- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਸਪਤਾਲ ਦੇ ਹਾਲਾਤ ਨਹੀਂ ਸੁਧਰੇ, ਮੁੜ ਦਿੱਤਾ 15 ਦਿਨ ਦਾ ਸਮਾਂ, ਇਸ ਤੋਂ ਬਾਅਦ ਜ਼ਿੰਮੇਵਾਰਾਂ ’ਤੇ ਹੋਵੇਗੀ ਕਾਰਵਾਈ

-ਟੋਏ, ਗੰਦਗੀ ਤੇ ਚਿੱਕੜ ਵਾਲੇ ਹਾਲਾਤ ਨਹੀਂ ਸੁਧਰੇ
-ਪੀਐੱਚਐੱਸਸੀ ਡਾਇਰੈਕਟਰ ਨੇ ਪਾਈਆਂ ਝਾੜਾਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਵਲ ਹਸਪਤਾਲ ਦੀ ਬਦਹਾਲ ਵਿਵਸਥਾ ’ਚ ਕੋਈ ਸੁਧਾਰ ਨਹੀਂ ਹੋ ਰਿਹਾ। ਵੀਰਵਾਰ ਨੂੰ ਅਚਾਨਕ ਨਿਰੀਖਣ ਕਰਨ ਪਹੁੰਚੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਸੁਨੀਲ ਬਾਂਸਲ ਨੂੰ 20 ਦਿਨ ਪਹਿਲਾਂ ਵਰਗੇ ਹੀ ਹਾਲਾਤ ਦੇਖਣ ਨੂੰ ਮਿਲੇ। ਇਸ ’ਤੇ ਉਹ ਸਟਾਫ ’ਤੇ ਰੱਜ ਕੇ ਵਰ੍ਹੇ। ਇਸ ਦੌਰਾਨ ਠੇਕੇਦਾਰ ਤੇ ਸਟਾਫ ਨੇ ਸੁਧਾਰ ਲਈ ਹੋਰ ਸਮਾਂ ਮੰਗਿਆ, ਜਿਸ ’ਤੇ ਡਾਇਰੈਕਟਰ ਨੇ ਸਖ਼ਤ ਲਹਿਜ਼ੇ ’ਚ ਅਗਲੇ 15 ਦਿਨਾਂ ਦਾ ਆਖਰੀ ਸਮਾਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਿੱਧੇ ਤੌਰ ’ਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
---------------------
ਹਰ ਪਾਸੇ ਟੋਏ, ਪਾਣੀ ਤੇ ਮਲਬੇ ਦੇ ਢੇਰ
ਨਿਰੀਖਣ ਦੌਰਾਨ ਡਾਇਰੈਕਟਰ ਨੇ ਐਮਰਜੈਂਸੀ ਦੇ ਬਾਹਰ ਓਪੀਡੀ ਕੰਪਲੈਕਸ ਦੇ ਰੈਂਪ ਦੇ ਬਾਹਰ, ਫਾਰਮੇਸੀ ਤੇ ਟੀਬੀ ਓਪੀਡੀ ਦੇ ਬਾਹਰ ਤੇ ਜੱਚਾ-ਬੱਚਾ ਕੇਂਦਰ ਦੇ ਬਾਹਰ ਦਾ ਜਾਇਜ਼ਾ ਲਿਆ। ਹਰ ਥਾਂ ਡੂੰਘੇ ਟੋਇਆਂ ’ਚ ਮੀਂਹ ਦਾ ਪਾਣੀ ਭਰਿਆ ਹੋਇਆ ਸੀ। ਚਾਰੇ ਪਾਸੇ ਚਿੱਕੜ ਤੇ ਉਸਾਰੀ ਸਮੱਗਰੀ ਦੇ ਮਲਬੇ ਦੇ ਢੇਰ ਲੱਗੇ ਹੋਏ ਸਨ। ਮੌਕੇ ’ਤੇ ਤਾਇਨਾਤ ਸਟਾਫ ਨੂੰ ਉਨ੍ਹਾਂ ਨੇ ਤੁਰੰਤ ਮਲਬਾ ਚੁੱਕਣ ਤੇ ਪਾਣੀ ਦੀ ਨਿਕਾਸੀ ਕਰਨ ਦੇ ਨਿਰਦੇਸ਼ ਦਿੱਤੇ। ਜੱਚਾ-ਬੱਚਾ ਕੇਂਦਰ ’ਚ ਕੁਝ ਦਿਨ ਪਹਿਲਾਂ ਏਸੀ ’ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਵਾਰਡ ’ਚ ਬਿਜਲੀ, ਰੰਗ-ਰੋਗਨ ਤੇ ਮੁਰੰਮਤ ਦਾ ਕੰਮ ਅਜੇ ਤੱਕ ਅਧੂਰਾ ਪਿਆ ਸੀ। ਜਦੋਂ ਡਾਇਰੈਕਟਰ ਨੇ ਕੰਮ ਦੀ ਪ੍ਰਗਤੀ ਦੇਖੀ ਤਾਂ ਉਹ ਹੋਰ ਵੀ ਨਾਰਾਜ਼ ਹੋ ਗਏ। ਮੌਕੇ ’ਤੇ ਮੌਜੂਦ ਪੀਐੱਚਐੱਸਸੀ ਦੇ ਅਧਿਕਾਰੀਆਂ ਨੇ ਸਫਾਈ ਦਿੰਦਿਆਂ ਅਗਲੇ ਸੱਤ ਦਿਨਾਂ ’ਚ ਵਾਰਡ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦਾ ਭਰੋਸਾ ਦਿੱਤਾ।
---------------------
ਵਾਰਡਾਂ ’ਚ ਜਾਲੇ, ਛੱਤਾਂ ’ਤੇ ਉੱਗੇ ਪੌਦੇ, ਫਟੇ ਹੋਏ ਗੱਦੇ
ਵਾਰਡਾਂ ਦੇ ਅੰਦਰ ਦਾ ਨਜ਼ਾਰਾ ਹੋਰ ਵੀ ਬਦਤਰ ਸੀ। ਵਾਰਡਾਂ ’ਚ ਗੰਦਗੀ ਦਾ ਆਲਮ ਸੀ। ਕੰਧਾਂ ਤੇ ਛੱਤਾਂ ’ਤੇ ਮੱਕੜੀ ਦੇ ਜਾਲੇ ਲੱਗੇ ਹੋਏ ਸਨ। ਛੱਤਾਂ ’ਚ ਟੋਏ ਬਣੇ ਹੋਏ ਸਨ ਤੇ ਕਈ ਥਾਵਾਂ ’ਤੇ ਤਾਂ ਛੱਤਾਂ ’ਤੇ ਹੀ ਛੋਟੇ-ਛੋਟੇ ਪੌਦੇ ਉੱਗ ਆਏ ਸਨ। ਬੈੱਡਾਂ ’ਤੇ ਪਏ ਗੱਦੇ ਫਟੇ ਹੋਏ ਤੇ ਗੰਦੇ ਮਿਲੇ। ਇਹ ਸਭ ਦੇਖ ਕੇ ਡਾਇਰੈਕਟਰ ਨੇ ਸਟਾਫ ਨੂੰ ਝਾੜਾਂ ਪਾਈਆਂ।
---------------------------
ਐੱਸਐੱਮਓਜ਼ ਨਾਲ ਮੀਟਿੰਗ, ਡਲਿਵਰੀ ਤੇ ਆਯੁਸ਼ਮਾਨ ਸੇਵਾਵਾਂ ਵਧਾਉਣ ਦੇ ਨਿਰਦੇਸ਼
ਨਿਰੀਖਣ ਤੋਂ ਬਾਅਦ ਡਾਇਰੈਕਟਰ ਡਾ. ਸੁਨੀਲ ਬਾਂਸਲ ਨੇ ਜ਼ਿਲ੍ਹੇ ਦੇ ਸਾਰੇ ਐੱਸਐੱਮਓਜ਼ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸਰਕਾਰੀ ਹਸਪਤਾਲਾਂ ’ਚ ਸੰਸਥਾਗਤ ਡਲਿਵਰੀਆਂ ਦੀ ਗਿਣਤੀ ਵਧਾਉਣ ਤੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸੇਵਾਵਾਂ ਦਾ ਦਾਇਰਾ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਿਛਲੇ 10 ਸਾਲ ਦਾ ਰਿਕਾਰਡ ਪੇਸ਼ ਕਰਦਿਆਂ ਸਟਾਫ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਸਰਕਾਰੀ ਹਸਪਤਾਲਾਂ ’ਤੇ ਲੋਕਾਂ ਦਾ ਭਰੋਸਾ ਤਾਂ ਹੀ ਵਾਪਸ ਆਵੇਗਾ ਜਦੋਂ ਸੇਵਾਵਾਂ ’ਚ ਸੁਧਾਰ ਹੋਵੇਗਾ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ, ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ, ਡਾ. ਜਸਵਿੰਦਰ ਸਹੋਤਾ, ਐੱਸਡੀਓ ਸੁਰਿੰਦਰ ਸੈਣੀ ਸਮੇਤ ਹਸਪਤਾਲ ਦਾ ਹੋਰ ਸਟਾਫ ਮੌਜੂਦ ਸੀ।
------------------------
ਐੱਨਜੀਓਜ਼ ਨੂੰ ਇਮਾਰਤਾਂ ਦੇਣ ਨਾਲ ਘਟ ਰਹੀ ਬੈੱਡ ਸਮਰੱਥਾ
ਹਸਪਤਾਲ ’ਚ ਇਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਵਿਭਾਗ ਵੱਲੋਂ ਐੱਨਜੀਓਜ਼ ਨੂੰ ਹਸਪਤਾਲ ਦੀਆਂ ਇਮਾਰਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਬੈੱਡ ਸਮਰੱਥਾ ਲਗਾਤਾਰ ਘਟ ਰਹੀ ਹੈ। ਜਾਣਕਾਰੀ ਅਨੁਸਾਰ ਵਿਭਾਗ ਨੇ ਐੱਨਜੀਓ ਨੂੰ ਡਾਇਲਿਸਿਸ ਯੂਨਿਟ ਚਲਾਉਣ ਲਈ ਪੂਰਾ ਆਰਥੋ ਵਾਰਡ ਦੇ ਦਿੱਤਾ, ਜਿਸ ’ਚ ਕਰੀਬ 98 ਬੈੱਡਾਂ ਦੀ ਸਮਰੱਥਾ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਾਇਰੈਕਟਰ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਤੇ ਹਸਪਤਾਲ ਦੇ ਵਿਸਥਾਰ ਲਈ ਨਵਾਂ ਬਜਟ ਜਾਰੀ ਕਰਵਾਉਣ ਦੀ ਗੱਲ ਕਹੀ।
-----------------------
ਸਟਾਫ ਮਰੀਜ਼ਾਂ ਨਾਲ ਕਰਦਾ ਹੈ ਮਾੜਾ ਵਿਵਹਾਰ, ਡਾਕਟਰ ਲਿਖਦੇ ਹਨ ਬਾਹਰੋਂ ਦਵਾਈਆਂ
ਇਸ ਦੌਰਾਨ ਐੱਨਜੀਓ ਦੇ ਨੁਮਾਇੰਦਿਆਂ ਨੇ ਵੀ ਡਾਇਰੈਕਟਰ ਨਾਲ ਮੁਲਾਕਾਤ ਕੀਤੀ। ਜੱਚਾ-ਬੱਚਾ ਕੇਂਦਰ ਦੇ ਪੂਰੇ ਸਟਾਫ ਦੇ ਸਾਹਮਣੇ ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਹਸਪਤਾਲ ਦਾ ਸਟਾਫ ਮਰੀਜ਼ਾਂ ਨਾਲ ਮਾੜਾ ਵਿਵਹਾਰ ਕਰਦਾ ਹੈ ਤੇ ਡਾਕਟਰ ਵੀ ਮਰੀਜ਼ਾਂ ਨੂੰ ਬਾਹਰੋਂ ਮਹਿੰਗੀਆਂ ਦਵਾਈਆਂ ਲਿਖ ਕੇ ਉਨ੍ਹਾਂ ’ਤੇ ਆਰਥਿਕ ਬੋਝ ਪਾਉਂਦੇ ਹਨ। ਇਸ ’ਤੇ ਡਾਇਰੈਕਟਰ ਨੇ ਸਬੰਧਤ ਸਟਾਫ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ।
---------------------
ਸਾਫ਼ ਪਾਣੀ ਤੇ ਸਕਾਰਾਤਮਕ ਵਿਵਹਾਰ ਜ਼ਰੂਰੀ: ਡਾਇਰੈਕਟਰ
ਅੰਤ ਵਿੱਚ ਪੀਐੱਚਐੱਸਸੀ ਦੇ ਡਾਇਰੈਕਟਰ ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਹਸਪਤਾਲਾਂ ’ਚ ਬੁਨਿਆਦੀ ਸਹੂਲਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ’ਚ ਮਰੀਜ਼ਾਂ ਲਈ ਪੀਣ ਵਾਲਾ ਸਾਫ਼ ਪਾਣੀ, ਡਾਕਟਰਾਂ ਤੇ ਸਟਾਫ ਦਾ ਮਰੀਜ਼ਾਂ ਪ੍ਰਤੀ ਸਕਾਰਾਤਮਕ ਰਵੱਈਆ ਤੇ ਸਾਫ਼-ਸਫਾਈ ਸਭ ਤੋਂ ਅਹਿਮ ਹਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪਹਿਲੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਹਸਪਤਾਲ, ਦੂਜੇ ਸ਼ੁੱਕਰਵਾਰ ਨੂੰ ਸਬ-ਡਿਵਿਜ਼ਨ ਹਸਪਤਾਲ, ਤੀਜੇ ਸ਼ੁੱਕਰਵਾਰ ਨੂੰ ਸੀਐੱਚਸੀ ਤੇ ਚੌਥੇ ਸ਼ੁੱਕਰਵਾਰ ਨੂੰ ਮੁੜ ਜ਼ਿਲ੍ਹਾ ਹਸਪਤਾਲ ’ਚ ਸਫਾਈ ਦਿਵਸ ਮਨਾਇਆ ਜਾਵੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਸਾਰੇ ਅਧਿਕਾਰੀ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਸਮਝਣ।