- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਨੇ ਬਲਾਕ ਜਲੰਧਰ ਪੱਛਮੀ ਦੇ ਖੇਡ ਮੁਕਾਬਲਿਆਂ ਦੀ ਕਰਵਾਈ ਸ਼ੁਰੂਆਤ

-ਕਿਹਾ, ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅਹਿਮ ਯੋਗਦਾਨ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਵੱਲੋਂ ਸੋਮਵਾਰ ਸਥਾਨਕ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਬਲਾਕ ਜਲੰਧਰ ਪੱਛਮੀ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜਾਂਦੇ ਖੇਡ ਮੁਕਾਬਲਿਆਂ ਨੇ ਜਿਥੇ ਵੱਡੀ ਗਿਣਤੀ ਨੌਜਵਾਨਾਂ ਦਾ ਰੁਖ਼ ਖੇਡ ਮੈਦਾਨਾਂ ਵੱਲ ਮੋੜਿਆ ਹੈ ਉਥੇ ਹਰ ਉਮਰ ਦੇ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਲਈ ਮੰਚ ਵੀ ਪ੍ਰਦਾਨ ਕੀਤਾ ਹੈ। ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ, ਇਸੇ ਸੋਚ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਗਾਜ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜ਼ਮੀਨੀ ਪੱਧਰ ਤੱਕ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਿੰਡ ਪੱਧਰ ’ਤੇ ਆਧੁਨਿਕ ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਲਈ ਲੱਖਾਂ ਰੁਪਏ ਦਿੱਤੇ ਜਾ ਰਹੇ ਹਨ ਤੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਕਦ ਇਨਾਮਾਂ ਦੇ ਨਾਲ-ਨਾਲ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਐਥਲੈਟਿਕਸ ਕੋਚਿੰਗ ਸੈਂਟਰ ਸਪੋਰਟਸ ਸਕੂਲ ਦੇ ਖਿਡਾਰੀ ਗੁਰਿੰਦਰਬੀਰ ਸਿੰਘ (100 ਮੀ. ਰੇਸ) ਤੇ ਰਸ਼ਦੀਪ ਕੌਰ (4x100 ਰਿਲੇਅ) ਨੂੰ ਏਸ਼ੀਅਨ ਗੇਮਾਂ ਲਈ ਚੁਣੇ ਜਾਣ ’ਤੇ ਮੁਬਾਰਕਬਾਦ ਵੀ ਦਿੱਤੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵਾਲੀਬਾਲ ਦੇ ਸ਼ੋਅ ਮੈਚ ਦਾ ਆਗਾਜ਼ ਕਰਵਾਇਆ ਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਖੇਡਾਂ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਸਮਾਗਮ ’ਚ ਪਹੁੰਚਣ ’ਤੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਸਵਾਗਤ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਖੇਡਾਂ ਦੇ ਪਹਿਲੇ ਦਿਨ ਅੱਜ ਬਲਾਕ ਨੂਰਮਹਿਲ, ਨਕੋਦਰ, ਲੋਹੀਆਂ, ਸ਼ਾਹਕੋਟ, ਜਲੰਧਰ ਪੱਛਮੀ ਤੇ ਮਹਿਤਪੁਰ ਵਿਖੇ ਅਥਲੈਟਿਕਸ, ਵਾਲੀਬਾਲ ਸਮੈਸ਼ਿੰਗ ਤੇ ਸ਼ੂਟਿੰਗ, ਕਬੱਡੀ ਸਰਕਲ ਤੇ ਨੈਸ਼ਨਲ ਸਟਾਈਲ, ਖੋ-ਖੋ ਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ ਹਨ। ਇਸ ਮੌਕੇ ਬੀਡੀਪੀਓ ਸੇਵਾ ਸਿੰਘ, ਐਥਲੈਟਿਕਸ ਕੋਚ ਬਿਕਰਮਜੀਤ ਸਿੰਘ, ਸਰਬਜੀਤ ਸਿੰਘ ਤੇ ਸੁਨੀਲ ਕੁਮਾਰ, ਵਾਲੀਬਾਲ ਕੋਚ ਅੰਮ੍ਰਿਤਪਾਲ ਸਿੰਘ, ਟਵਿੰਕਲ ਚੌਧਰੀ ਜੂਨੀਅਰ ਅਥਲੈਟਿਕਸ ਕੋਚ ਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।