੈ ਪਰ ਜੇ ਕਈ ਸਰਕਾਰੀ ਸਕੂਲਾਂ ਦੇ ਹਾਲਾਤ 'ਤੇ ਨਜ਼ਰ ਮਾਰੀ ਜਾਵੇ ਤਾਂ ਸੁਭਾਵਿਕ ਹੀ ਮੂੰਹੋਂ ਨਿਕਲਦਾ ਹੈ ਕਿ ਇੱਥੇ ਬੱਚਿਆਂ ਦਾ ਰੱਬ ਹੀ ਰਾਖਾ ਹੈ। ਪੰਜਾਬ ਦੇ ਬਲਾਕ ਲੋਹੀਆਂ ਅਧੀਨ ਪੈਂਦੇ ਕੁਝ ਪ੍ਰਾਇਮਰੀ ਸਕੂਲਾਂ ਦਾ ਹਾਲ ਇੰਨਾ ਮਾੜਾ ਹੈ ਕਿ ਉੱਥੇ ਪੜ੍ਹਦੇ ਮਾਸੂਮ ਬੱਚਿਆਂ ਦੀ ਜਾਨ ਹਰ ਵੇਲੇ ਖ਼ਤਰੇ ਰਹਿੰਦਾ ਹੈ।
---
ਸਰਕਾਰੀ ਪ੍ਰਾਇਮਰੀ ਸਕੂਲ ਸਿੱਧੂਪੁਰ : ਬੱਚੇ ਪੰਚਾਇਤ ਘਰ ’ਚ ਬੈਠਣ ਲਈ ਮਜ਼ਬੂਰ
ਸਭ ਤੋਂ ਪਹਿਲਾਂ ਗੱਲ ਕਰੀਏ ਸਰਕਾਰੀ ਪ੍ਰਾਇਮਰੀ ਸਕੂਲ ਸਿੱਧੂਪੁਰ ਦੀ, ਜਿੱਥੇ ਕੁਝ ਸਾਲ ਪਹਿਲਾਂ ਸਕੂਲ ਦੀ ਇਮਾਰਤ ਢਹਿ ਗਈ ਸੀ ਤੇ ਛੱਤ ਦਾ ਕੁਝ ਹਿੱਸਾ ਹੇਠਾਂ ਵੱਲ ਲਟਕ ਰਿਹਾ ਹੈ। ਪਹਿਲੀ ਵਾਰ ਇਸ ਨੂੰ ਦੇਖ ਕੇ ਕੋਈ ਵੀ ਖ਼ੌਫ਼ਜ਼ਦਾ ਹੋਏ ਬਿਨਾਂ ਨਹੀਂ ਰਹਿ ਸਕਦਾ। ਬਾਕੀ ਦੀ ਇਮਾਰਤ ਵੀ ਕਾਫ਼ੀ ਸਮਾਂ ਪਹਿਲਾਂ ਪੀਡਬਲਿਯੂਡੀ ਵਿਭਾਗ ਵੱਲੋਂ 'ਨਾ-ਵਰਤਣਯੋਗ' ਐਲਾਨੀ ਜਾ ਚੁੱਕੀ ਹੈ ਪਰ ਇਮਾਰਤ ਨੂੰ ਢਾਹ ਕੇ ਨਵੀਂ ਬਣਾਉਣ ਬਾਰੇ ਦੂਰ-ਦੂਰ ਤੱਕ ਕੋਈ ਕੰਮ ਹੁੰਦਾ ਨਜ਼ਰ ਨਹੀਂ ਆ ਰਿਹਾ।
ਪਿਛਲੇ ਸਾਲ ਸਿਰਫ਼ ਆਂਗਣਵਾੜੀ ਦਾ ਇੱਕੋ ਕਮਰਾ ਨਵਾਂ ਉਸਾਰਿਆ ਗਿਆ ਹੈ। ਸਕੂਲ ’ਚ ਕੁੱਲ 20 ਬੱਚੇ ਪੜ੍ਹਦੇ ਹਨ, ਜਿਨ੍ਹਾਂ ਨੂੰ ਅਧਿਆਪਕਾਂ ਵੱਲੋਂ ਪੰਚਾਇਤ ਘਰ ’ਚ ਹੀ ਪੜ੍ਹਾਇਆ ਜਾਂਦਾ ਹੈ ਤੇ ਮਿਡ-ਡੇਅ ਮੀਲ ਵੀ ਉੱਥੇ ਹੀ ਦਿੱਤਾ ਜਾਂਦਾ ਹੈ। ਸਕੂਲ ਕੋਲ ਆਪਣੀ ਵਰਤੋਂ ਲਈ ਇਕ ਇੰਚ ਵੀ ਜਗ੍ਹਾ ਨਹੀਂ ਹੈ। ਪੱਤਰਕਾਰਾਂ ਵੱਲੋਂ ਦੌਰਾ ਕੀਤੇ ਜਾਣ 'ਤੇ ਪਤਾ ਲੱਗਾ ਕਿ ਪਿੰਡ ’ਚ ਕਿਸੇ ਦੇ ਦੇਹਾਂਤ ਕਾਰਨ ਬਹੁਤੇ ਬੱਚੇ ਸਕੂਲ ਨਹੀਂ ਆਏ ਸਨ ਤੇ ਅਧਿਆਪਕ ਵੀ ਛੁੱਟੀ 'ਤੇ ਸਨ। ਆਂਗਣਵਾੜੀ ਵਰਕਰ ਮਨਪ੍ਰੀਤ ਮੌਜੂਦ ਸੀ, ਜੋ ਬੱਚਿਆਂ ਨੂੰ ਮਿਡ-ਡੇਅ ਮੀਲ ਖੁਆ ਰਹੀ ਸੀ। ਸਿਆਸੀ ਆਗੂਆਂ ਵੱਲੋਂ ਨਵੀਂ ਇਮਾਰਤ ਬਣਾਉਣ ਲਈ ਕਈ ਵਾਰ ਐਲਾਨ ਕੀਤੇ ਗਏ ਹਨ ਪਰ ਜ਼ਮੀਨੀ ਪੱਧਰ 'ਤੇ ਕੁਝ ਨਹੀਂ ਹੋਇਆ। ਹੈਰਾਨੀ ਦੀ ਗੱਲ ਇਹ ਹੈ ਕਿ ਵਿਦੇਸ਼ਾਂ ’ਚ ਬੈਠੇ ਪਿੰਡ ਦੇ ਲੋਕਾਂ ਨੇ ਛੱਪੜ ਨੂੰ ਡੂੰਘਾ ਕਰਨ ਲਈ ਲੱਖਾਂ ਰੁਪਏ ਭੇਜੇ ਹਨ ਪਰ ਸਕੂਲ ਦੇ ਹਾਲਾਤ ਵੱਲ ਕਿਸੇ ਦਾ ਧਿਆਨ ਨਹੀਂ ਹੈ।
---
ਸਰਕਾਰੀ ਸਕੂਲ ਬਸਤੀ ਪੀਰਦਾਦ : ਇੱਕੋ ਬਿਲਡਿੰਗ ’ਚ ਪ੍ਰਾਇਮਰੀ ਤੇ ਮਿਡਲ ਸਕੂਲ
ਬਸਤੀ ਪੀਰਦਾਦ ਸਕੂਲ ਦੀ ਇਮਾਰਤ ਵੀ ਕੰਡਮ ਐਲਾਨਿਆ ਜਾ ਚੁੱਕਾ ਹੈ ਤੇ ਸਕੂਲ ’ਚ ਵੀ ਇਕ ਕੰਧ ਖੜ੍ਹੀ ਹੈ, ਜੋ ਹੌਲੀ-ਹੌਲੀ ਡਿੱਗ ਰਹੀ ਹੈ ਤੇ ਕਿਸੇ ਵੇਲੇ ਵੱਡਾ ਹਾਦਸੇ ਹੋ ਸਕਦਾ ਹੈ। ਇੱਥੇ ਸਕੂਲ ਦੀ ਇਮਾਰਤ ’ਚ ਹੇਠਾਂ ਪ੍ਰਾਇਮਰੀ ਤੇ ਉੱਪਰ ਮਿਡਲ ਸਕੂਲ ਚੱਲਦਾ ਹੈ। ਦੋਵਾਂ ਸਕੂਲਾਂ ’ਚ ਲਗਪਗ 500 ਵਿਦਿਆਰਥੀਆਂ ਦੀ ਜ਼ਿੰਦਗੀ ਹਮੇਸ਼ਾ ਖਤਰੇ ’ਚ ਰਹਿੰਦੀ ਹੈ ਤੇ ਬੱਚੇ ਉਸੇ ਇਮਾਰਤ ਵਿਚ ਪੜ੍ਹਨ ਲਈ ਮਜਬੂਰ ਹਨ। ਹਾਲਾਂਕਿ ਕਰੀਬ ਤਿੰਨ ਸਾਲ ਪਹਿਲਾਂ ਸਕੂਲ ਨੂੰ ਸ਼ਿਫਟ ਕਰਨ ਨੂੰ ਲੈ ਕੇ ਸਵਾਲ ਵੀ ਉਠੇ ਪਰ ਜਿੱਥੇ ਸ਼ਿਫਟ ਕੀਤਾ ਜਾ ਰਿਹਾ ਸੀ, ਉਥੋਂ ਇਸ ਸਕੂਲ ਦੀ ਦੂਰੀ ਜ਼ਿਆਦਾ ਸੀ। ਜਿਸ ਕਾਰਨ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਨੇ ਇਸ ਦਾ ਵਿਰੋਧ ਕੀਤਾ। ਵਿਰੋਧ ਮਗਰੋਂ ਪ੍ਰਸ਼ਾਸਨ ਦੀ ਕਾਰਵਾਈ ਵੀ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹੀ। ਪਿਛਲੇ ਸਾਲ ਵੀ ਸਿੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਅਸੁਰੱਖਿਅਤ ਇਮਾਰਤਾਂ ਦੀ ਰਿਪੋਰਟ ਬਣਾਉਣ ਲਈ ਕਾਰਵਾਈ ਤਾਂ ਸ਼ੁਰੂ ਕੀਤੀ ਗਈ ਪਰ ਇਹ ਸਿਰੇ ਨਹੀਂ ਚੜ੍ਹੀ। ਪ੍ਰਾਇਮਰੀ ਲਈ ਹੇਠਾਂ ਪੰਜ ਕਮਰੇ ਹਨ, ਜਿਨ੍ਹਾਂ ’ਚ ਇਕ ਕਮਰੇ ’ਚ ਦਫਤਰ ਤੇ ਕੰਪਿਊਟਰ ਲੈਬ ਇਕੱਠੇ ਚੱਲਦੇ ਹਨ। ਜਦਕਿ ਬਾਕੀਆਂ ’ਚ ਕਲਾਸਾਂ ਲੱਗਦੀਆਂ ਹਨ ਪਰ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਵਰਾਂਡੇ ’ਤੇ ਹੀ ਟੀਨ ਪਾ ਕੇ ਕਲਾਸਾਂ ਲਾਈਆਂ ਹੋਈਆਂ ਹਨ। ਠੀਕ ਉਸ ਦੇ ਸਾਹਮਣੇ ਖਸਤਾ ਹਾਲ ਕੰਧ ਅੱਜ ਵੀ ਖੜ੍ਹੀ ਹੈ। ਸਕੂਲ ਦੇ ਹਾਫ ਟਾਈਮ (ਰਿਸੈੱਸ) ਦੌਰਾਨ ਬੱਚੇ ਅਕਸਰ ਉਸ ਦੇ ਆਸ-ਪਾਸ ਖੇਡਦੇ ਨਜ਼ਰ ਆਉਂਦੇ ਹਨ। ਪ੍ਰਾਇਮਰੀ ਸਕੂਲ ’ਚ ਪਖਾਨੇ ਦੀ ਹਾਲਤ ਵੀ ਠੀਕ ਨਹੀਂ ਹੈ, ਜਿੱਥੇ ਜਾਣ ਲਈ ਅਕਸਰ ਬੱਚਿਆਂ ਦੀ ਲਾਈਨ ਲੱਗੀ ਰਹਿੰਦੀ ਹੈ, ਕਿਉਂਕਿ ਅਧਿਆਪਕਾਂ ਲਈ ਵੀ ਇਹੀ ਹੈ। ਇਸੇ ਤਰ੍ਹਾਂ ਪਹਿਲੀ ਮੰਜ਼ਿਲ 'ਤੇ ਚੱਲਣ ਵਾਲੇ ਮਿਡਲ ਸਕੂਲ ਲਈ ਵੀ ਉੱਪਰ ਇਕ ਹੀ ਪਖਾਨਾ ਹੈ।
---
ਸਰਕਾਰੀ ਪ੍ਰਾਇਮਰੀ ਸਕੂਲ ਜਾਣੀਆਂ ਚਾਹਲ : ਹੜ੍ਹਾਂ ਦੇ ਖ਼ਤਰੇ ਤੇ ਖ਼ਤਰਨਾਕ ਛੱਤਾਂ ਦਾ ਪਰਛਾਵਾਂ
ਤੀਜਾ ਮਾਮਲਾ ਸਰਕਾਰੀ ਪ੍ਰਾਇਮਰੀ ਸਕੂਲ ਜਾਣੀਆਂ ਚਾਹਲ ਦਾ ਹੈ, ਜੋ ਮੰਡ ਖੇਤਰ ’ਚ ਦਰਿਆ ਸਤਲੁਜ ਦੇ ਕੰਢੇ 'ਤੇ ਸਥਿਤ ਹੈ। ਮੀਂਹ ਦੇ ਦਿਨਾਂ ਵਿੱਚ ਇੱਥੇ ਹੜ੍ਹਾਂ ਦਾ ਖ਼ਤਰਾ ਸਿਰ 'ਤੇ ਮੰਡਰਾਉਂਦਾ ਰਹਿੰਦਾ ਹੈ। ਕੁਝ ਸਾਲ ਪਹਿਲਾਂ ਆਏ ਹੜ੍ਹਾਂ ਦੇ ਨਿਸ਼ਾਨ ਅੱਜ ਵੀ ਸਕੂਲ ਦੇ ਫਰਸ਼ ਤੋਂ ਕਰੀਬ 4 ਫੁੱਟ ਉੱਤੇ ਦੇਖੇ ਜਾ ਸਕਦੇ ਹਨ।
ਸਕੂਲ ਦੀ ਇਕੱਲੀ ਅਧਿਆਪਕਾ ਬੇਅੰਤ ਕੌਰ ਨੇ ਦੱਸਿਆ ਕਿ ਸਕੂਲ ਵਿਚ ਕੁੱਲ 30 ਬੱਚੇ (ਪ੍ਰੀ-ਪ੍ਰਾਇਮਰੀ ਦੇ 3 ਤੇ ਪੰਜ ਜਮਾਤਾਂ ਦੇ ਪ੍ਰਾਇਮਰੀ ਬੱਚੇ) ਪੜ੍ਹਦੇ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ ਸਿਰਫ਼ ਇਕ ਹੀ ਅਧਿਆਪਕ ਹੈ, ਉਸ ਦੀ ਵੀ ਬਦਲੀ ਹੋ ਚੁੱਕੀ ਹੈ। ਸਕੂਲ ਦੀ ਖਸਤਾ ਹਾਲ ਇਮਾਰਤ ਨੂੰ ਦੇਖ ਕੇ ਮਾਪਿਆਂ ਦੀ ਹਿੰਮਤ ’ਤੇ ਹੈਰਾਨੀ ਹੁੰਦੀ ਹੈ ਜੋ ਆਪਣੇ ਬੱਚਿਆਂ ਨੂੰ ਅਜਿਹੇ ਖ਼ਤਰਨਾਕ ਮਾਹੌਲ ’ਚ ਪੜ੍ਹਨ ਲਈ ਭੇਜਦੇ ਹਨ। ਮੀਂਹ ਪੈਣ 'ਤੇ ਛੱਤਾਂ ਚੋਂਦੀਆਂ ਹੈ ਤੇ ਪਲੱਸਤਰ ਦੇ ਟੁਕੜੇ ਅਕਸਰ ਡਿੱਗਦੇ ਰਹਿੰਦੇ ਹਨ। ਇਹ ਤਾਂ ਖ਼ੁਸ਼ਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਅਜੇ ਤੱਕ ਕਿਸੇ ਬੱਚੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।
ਇਸ ਸਕੂਲ ਦੀ ਨਵ-ਉਸਾਰੀ ਲਈ 43 ਲੱਖ ਰੁਪਏ ਮਨਜ਼ੂਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕਰੀਬ 11 ਲੱਖ ਰੁਪਏ ਬੈਂਕ ਵਿੱਚ ਆ ਵੀ ਚੁੱਕੇ ਹਨ ਪਰ ਮਹਿਕਮਾ ਮਿੱਟੀ ਦੀ ਭਰਤੀ ਪਾਉਣ ਲਈ ਪੈਸੇ ਨਹੀਂ ਦੇ ਰਿਹਾ, ਕਿਉਂਕਿ ਉਨ੍ਹਾਂ ਅਨੁਸਾਰ ਭੇਜੀ ਗਈ ਰਕਮ ਨਾਲ ਸਿਰਫ਼ ਇਮਾਰਤ ਦੀ ਉਸਾਰੀ ਹੀ ਹੋ ਸਕਦੀ ਹੈ, ਜਦਕਿ ਭਰਤੀ ਪਿੰਡ ਵਾਲਿਆਂ ਨੂੰ ਆਪਣੇ ਪੱਧਰ 'ਤੇ ਕਰਨੀ ਪਵੇਗੀ। ਪਿੰਡ ਜਾਣੀਆਂ ਦੀ ਸਰਪੰਚ ਬੀਬੀ ਸੁਖਵਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਜਾਣੀਆਂ ਤੇ ਜਾਣੀਆਂ ਚਾਹਲ ਦੋਵਾਂ ਪਿੰਡਾਂ ਦੇ ਲੋਕ ਸੁਹਿਰਦ ਹਨ ਤੇ ਸਭ ਰਲ ਕੇ ਭਰਤੀ ਦਾ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਜੇਕਰ 6 ਫੁੱਟ ਉੱਚੀ ਭਰਤੀ ਨਾ ਪਾਈ ਗਈ ਤਾਂ ਨਵੀਂ ਇਮਾਰਤ ਬਣਾਉਣ ਦਾ ਵੀ ਕੋਈ ਫ਼ਾਇਦਾ ਨਹੀਂ ਹੋਵੇਗਾ।
ਇਸ ਸਬੰਧੀ ਬੀਈਓ ਰਮੇਸ਼ਵਰ ਚੰਦਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਉੱਥੇ ਹੀ, ਪਿੰਡ ਜਾਣੀਆਂ ਚਾਹਲ ਦੇ ਸਰਪੰਚ ਰਾਣਾ ਰਣਜੀਤ ਸਿੰਘ ਨੇ ਲੋਕਾਂ ਨੂੰ ਨਾਲ ਲੈ ਕੇ ਭਰਤੀ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਨ ਦੀ ਵਚਨਬੱਧਤਾ ਦੁਹਰਾਈ ਹੈ।