- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਨ ਵੇਲੇ ਗਰਮੀ, ਸਵੇਰੇ-ਸ਼ਾਮ

ਦਿਨ ਵੇਲੇ ਗਰਮੀ, ਸਵੇਰੇ-ਸ਼ਾਮ ਠੰਢ ਕਾਰਨ ਵਧੀਆਂ ਬਿਮਾਰੀਆਂ, ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ 30 ਫ਼ੀਸਦੀ ਵਧੀ
ਜਾਸ, ਜਲੰਧਰ : ਪਿਛਲੇ ਪੰਜ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ’ਚ 2.2 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ ’ਚ ਕਰੀਬ 4 ਡਿਗਰੀ ਸੈਲਸੀਅਸ ਦੀ ਗਿਰਾਵਟ ਨੇ ਲੋਕਾਂ ਦੀ ਸਿਹਤ ’ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ-ਸ਼ਾਮ ਦੀ ਠੰਢ ਤੇ ਦਿਨ ਵੇਲੇ ਗਰਮੀ ਕਾਰਨ ਸਰੀਰ ਤਾਪਮਾਨ ਦੇ ਇਸ ਬਦਲਾਅ ਨਾਲ ਪੂਰੀ ਤਰ੍ਹਾਂ ਤਾਲਮੇਲ ਨਹੀਂ ਬਿਠਾ ਪਾ ਰਿਹਾ। ਇਸ ਕਾਰਨ ਲੋਕਾਂ ਨੂੰ ਥਕਾਵਟ, ਸਰੀਰ ਦਰਦ, ਗਲੇ ਦੀ ਖ਼ਰਾਬੀ, ਜ਼ੁਕਾਮ ਤੇ ਐਲਰਜੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ, ਪ੍ਰਦੂਸ਼ਿਤ ਹਵਾ ਨੇ ਟੀਬੀ, ਸੀਓਪੀਡੀ, ਦਮਾ ਤੇ ਛਾਤੀ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਮੌਸਮ ਵਿਭਾਗ ਮੁਤਾਬਕ 17 ਨਵੰਬਰ ਨੂੰ ਘੱਟੋ-ਘੱਟ ਤਾਪਮਾਨ 12 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 28.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 20 ਨਵੰਬਰ ਨੂੰ ਇਹ ਘਟ ਕੇ ਕ੍ਰਮਵਾਰ 9.8 ਅਤੇ 24 ਡਿਗਰੀ ਸੈਲਸੀਅਸ ਰਹਿ ਗਿਆ। ਵਿਭਾਗ ਦਾ ਅਨੁਮਾਨ ਹੈ ਕਿ ਅਗਲੇ 10 ਦਿਨਾਂ ਦੌਰਾਨ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ’ਚ 2 ਤੋਂ 3 ਡਿਗਰੀ ਦੀ ਹੋਰ ਗਿਰਾਵਟ ਆ ਸਕਦੀ ਹੈ। ਸਵੇਰੇ ਤੇ ਸ਼ਾਮ ਨੂੰ ਠੰਢ ਵਧੇਗੀ, ਜਦਕਿ ਦਿਨ ਵੇਲੇ ਧੁੱਪ ਕਾਰਨ ਗਰਮੀ ਮਹਿਸੂਸ ਹੋਵੇਗੀ। ਤਾਪਮਾਨ ਦਾ ਇਹ ਫ਼ਰਕ ਹੀ ਸਰੀਰ ਲਈ ਸਭ ਤੋਂ ਵੱਡੀ ਚੁਣੌਤੀ ਬਣ ਰਿਹਾ ਹੈ।
---
ਠੀਕ ਹੋਣ ਨੂੰ ਲੱਗਦੇ ਨੇ 7 ਤੋਂ 10 ਦਿਨ : ਡਾ. ਤਰਸੇਮ ਲਾਲ
ਸਿਵਲ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਡਾ. ਤਰਸੇਮ ਲਾਲ ਨੇ ਦੱਸਿਆ ਕਿ ਮੌਸਮ ਬਦਲਣ ’ਤੇ ਸਰੀਰ ਨੂੰ ਨਵੇਂ ਤਾਪਮਾਨ ਮੁਤਾਬਕ ਢਲਣ ’ਚ ਆਮ ਤੌਰ ’ਤੇ 7 ਤੋਂ 10 ਦਿਨ ਲੱਗਦੇ ਹਨ। ਠੰਢ ’ਚ ਖ਼ੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ, ਜਦਕਿ ਦਿਨ ਦੀ ਗਰਮੀ ’ਚ ਫੈਲਦੀਆਂ ਹਨ। ਤਾਪਮਾਨ ਦੇ ਇਸ ਉਤਾਰ-ਚੜ੍ਹਾਅ ਨਾਲ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਤੇ ਸਾਹ ਲੈਣ ਦੀ ਰਫ਼ਤਾਰ ’ਤੇ ਅਸਰ ਪੈਂਦਾ ਹੈ। ਸਰੀਰ ਵਾਰ-ਵਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਾਰਨ ਥਕਾਵਟ ਅਤੇ ਸਰੀਰ ਦਰਦ ਮਹਿਸੂਸ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਬੱਚਿਆਂ ਤੇ ਟੀਬੀ, ਸੀਓਪੀਡੀ ਤੇ ਦਮੇ ਦੇ ਮਰੀਜ਼ਾਂ ਨੂੰ ਸਰੀਰਕ ਸੰਤੁਲਨ ਬਣਾਉਣ ’ਚ ਵਧੇਰੇ ਸਮਾਂ ਲੱਗਦਾ ਹੈ, ਇਸ ਲਈ ਉਨ੍ਹਾਂ ਨੂੰ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਡਾਕਟਰਾਂ ਕੋਲ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ 20 ਤੋਂ 30 ਫ਼ੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ।
ਹਵਾ ’ਚ ਧੂੜ ਦੇ ਕਣਾਂ ਤੇ ਪੀਐੱਮ 2.5 ਤੇ ਪੀਐੱਮ 10 ਦੀ ਮਾਤਰਾ ਵਧਣ ਨਾਲ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਪ੍ਰਦੂਸ਼ਿਤ ਹਵਾ ਸਿੱਧਾ ਫੇਫੜਿਆਂ ’ਤੇ ਅਸਰ ਕਰ ਰਹੀ ਹੈ। ਛਾਤੀ ਦੇ ਰੋਗਾਂ, ਸੀਓਪੀਡੀ, ਐਲਰਜੀ, ਦਮੇ ਅਤੇ ਟੀਬੀ ਦੇ ਮਰੀਜ਼ਾਂ ਨੂੰ ਸਭ ਤੋਂ ਵੱਧ ਦਿੱਕਤ ਆ ਰਹੀ ਹੈ। ਸੀਓਪੀਡੀ ਦੇ ਮਰੀਜ਼ਾਂ ’ਚ ਸਾਹ ਚੜ੍ਹਨ, ਬਲਗ਼ਮ ਵਾਲੀ ਖੰਘ ਤੇ ਛਾਤੀ ’ਚ ਜਕੜਨ ਦੀ ਸ਼ਿਕਾਇਤ ਵਧੀ ਹੈ। ਦਮੇ ਦੇ ਮਰੀਜ਼ਾਂ ਨੂੰ ਰਾਤ ਵੇਲੇ ਵਧੇਰੇ ਤਕਲੀਫ਼ ਹੋ ਰਹੀ ਹੈ।
---
ਸਾਵਧਾਨੀ ਵਰਤਣਾ ਸਭ ਤੋਂ ਵਧੀਆ ਬਚਾਅ : ਡਾ. ਐੱਸਐੱਸ ਨਾਂਗਲ
ਬਾਲ ਰੋਗ ਮਾਹਿਰ ਡਾ. ਐੱਸ.ਐੱਸ. ਨਾਂਗਲ ਨੇ ਕਿਹਾ ਕਿ ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋਣ ਕਾਰਨ ਮੌਸਮੀ ਤਬਦੀਲੀ ਨਾਲ ਉਨ੍ਹਾਂ ਦੇ ਸਰੀਰ ਨੂੰ ਤਾਪਮਾਨ ਦੇ ਬਦਲਾਅ ਨਾਲ ਤਾਲਮੇਲ ਬਿਠਾਉਣ ’ਚ ਸਮਾਂ ਲੱਗਦਾ ਹੈ। ਸਰੀਰ ਨੂੰ ਸੰਤੁਲਨ ਬਣਾਉਣ ਲਈ 7 ਤੋਂ 10 ਦਿਨ ਦੇਣੇ ਚਾਹੀਦੇ ਹਨ। ਇਸ ਦੌਰਾਨ ਖਾਣ-ਪੀਣ, ਪਹਿਰਾਵੇ ਤੇ ਰੋਜ਼ਾਨਾ ਦੀ ਰੁਟੀਨ ’ਚ ਥੋੜ੍ਹਾ ਜਿਹਾ ਬਦਲਾਅ ਕਰਕੇ ਇਸ ਮੌਸਮ ’ਚ ਸਿਹਤਮੰਦ ਰਿਹਾ ਜਾ ਸਕਦਾ ਹੈ। ਆਉਣ ਵਾਲੇ ਦਿਨਾਂ ’ਚ ਠੰਢ ਹੋਰ ਵਧਣ ਦੀ ਸੰਭਾਵਨਾ ਹੈ, ਇਸ ਲਈ ਹੁਣ ਤੋਂ ਹੀ ਸਾਵਧਾਨੀ ਵਰਤਣਾ ਸਭ ਤੋਂ ਵਧੀਆ ਬਚਾਅ ਹੈ।
ਹਸਪਤਾਲ ’ਚ ਦਵਾਈ ਲੈਣ ਆਏ ਸੂਦਾ ਚੌਕ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਉੱਠਦੇ ਹੀ ਗਲਾ ਭਾਰਾ ਮਹਿਸੂਸ ਹੁੰਦਾ ਹੈ, ਨੱਕ ਬੰਦ ਹੋ ਜਾਂਦੀ ਹੈ ਤੇ ਸਾਰਾ ਦਿਨ ਸੁਸਤੀ ਰਹਿੰਦੀ ਹੈ। ਪਿਛਲੇ ਚਾਰ ਦਿਨਾਂ ਤੋਂ ਸਰੀਰ ਦਰਦ ਤੇ ਹਲਕਾ ਬੁਖ਼ਾਰ ਹੈ। ਦਵਾਈ ਲੈਣ ਤੋਂ ਬਾਅਦ ਵੀ ਪੂਰਾ ਛੁੱਟੀ ਨਹੀਂ ਮਿਲ ਰਿਹਾ।
ਟੀਬੀ ਵਿਭਾਗ ’ਚ ਇਲਾਜ ਕਰਵਾਉਣ ਪੁੱਜੇ ਮਰੀਜ਼ ਰਜਨੀਸ਼ ਨੇ ਦੱਸਿਆ ਕਿ ਉਹ ਸੀਓਪੀਡੀ ਤੋਂ ਪੀੜਤ ਹਨ। ਝੋਨੇ ਦੀ ਕਟਾਈ ਦੇ ਸਮੇਂ ਅਤੇ ਮੌਸਮ ਬਦਲਣ ਨਾਲ ਉਨ੍ਹਾਂ ਨੂੰ ਅਕਸਰ ਸਾਹ ਲੈਣ ’ਚ ਵਧੇਰੇ ਦਿੱਕਤ ਹੁੰਦੀ ਹੈ। ਖ਼ਾਸ ਕਰਕੇ ਸਵੇਰ ਦੀ ਠੰਢ ’ਚ ਸਾਹ ਲੈਣਾ ਔਖਾ ਹੋ ਜਾਂਦਾ ਹੈ, ਇਸ ਲਈ ਉਨ੍ਹਾਂ ਨੇ ਸਵੇਰ ਦੀ ਸੈਰ ਦਾ ਸਮਾਂ ਬਦਲ ਲਿਆ ਹੈ।