- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਪੁਰ ਵਿਖੇ ਪੀਰ ਬਾਬਾ ਬੁੱਢੇ ਸ਼ਾਹ ਦਰਬਾਰ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

-ਅਜਿਹੇ ਪੁਰਾਤਨ ਸੂਫ਼ੀ ਦਰਬਾਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ : ਬਲਕਾਰ ਸਿੰਘ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਿਸ਼ਨਗੜ੍ਹ-ਕਰਤਾਰਪੁਰ ਰੋਡ ’ਤੇ ਸਥਿਤ ਪਿੰਡ ਫਰੀਦਪੁਰ ਵਿਖੇ ਸੂਫ਼ੀ ਦਰਬਾਰ ਪੀਰ ਬਾਬਾ ਬੁੱਢੇ ਸ਼ਾਹ ਦਾ ਸਾਲਾਨਾ ਜੋੜ ਮੇਲਾ ਦਰਬਾਰ ਦੀ ਪ੍ਰਬੰਧਕ ਕਮੇਟੀ, ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਮੇਲੇ ਦੇ ਪਹਿਲੇ ਦਿਨ ਝੰਡੇ ਤੇ ਚਾਦਰਪੋਸ਼ੀ ਦੀ ਰਸਮ ਅਦਾ ਕੀਤੀ ਗਈ। ਉਪਰੰਤ ਗਾਇਕ ਕਲੇਰ ਅਜੇ ਨੇ ਧਾਰਮਿਕ ਗੀਤ ਪੇਸ਼ ਕੀਤੇ, ਜਦਕਿ ਸ਼ਾਮ ਨੂੰ ਪ੍ਰਸਿੱਧ ਕੱਵਾਲ ਰਣਵੀਰ ਅਲੀ ਐਂਡ ਪਾਰਟੀ ਨੇ ਸੂਫ਼ੀਆਨਾ ਕਵਾਲੀਆਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਮੇਲੇ ਦੇ ਦੂਜੇ ਦਿਨ ਹੀਰ ਮਿਊਜ਼ਿਕਲ ਗਰੁੱਪ ਵੱਲੋਂ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਪੰਮੀ ਨੱਕਾਲ ਐਂਡ ਪਾਰਟੀ ਦੇ ਕਲਾਕਾਰਾਂ ਨੇ ਸੂਫ਼ੀ ਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਲਕਾਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਪਿੰਡ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਤੇ ਦਰਬਾਰ ਦੀ ਪ੍ਰਬੰਧਕ ਕਮੇਟੀ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਪੁਰਾਤਨ ਸੂਫ਼ੀ ਦਰਬਾਰਾਂ ਦੇ ਮੇਲੇ ਸਾਰਿਆਂ ਨੂੰ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ, ਕਿਉਂਕਿ ਇਹ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਪ੍ਰਬੰਧਕ ਕਮੇਟੀ ਵੱਲੋਂ ਮੇਲੇ ’ਚ ਸਹਿਯੋਗ ਦੇਣ ਵਾਲੇ ਗਾਇਕ ਕਲਾਕਾਰਾਂ, ਦਾਨੀ ਸੱਜਣਾਂ, ਸੇਵਾਦਾਰਾਂ ਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਮਲਜੀਤ ਸਿੰਘ ਮੰਗਾ, ਸਰਪੰਚ ਗੁਰਦੀਪ ਕੌਰ, ਪੰਚ ਗੁਰਬਖਸ਼ ਕੌਰ, ਭੁਪਿੰਦਰ ਕੁਮਾਰ, ਕੁਲਵਿੰਦਰ ਕੌਰ, ਸਤਨਾਮ ਚੰਦ, ਸਾਬਕਾ ਸਰਪੰਚ ਮਾ. ਕੁੰਦਨ ਲਾਲ, ਨੰਬਰਦਾਰ ਜਸਵਿੰਦਰ ਸਿੰਘ, ਪਾਖਰ ਚੰਦ, ਜੋਗਿੰਦਰ ਸਿੰਘ, ਗੁਰਨਾਮ ਸਿੰਘ, ਅਸ਼ੋਕ ਕੁਮਾਰ, ਕਪਿਲ ਦੇਵ, ਸਾਬਕਾ ਸਰਪੰਚ ਪਰਮਜੀਤ ਕੁਮਾਰ, ਸ਼ਗਲੀ ਰਾਮ ਤੇ ਇੰਦਰ ਆਦਿ ਹਾਜ਼ਰ ਸਨ।