ਪੰਜਾਬ 'ਚ ਕੋਲੇ ਦੀ ਘਾਟ ਦੀਆਂ ਖ਼ਬਰਾਂ ਕੇਂਦਰ ਨੇ ਕੀਤੀਆਂ ਖ਼ਾਰਜ, ਕਿਹਾ- ਪੂਰੀ ਦਿੱਤੀ ਜਾ ਰਹੀ ਹੈ ਸਪਲਾਈ, ਸਰਕਾਰੀ ਪਲਾਂਟਾਂ 'ਚ ਸੁਧਾਰ ਦੀ ਲੋੜ
ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਤਪਾਦਨ ਵਿੱਚ ਕਮੀ ਦਾ ਕਾਰਨ ਕੋਲੇ ਦੀ ਘਾਟ ਨਹੀਂ, ਸਗੋਂ ਪਲਾਂਟਾਂ ਦੀ ਕਾਰਜਕੁਸ਼ਲਤਾ ਨਾਲ ਸਬੰਧਤ ਹੈ। ਇਸ ਦੇ ਉਲਟ ਨਾਭਾ ਪਾਵਰ ਲਿਮਟਿਡ ਨੇ ਕੋਲ ਇੰਡੀਆ ਤੋਂ ਮਿਲ ਰਹੇ ਕੋਲੇ ਦੀ ਵਰਤੋਂ ਕਰਦਿਆਂ 93 ਫ਼ੀਸਦੀ ਪੀਐੱਲਐੱਫ ਦਰਜ ਕੀਤਾ ਹੈ।
Publish Date: Mon, 07 Sep 2026 03:39 PM (IST)
Updated Date: Mon, 07 Sep 2026 03:48 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕੇਂਦਰ ਸਰਕਾਰ ਨੇ ਪੰਜਾਬ ਦੇ ਥਰਮਲ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਘਾਟ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਹੈ ਕਿ ਸੂਬੇ ਨੂੰ ਬਿਜਲੀ ਉਤਪਾਦਨ ਲਈ ਲੋੜੀਂਦੇ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਕੋਲਾ ਮੰਤਰਾਲੇ ਅਨੁਸਾਰ ਕੋਲ ਇੰਡੀਆ ਲਿਮਟਿਡ ਪੰਜਾਬ ਸਮੇਤ ਪੂਰੇ ਦੇਸ਼ ਦੀ ਊਰਜਾ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਮੰਤਰਾਲੇ ਨੇ ਦੱਸਿਆ ਕਿ ਪੀਐੱਸਪੀਸੀਐੱਲ ਦੀ ਝਾਰਖੰਡ ਸਥਿਤ ਪਚਵਾੜਾ ਸੈਂਟਰਲ ਕੋਲਾ ਖਾਣ ਤੋਂ ਨਿੱਜੀ ਬਿਜਲੀ ਪਲਾਂਟਾਂ ਨੂੰ ਵੀ ਕੋਲਾ ਭੇਜਣ ਦੀ ਪ੍ਰਕਿਰਿਆ ਸੁਚਾਰੂ ਬਣਾਈ ਗਈ ਹੈ। ਝਾਰਖੰਡ ਸਰਕਾਰ ਦੇ ਕਾਨੂੰਨੀ ਬਕਾਏ ਦੀ ਅਦਾਇਗੀ ਦੀ ਸ਼ਰਤ ’ਤੇ ਇਸ ਕੋਲੇ ਦੀ ਵਰਤੋਂ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ ਅਤੇ ਮਾਨਸਾ ਸਥਿਤ ਤਲਵੰਡੀ ਸਾਬੋ ਪਾਵਰ ਲਿਮਟਿਡ ਲਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਛੋਟ ਪੀਐੱਸਪੀਸੀਐੱਲ ਦੇ ਆਪਣੇ ਪਲਾਂਟਾਂ ਦੀਆਂ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਸਾਲਾਨਾ ਉਤਪਾਦਨ ਦੇ 50 ਫ਼ੀਸਦੀ ਤੱਕ ਦਿੱਤੀ ਗਈ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੀਐੱਸਪੀਸੀਐੱਲ ਦੇ ਤਿੰਨ ਸਰਕਾਰੀ ਥਰਮਲ ਪਲਾਂਟਾਂ ਲਹਿਰਾ ਮੁਹੱਬਤ, ਗੋਇੰਦਵਾਲ ਸਾਹਿਬ ਅਤੇ ਰੋਪੜ ਜਿਨ੍ਹਾਂ ਦੀ ਕੁੱਲ ਸਮਰੱਥਾ 2,300 ਮੈਗਾਵਾਟ ਹੈ, ਕੋਲ 4 ਸਤੰਬਰ 2026 ਤੱਕ ਮਿਆਰੀ ਲੋੜ ਦੇ 117 ਫ਼ੀਸਦੀ ਦੇ ਬਰਾਬਰ ਕੋਲਾ ਸਟਾਕ ਮੌਜੂਦ ਸੀ। ਇਸ ਦੇ ਬਾਵਜੂਦ ਅਗਸਤ 2026 ਦੌਰਾਨ ਇਨ੍ਹਾਂ ਸਰਕਾਰੀ ਪਲਾਂਟਾਂ ਦਾ ਔਸਤ ਪਲਾਂਟ ਲੋਡ ਫੈਕਟਰ (ਪੀਐੱਲਐੱਫ) ਸਿਰਫ਼ 42 ਫ਼ੀਸਦੀ ਰਿਹਾ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਤਪਾਦਨ ਵਿੱਚ ਕਮੀ ਦਾ ਕਾਰਨ ਕੋਲੇ ਦੀ ਘਾਟ ਨਹੀਂ, ਸਗੋਂ ਪਲਾਂਟਾਂ ਦੀ ਕਾਰਜਕੁਸ਼ਲਤਾ ਨਾਲ ਸਬੰਧਤ ਹੈ। ਇਸ ਦੇ ਉਲਟ ਨਾਭਾ ਪਾਵਰ ਲਿਮਟਿਡ ਨੇ ਕੋਲ ਇੰਡੀਆ ਤੋਂ ਮਿਲ ਰਹੇ ਕੋਲੇ ਦੀ ਵਰਤੋਂ ਕਰਦਿਆਂ 93 ਫ਼ੀਸਦੀ ਪੀਐੱਲਐੱਫ ਦਰਜ ਕੀਤਾ ਹੈ।
ਮੰਤਰਾਲੇ ਵੱਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ ਕੋਲ ਇੰਡੀਆ ਦੀਆਂ ਸਹਾਇਕ ਕੰਪਨੀਆਂ ਵੱਲੋਂ ਨਿੱਜੀ ਪਲਾਂਟਾਂ ਲਈ ਪੇਸ਼ ਕੀਤੇ ਕੋਲੇ ਦੀ ਪੂਰੀ ਮਾਤਰਾ ਸਮੇਂ ਸਿਰ ਨਹੀਂ ਚੁੱਕੀ ਜਾ ਰਹੀ। ਸੈਂਟਰਲ ਕੋਲਫੀਲਡਜ਼ ਲਿਮਟਿਡ (ਸੀਸੀਐੱਲ) ਨੇ 5 ਲੱਖ ਟਨ ਕੋਲਾ ਪੇਸ਼ ਕੀਤਾ, ਜਿਸ ਵਿੱਚੋਂ 4.1 ਲੱਖ ਟਨ ਬੁੱਕ ਹੋਇਆ ਅਤੇ 3.1 ਲੱਖ ਟਨ ਹੀ ਹੁਣ ਤੱਕ ਟਰਾਂਸਪੋਰਟ ਕੀਤਾ ਗਿਆ ਹੈ, ਜਦਕਿ ਭਾਰਤ ਕੋਕਿੰਗ ਕੋਲ ਲਿਮਟਿਡ (ਬੀਸੀਸੀਐੱਲ) ਵੱਲੋਂ ਪੇਸ਼ ਕੀਤੇ 3.5 ਲੱਖ ਟਨ ਵਿੱਚੋਂ 1.3 ਲੱਖ ਟਨ ਬੁੱਕ ਅਤੇ 0.98 ਲੱਖ ਟਨ ਹੀ ਟਰਾਂਸਪੋਰਟ ਕੀਤਾ ਗਿਆ। ਕੋਲਾ ਮੰਤਰਾਲੇ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਿਜਲੀ ਸੰਕਟ ਤੋਂ ਬਚਣ ਲਈ ਨਿੱਜੀ ਬਿਜਲੀ ਉਤਪਾਦਨ ਕੰਪਨੀਆਂ ਵੱਲੋਂ ਪੇਸ਼ ਕੀਤੇ ਕੋਲੇ ਦੀ ਸਮੇਂ ਸਿਰ ਲਿਫਟਿੰਗ ਅਤੇ ਪੀਐੱਸਪੀਸੀਐੱਲ ਦੇ ਸਰਕਾਰੀ ਪਲਾਂਟਾਂ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਨਾ ਬੇਹੱਦ ਜ਼ਰੂਰੀ ਹੈ। ਕੇਂਦਰ ਸਰਕਾਰ ਨੇ ਪੰਜਾਬ ਦੀ ਊਰਜਾ ਸੁਰੱਖਿਆ ਲਈ ਹਰ ਸੰਭਵ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ।