ਗੁਰਾਇਆ ਪੁਲਿਸ ਦੀ ਕਾਰਵਾਈ ਨੇ ਖੜ੍ਹੇ ਕੀਤੇ ਸਵਾਲ
ਥਾਣਾ ਗੁਰਾਇਆ 'ਚ ਦਰਜ ਡੋਡਿਆਂ ਦਾ ਪਰਚਾ ਬਣਿਆ ਚਰਚਾ ਦਾ ਵਿਸ਼ਾ
Publish Date: Fri, 03 Apr 2026 07:17 PM (IST)
Updated Date: Fri, 03 Apr 2026 07:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਥਾਣਾ ਗੁਰਾਇਆ ’ਚ ਦਰਜ ਕੀਤੇ ਗਏ ਡੋਡਿਆਂ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਪੁਲਿਸ ਵੱਲੋਂ ਵਿਦੇਸ਼ ਤੋਂ ਆਏ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰਨ ਦੀ ਐੱਫਆਈਆਰ ਦਰਜ ਕੀਤੀ ਗਈ ਹੈ ਪਰ ਮਾਮਲੇ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਡੀਐੱਸਪੀ ਫਿਲੌਰ ਭਾਰਤ ਮਸੀਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਐੱਸਆਈ ਬਾਵਾ ਸਿੰਘ ਨੇ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਸੰਦੀਪ ਵਾਸੀ ਪੱਤੀ ਗਊ ਕੀ ਰੁੜਕਾ ਕਲਾਂ, ਨੂੰ ਗ੍ਰਿਫਤਾਰ ਕਰਕੇ ਡਾਢੇ ਤਿੰਨ ਕਿੱਲੋ ਡੋਡੇ ਬਰਾਮਦ ਕੀਤੇ ਹਨ। ਉਨ੍ਹਾਂ ਮੁਤਾਬਕ ਮੁਲਜ਼ਮ ਪੈਦਲ ਆ ਰਿਹਾ ਸੀ ਤੇ ਉਸਦੇ ਖ਼ਿਲਾਫ ਥਾਣਾ ਗੁਰਾਇਆ ’ਚ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਅਸਲ ’ਚ ਅਫੀਮ ਬਾਰੇ ਸੂਚਨਾ ਮਿਲੀ ਸੀ ਪਰ ਬਰਾਮਦਗੀ ਡੋਡਿਆਂ ਵਜੋਂ ਦਰਸਾਈ ਗਈ। ਇਸ ਤੋਂ ਇਲਾਵਾ ਸੰਦੀਪ ਨੂੰ ਪੈਦਲ ਨਹੀਂ, ਸਗੋਂ ਇਕ ਟੈਕਸੀ ’ਚੋਂ ਕਾਬੂ ਕੀਤਾ ਗਿਆ ਸੀ ਤੇ ਉਸ ਦੇ ਸਾਮਾਨ ’ਚੋਂ ਨਸ਼ੀਲਾ ਪਦਾਰਥ ਮਿਲਿਆ ਸੀ। ਟੈਕਸੀ ’ਚ ਕੁੱਲ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ ’ਚ ਇਕ ਔਰਤ ਵੀ ਸ਼ਾਮਲ ਸੀ। ਹੁਣ ਇਹ ਸਵਾਲ ਵੀ ਉੱਠ ਰਹੇ ਹਨ ਕਿ ਕੇਸ ’ਚ ਸਿਰਫ਼ ਇਕ ਹੀ ਵਿਅਕਤੀ ਨੂੰ ਨਾਮਜ਼ਦ ਕਿਉਂ ਕੀਤਾ ਗਿਆ ਤੇ ਗ੍ਰਿਫਤਾਰੀ ਦੀ ਸਥਿਤੀ ਵੱਖਰੀ ਕਿਉਂ ਦਰਸਾਈ ਗਈ। ਇਹ ਮਾਮਲਾ ਹੁਣ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਵੀ ਆ ਚੁੱਕਾ ਹੈ। ਲੋਕਾਂ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।