ਡ੍ਰਾਈਵਿੰਗ ਟ੍ਰੈਕ 'ਤੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਅਰਜ਼ੀਦਾਰਾਂ ਦੀ ਜੇਬ 'ਤੇ ਪੈ ਰਿਹਾ ਬੋਝ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਡ੍ਰਾਈਵਿੰਗ ਟ੍ਰੈਕ 'ਤੇ ਲੰਬੇ ਸਮੇਂ ਤੋਂ ਆਰਟੀਓ ਦਫ਼ਤਰ ਦੇ ਅਧਿਕਾਰੀਆਂ ਦੀ ਲਾਪਰਵਾਹੀ ਦਾ ਖਾਮਿਆਜ਼ਾ ਬਿਨੈਕਾਰਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਭੁਗਤਣਾ ਪੈ ਰਿਹਾ ਹੈ। ਕਦੇ ਸਰਵਰ ’ਚ ਖਾਮੀਆਂ, ਕਦੇ ਸਟਾਫ ਦੀ ਕਮੀ, ਕਦੇ ਬਿਜਲੀ ਕੱਟ ਜਾਂ ਜਨਰੇਟਰ ਖਰਾਬ ਹੋਣ ਕਾਰਨ ਪੱਕੇ ਡ੍ਰਾਈਵਿੰਗ ਲਾਇਸੈਂਸ ਲਈ ਟੈਸਟ ਦਾ ਕੰਮ ਰੁਕ ਜਾਂਦਾ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਕੰਮ ਰੁਕਣ ਤੋਂ ਬਾਅਦ ਬਿਨੈਕਾਰਾਂ ਨੂੰ ਅਗਲੇ ਦਿਨ ਟੈਸਟ ਲਈ ਆਉਣ ਲਈ ਕਿਹਾ ਜਾਂਦਾ ਹੈ। ਇਸ ਕਾਰਨ ਰੋਜ਼ਾਨਾ 120 ਬਿਨੈਕਾਰਾਂ ਦੇ ਤੈਅ ਸਲਾਟ ’ਚੋਂ ਕਈਆਂ ਨੂੰ ਨਵੀਂ ਅੰਪਾਇੰਟਮੈਂਟ ਲਈ ਨਿੱਜੀ ਕੈਫੇ ’ਚ ਜਾਣਾ ਪੈਂਦਾ ਹੈ, ਜਿੱਥੇ ਉਨ੍ਹਾਂ ਨੂੰ 300 ਤੋਂ 500 ਰੁਪਏ ਤੱਕ ਦੀ ਫੀਸ ਦੇਣੀ ਪੈਂਦੀ ਹੈ। ਜਦਕਿ ਨਿਯਮਾਂ ਅਨੁਸਾਰ ਅਜਿਹੇ ਹਾਲਾਤਾਂ ’ਚ ਆਰਟੀਓ ਵਿਭਾਗ ਨੂੰ ਖੁਦ ਹੀ ਬਿਨੈਕਾਰਾਂ ਦੀ ਆਟੋ ਰੀਸ਼ਡਿਊਲਿੰਗ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਸਮਾਂ ਤੇ ਪੈਸਾ ਬਚ ਸਕੇ।
-------------------------------
ਮਹੀਨੇ ਬਾਅਦ ਮਿਲਦੀ ਹੈ ਅਪਾਇੰਟਮੈਂਟ, ਲਰਨਿੰਗ ਲਾਇਸੈਂਸ ਵੀ ਕਰਵਾਉਣਾ ਪੈਂਦਾ ਹੈ ਰੀਨਿਊ
ਅਕਸਰ ਪੱਕੇ ਲਾਇਸੈਂਸ ਲਈ ਟੈਸਟ ਦੀ ਅੰਪਾਇੰਟਮੈਂਟ ਇਕ ਮਹੀਨੇ ਬਾਅਦ ਹੀ ਮਿਲਦੀ ਹੈ। ਇਸ ਦੌਰਾਨ ਕਈ ਬਿਨੈਕਾਰਾਂ ਦਾ 6 ਮਹੀਨੇ ਲਈ ਬਣਿਆ ਲਰਨਿੰਗ ਲਾਇਸੈਂਸ ਖਤਮ ਹੋ ਜਾਂਦਾ ਹੈ। ਅਜਿਹੇ ’ਚ ਉਨ੍ਹਾਂ ਨੂੰ ਦੁਬਾਰਾ ਫੀਸ ਦੇ ਕੇ ਲਰਨਿੰਗ ਲਾਇਸੈਂਸ ਰੀਨਿਊ ਕਰਵਾਉਣਾ ਪੈਂਦਾ ਹੈ ਤਾਂ ਜੋ ਉਹ ਪੱਕੇ ਲਾਇਸੈਂਸ ਲਈ ਯੋਗ ਰਹਿ ਸਕਣ। ਨਾਲ ਹੀ ਵਿਦੇਸ਼ ’ਚ ਰਹਿੰਦੇ ਜਾਂ ਆਏ ਲੋਕਾਂ ਨੂੰ ਵੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਉਨ੍ਹਾਂ ਨੂੰ ਯਾਤਰਾ ਦੀ ਤਰੀਕ ਤੋਂ ਬਾਅਦ ਦੀ ਅੰਪਾਇੰਟਮੈਂਟ ਮਿਲਦੀ ਹੈ। ਅਜਿਹੇ ਲੋਕ ਅਕਸਰ ਮਜਬੂਰੀ ’ਚ ਟ੍ਰੈਕ ’ਤੇ ਮੌਜੂਦ ਏਜੈਂਟਾਂ ਦੀ ਮਦਦ ਲੈਂਦੇ ਹਨ।
---------------------------
ਪਾਰਕਿੰਗ ਪ੍ਰਬੰਧ ਵੀ ਬਣਦਾ ਹੈ ਸਮੱਸਿਆ
ਡ੍ਰਾਈਵਿੰਗ ਟ੍ਰੈਕ ’ਤੇ ਆਉਣ ਵਾਲੇ ਬਿਨੈਕਾਰ ਵਿਭਾਗੀ ਕਾਰਜ ਪ੍ਰਣਾਲੀ ਦੇ ਨਾਲ-ਨਾਲ ਪਾਰਕਿੰਗ ਪ੍ਰਬੰਧ ਤੋਂ ਵੀ ਪਰੇਸ਼ਾਨ ਹਨ। ਪਾਰਕਿੰਗ ’ਚ ਹਰ ਵਾਰ ਆਉਣ 'ਤੇ ਦੋਪਹੀਆ ਵਾਹਨ ਲਈ 15 ਰੁਪਏ ਤੇ ਕਾਰ ਲਈ 25 ਰੁਪਏ ਦੇਣੇ ਪੈਂਦੇ ਹਨ। ਜੇ ਸਰਵਰ ਖਰਾਬ ਹੋਣ ਜਾਂ ਹੋਰ ਕਾਰਨਾਂ ਕਰਕੇ ਟੈਸਟ ਨਹੀਂ ਹੁੰਦਾ ਤਾਂ ਬਿਨੈਕਾਰਾਂ ਨੂੰ ਦੁਬਾਰਾ ਆਉਣ ’ਤੇ ਫਿਰ ਤੋਂ ਪਾਰਕਿੰਗ ਫੀਸ ਦੇਣੀ ਪੈਂਦੀ ਹੈ। ਇਸ ਸਬੰਧੀ ਪੰਜਾਬ ਰੋਡਵੇਜ਼ ਦੇ ਜੀਐੱਮ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਪਾਰਕਿੰਗ ਠੀਕ ਥਾਂ 'ਤੇ ਨਹੀਂ ਹੈ ਪਰ ਹਰ ਵਾਹਨ ਤੋਂ ਫੀਸ ਲੈਣੀ ਹੀ ਪੈਂਦੀ ਹੈ। ਇਸ ਲਈ ਆਰਟੀਓ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗੇਟ ’ਤੇ ਕੰਮ ਬੰਦ ਹੋਣ ਬਾਰੇ ਪਹਿਲਾਂ ਹੀ ਸੂਚਨਾ ਲਾਏ ਜਾਂ ਪਾਰਕਿੰਗ ਮੁਲਾਜ਼ਮਾਂ ਨੂੰ ਜਾਣਕਾਰੀ ਦੇਵੇ ਤਾਂ ਜੋ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਕੀਤਾ ਜਾ ਸਕੇ।
--------------------
ਕੰਮ ਨਾ ਹੋਣ ’ਤੇ ਕੀਤਾ ਜਾਂਦਾ ਹੈ ਰੀਸ਼ਡਿਊਲ
ਇਸ ਬਾਰੇ ਡ੍ਰਾਈਵਿੰਗ ਟ੍ਰੈਕ ਦੇ ਇੰਚਾਰਜ ਏਟੀਓ ਵਿਸ਼ਾਲ ਗੋਇਲ ਨੇ ਦੱਸਿਆ ਕਿ ਜੇਕਰ ਟ੍ਰੈਕ 'ਤੇ ਸਰਵਰ ਬੰਦ ਹੋਣ ਕਾਰਨ ਪੂਰਾ ਦਿਨ ਕੰਮ ਨਹੀਂ ਹੁੰਦਾ ਤਾਂ ਕੁਝ ਬਿਨੈਕਾਰਾਂ ਨੂੰ ਅਗਲੇ ਦਿਨਾਂ ਲਈ ਰੀਸ਼ਡਿਊਲ ਕਰ ਦਿੱਤਾ ਜਾਂਦਾ ਹੈ ਪਰ ਜੇ ਅੰਸ਼ਿਕ ਤੌਰ 'ਤੇ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਅਜਿਹਾ ਨਹੀਂ ਕੀਤਾ ਜਾਂਦਾ। ਰੀਸ਼ਡਿਊਲ ਲਈ ਬਿਨੈਕਾਰਾਂ ਨੂੰ ਆਰਟੀਓ ਦਫ਼ਤਰ ਜਾਣਾ ਪੈਂਦਾ ਹੈ। ਇਸ ’ਤੇ ਏਟੀਓ ਨੇ ਕਿਹਾ ਕਿ ਉਨ੍ਹਾਂ ਕੋਲ ਚਲਾਨ ਤੇ ਬਕਾਇਆ ਅਰਜ਼ੀਆਂ ਦੀ ਮਨਜ਼ੂਰੀ ਦਾ ਕੰਮ ਵੀ ਹੁੰਦਾ ਹੈ, ਜਿਸ ਕਾਰਨ ਉਹ ਹਰ ਵੇਲੇ ਟ੍ਰੈਕ ਦਫਤਰ ’ਚ ਉਪਲੱਬਧ ਨਹੀਂ ਰਹਿੰਦੇ।