- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮ ਕਥਾਮ੍ਰਿਤ ਦੇ ਦੂਜੇ ਦਿਨ ਸ਼ਰਧਾ ਤੇ ਭਗਤੀ ਨਾਲ ਮਨਾਇਆ ਪ੍ਰਭੂ ਸ੍ਰੀ ਰਾਮ ਦਾ ਜਨਮ ਉਤਸਵ

-ਸਾਧਵੀ ਸ਼੍ਰੇਯਾ ਭਾਰਤੀ ਨੇ ਵਧਦੇ ਸਕ੍ਰੀਨ ਟਾਈਮ ਦੇ ਬੱਚਿਆਂ ਤੇ ਨੌਜਵਾਨਾਂ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਕੀਤਾ ਸੁਚੇਤ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਦਿਵਯ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਸਮਾਜਿਕ ਪ੍ਰੋਜੈਕਟ ‘ਮੰਥਨ’ ਦੇ ਸਹਿਯੋਗ ਲਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਈ ਜਾ ਰਹੀ ਸੱਤ ਰੋਜ਼ਾ ਵਿਸ਼ਾਲ ‘ਸ੍ਰੀ ਰਾਮ ਕਥਾਅੰਮ੍ਰਿਤ’ ਦੇ ਦੂਜੇ ਦਿਨ ਦਾ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋਇਆ। 22 ਤੋਂ 28 ਨਵੰਬਰ ਤੱਕ ਰੋਜ਼ਾਨਾ ਸ਼ਾਮ 6 ਤੋਂ ਰਾਤ 9 ਵਜੇ ਤੱਕ ਚੱਲ ਰਹੀ ਇਸ ਪਾਵਨ ਕਥਾ ’ਚ ਸੰਸਥਾਨ ਦੇ ਵਿਸ਼ਵ ਪ੍ਰਸਿੱਧ ਕਥਾ ਵਿਆਸ ਸਾਧਵੀ ਸ਼੍ਰੇਯਾ ਭਾਰਤੀ ਨੇ ਸ੍ਰੀ ਰਾਮ ਜਨਮ ਦੇ ਅਧਿਆਤਮਿਕ ਮਹੱਤਵ, ਡਿਜੀਟਲ ਯੁੱਗ ’ਚ ਵਧ ਰਹੇ ਸਕ੍ਰੀਨ ਟਾਈਮ ਦੇ ਨੁਕਸਾਨ ਤੇ ਬ੍ਰਹਮਗਿਆਨ ਰਾਹੀਂ ਮਨੁੱਖੀ ਜੀਵਨ ’ਚ ਆਉਣ ਵਾਲੇ ਪਰਿਵਰਤਨ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ। ਕਥਾ ਦੌਰਾਨ ਜਦੋਂ ਪ੍ਰਭੂ ਸ੍ਰੀ ਰਾਮ ਦੇ ਜਨਮ ਦਾ ਪਾਵਨ ਪ੍ਰਸੰਗ ਆਇਆ ਤਾਂ ਪੂਰਾ ਪੰਡਾਲ ‘ਭਏ ਪ੍ਰਗਟ ਕ੍ਰਿਪਾਲਾ ਦੀਨ ਦਇਆਲਾ’ ਦੀਆਂ ਮਧੁਰ ਚੌਪਈਆਂ ਤੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸਾਧਵੀ ਭੈਣਾਂ ਵੱਲੋਂ ਪੇਸ਼ ਕੀਤੇ ਗਏ ਭਗਤੀਮਈ ਭਜਨਾਂ ਨੇ ਸੰਗਤ ਨੂੰ ਭਾਵ-ਵਿਭੋਰ ਕਰ ਦਿੱਤਾ ਤੇ ਸ਼ਰਧਾਲੂ ਭਗਤੀ ਦੇ ਰੰਗ ’ਚ ਝੂਮ ਉੱਠੇ।
ਸਾਧਵੀ ਸ਼੍ਰੇਯਾ ਭਾਰਤੀ ਨੇ ਸ੍ਰੀ ਰਾਮ ਜਨਮ ਦੇ ਅਧਿਆਤਮਿਕ ਰਹੱਸ ਨੂੰ ਸਮਝਾਉਂਦਿਆਂ ਕਿਹਾ ਕਿ ਪ੍ਰਭੂ ਦਾ ਅਵਤਾਰ ਸਿਰਫ਼ ਇਕ ਇਤਿਹਾਸਕ ਘਟਨਾ ਨਹੀਂ, ਸਗੋਂ ਮਨੁੱਖ ਦੇ ਅੰਦਰ ਈਸ਼ਵਰੀ ਪ੍ਰਕਾਸ਼ ਦੇ ਪ੍ਰਗਟ ਹੋਣ ਦਾ ਵੀ ਪ੍ਰਤੀਕ ਹੈ। ਜਦੋਂ ਪੂਰਨ ਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਅੰਤਰਮਨ ’ਚ ਬ੍ਰਹਮਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਮੌਜੂਦਾ ਡਿਜੀਟਲ ਯੁੱਗ ਬਾਰੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਮੋਬਾਈਲ ਫੋਨ, ਸੋਸ਼ਲ ਮੀਡੀਆ ਤੇ ਬੇਹੱਦ ਸਕ੍ਰੀਨ ਟਾਈਮ ਬੱਚਿਆਂ ਤੇ ਨੌਜਵਾਨਾਂ ਦੀ ਇਕਾਗਰਤਾ, ਮਾਨਸਿਕ ਸਿਹਤ, ਸੰਵੇਦਨਸ਼ੀਲਤਾ ਤੇ ਪਰਿਵਾਰਕ ਸੰਵਾਦ ਨੂੰ ਪ੍ਰਭਾਵਿਤ ਕਰ ਰਹੇ ਹਨ। ਵਰਚੁਅਲ ਦੁਨੀਆ ’ਚ ਵਧਦੀ ਰੁਚੀ ਕਾਰਨ ਨੌਜਵਾਨ ਅਸਲ ਜੀਵਨ ਦੇ ਟੀਚਿਆਂ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਚੰਗੇ ਸੰਸਕਾਰਾਂ, ਨੈਤਿਕ ਸਿੱਖਿਆ ਤੇ ਅਧਿਆਤਮਿਕਤਾ ਨਾਲ ਜੋੜਨ। ਉਨ੍ਹਾਂ ਕਿਹਾ ਕਿ ਸਮਾਜ ’ਚ ਸਥਾਈ ਸੁਧਾਰ ਲਿਆਉਣ ਲਈ ਸਿਰਫ਼ ਬਾਹਰੀ ਉਪਦੇਸ਼ ਤੇ ਨਿਯਮ ਕਾਫ਼ੀ ਨਹੀਂ ਹਨ, ਸਗੋਂ ਮਨੁੱਖ ਦੇ ਅੰਦਰੂਨੀ ਮਨ ਦੀ ਦਿਸ਼ਾ ਬਦਲਣੀ ਜ਼ਰੂਰੀ ਹੈ। ਸਮਾਗਮ ਦਾ ਸ਼ੁਭ ਆਰੰਭ ਵਿਧੀਵਤ ਪੂਜਨ ਤੇ ਪਾਵਨ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਪਾਵਨ ਆਰਤੀ ਦੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਇਰਵਿਨ ਖੰਨਾ, ਧਰੁਵ ਮਿੱਤਲ, ਪੁਸ਼ਪੇਂਦਰ ਨਿਰਾਲਾ (ਡਾਇਰੈਕਟਰ, ਆਦਮਪੁਰ ਏਅਰਪੋਰਟ), ਗਗਨ, ਸੰਦੀਪ ਸੁਨੇਜਾ, ਪਵਨ ਅਗਰਵਾਲ, ਸਤਪਾਲ ਚੌਧਰੀ, ਸੁਮਨ, ਅਮਿਤ ਤਲਵਾੜ ਅਤੇ ਸੇਵਾਮੁਕਤ ਐੱਸਪੀ ਸੁਖਦੇਵ ਸਿੰਘ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਰਹੀਆਂ।