27 ਨੂੰ ਮਨਾਇਆ ਜਾਵੇਗਾ ਡਾ. ਅੰਬੇਡਕਰ ਦਾ ਆਗਮਨ ਦਿਵਸ ਬਾਬਾ ਸਾਹਿਬ ਡਾ. ਅੰਬੇਡਕਰ ਦਾ ਆਗਮਨ ਦਿਵਸ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਏਗਾ
Publish Date: Mon, 19 Oct 2026 06:49 PM (IST)
Updated Date: Mon, 19 Oct 2026 06:51 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਭਵਨ ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਮੀਟਿੰਗ ਬਾਅਦ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਕਿ 27 ਅਕਤੂਬਰ, 1951 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜਲੰਧਰ ਪਧਾਰੇ ਸਨ ਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਅੰਬੇਡਕਰ ਭਵਨ ਟਰੱਸਟ ਕਈ ਵਰ੍ਹਿਆਂ ਤੋਂ ਬਾਬਾ ਸਾਹਿਬ ਡਾ. ਅੰਬੇਡਕਰ ਦਾ ਆਗਮਨ ਦਿਵਸ 27 ਅਕਤੂਬਰ ਨੂੰ ਫਰੀ ਮੈਡੀਕਲ ਕੈਂਪ ਲਗਾ ਕੇ ਤੇ ਹੋਰ ਗਤੀਵਿਧੀਆਂ ਕਰਕੇ ਮਨਾਉਂਦਾ ਆ ਰਿਹਾ ਹੈ। ਭਾਰਦਵਾਜ ਨੇ ਕਿਹਾ ਕਿ ਇਸ ਵਾਰ ਵੀ 27 ਅਕਤੂਬਰ ਨੂੰ ਬਾਬਾ ਸਾਹਿਬ ਦਾ ਜਲੰਧਰ ਆਗਮਨ ਦਿਵਸ ਮਨਾਇਆ ਜਾਵੇਗਾ। ਸਮਾਗਮ ਦੌਰਾਨ ਇਸ ਇਤਿਹਾਸਿਕ ਸਥਾਨ ਅੰਬੇਡਕਰ ਭਵਨ ਦੇ ਨਿਰਮਾਣ ਹਿਤ ਅੰਬੇਡਕਰ ਭਵਨ ਟਰੱਸਟ ਦੀ ਸਥਾਪਨਾ ਕਰਕੇ ਆਪਣੇ ਜੀਵਨ ਤੇ ਸਾਧਨਾ ਰਾਹੀਂ ਵਡਮੁੱਲਾ ਯੋਗਦਾਨ ਪਾਉਣ ਵਾਲੇ ਅੰਬੇਡਕਰ ਮਿਸ਼ਨ ਨੂੰ ਸਮਰਪਿਤ ਤੇ ਪ੍ਰਤਿਬਧ ਪੈਰੋਕਾਰ ਸਾਰੇ ਸਾਬਕਾ ਸੀਨੀਅਰ ਟਰੱਸਟੀਆਂ ਦੀ ਯਾਦ ਨੂੰ ਚਿਰਸਥਾਈ ਬਣਾਉਣ ਲਈ ਟਰੱਸਟ ਵੱਲੋਂ ਇਨ੍ਹਾਂ ਸਾਰੇ ਸਾਬਕਾ ਟਰੱਸਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੰਬੇਡਕਰ ਭਵਨ ਟਰੱਸਟ ਦੀ ਸਬ-ਕਮੇਟੀ ਦੀ ਮੀਟਿੰਗ ਇਸੇ ਸਬੰਧ ’ਚ ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਵਿਖੇ ਹੋਈ। ਡਾ. ਜੱਸੀ ਨੇ ਕਿਹਾ ਕਿ ਇਸ ਸਬੰਧੀ ਤਿਆਰੀਆਂ ਜੋਰਾਂ-ਸ਼ੋਰਾਂ ਚ ਚੱਲ ਰਹੀਆਂ ਹਨ ਤੇ ਇਸ ਬਾਰੇ ਸਾਬਕਾ ਟਰੱਸਟੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਡਾ. ਮਹਿੰਦਰ ਸੰਧੂ, ਡਾ. ਜੀਸੀ ਕੌਲ, ਬਲਦੇਵ ਰਾਜ ਭਾਰਦਵਾਜ, ਚਰਨ ਦਾਸ ਸੰਧੂ, ਹਰਮੇਸ਼ ਜੱਸਲ ਤੇ ਨਿਰਮਲ ਬਿੰਜੀ ਹਾਜ਼ਰ ਸਨ।