- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਪ੍ਰਸ਼ਾਸਨ ਵੱਲੋਂ ਸਿਵਲ ਡਿਫੈਂਸ ਏਅਰ ਰੇਡ ਤੇ ਬਲੈਕਆਊਟ ਮੌਕ ਡਰਿੱਲ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੂਬਾ ਪੱਧਰੀ ਸਿਵਲ ਡਿਫੈਂਸ ਏਅਰ ਰੇਡ ਤੇ ਬਲੈਕਆਊਟ ਮੌਕ ਅਭਿਆਸ ਦੇ ਹਿੱਸੇ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਸ਼ੁੱਕਰਵਾਰ ਰਾਤ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ’ਚ ਮੌਕ ਡਰਿੱਲ ਕਰਵਾਈ ਗਈ। ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ.ਡੀ.ਐੱਮ.) ਉਪਿੰਦਰਜੀਤ ਕੌਰ ਬਰਾੜ ਦੀ ਨਿਗਰਾਨੀ ਹੇਠ ਕੀਤੇ ਗਏ ਇਸ ਅਭਿਆਸ ਜ਼ਰੀਏ ਐਮਰਜੈਂਸੀ ਦੌਰਾਨ ਤਿਆਰੀਆਂ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.), ਸਿਵਲ ਡਿਫੈਂਸ, ਪੰਜਾਬ ਪੁਲਿਸ, ਸਿਹਤ ਸੇਵਾਵਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵਿਚਕਾਰ ਆਪਸੀ ਤਾਲਮੇਲ ਦੀ ਪਰਖ ਕੀਤੀ ਗਈ। ਇਹ ਡਰਿੱਲ ਰਾਤ ਠੀਕ 8 ਵਜੇ ਦੋ ਮਿੰਟ ਦੇ ਏਅਰ ਰੇਡ ਸਾਇਰਨ ਨਾਲ ਸ਼ੁਰੂ ਹੋਈ। ਇਸ ਤੋਂ ਤੁਰੰਤ ਬਾਅਦ ਪੂਰੇ ਕੰਪਲੈਕਸ ’ਚ 10 ਮਿੰਟਾਂ ਲਈ ਪੂਰਨ ਬਲੈਕਆਊਟ ਕੀਤਾ ਗਿਆ ਤੇ ਨਾਲ ਹੀ ਅੱਗ ਲੱਗਣ ’ਤੇ ਜਾਨੀ ਨੁਕਸਾਨ ਹੋਣ ਵਰਗੀ ਸਥਿਤੀ ਦਾ ਦ੍ਰਿਸ਼ ਸਿਰਜਿਆ ਗਿਆ। ਅਲਰਟ ਮਿਲਦੇ ਹੀ ਤੁਰੰਤ ਸਾਰੀਆਂ ਸਬੰਧਤ ਟੀਮਾਂ ਹਰਕਤ ’ਚ ਆ ਗਈਆਂ ਅਤੇ ਉਨ੍ਹਾਂ ਨੇ ਰਲ ਕੇ ਬਚਾਅ ਤੇ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ। ਅੱਗ ਬੁਝਾਊ ਅਮਲੇ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ 'ਤੇ ਕਾਬੂ ਪਾਇਆ, ਜਦਕਿ ਸਿਵਲ ਡਿਫੈਂਸ, ਫਾਇਰ ਸਰਵਿਸਿਜ਼ ਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕੀਤੇ। ਇਮਾਰਤ ’ਚ ਫਸੇ ਲੋਕਾਂ ਨੂੰ ਆਧੁਨਿਕ 'ਸਟੈਪ-ਡਾਊਨ ਲੈਡਰ' ਤਕਨੀਕ ਦੀ ਵਰਤੋਂ ਕਰਕੇ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰਿਆ ਗਿਆ। ਮੌਕੇ 'ਤੇ ਹੀ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਫਿਰ ਉੱਥੇ ਮੌਜੂਦ ਐਂਬੂਲੈਂਸਾਂ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ। ਮੌਕ ਡਰਿੱਲ ਤੋਂ ਬਾਅਦ ਗੱਲਬਾਤ ਕਰਦਿਆਂ ਐੱਸ.ਡੀ.ਐੱਮ. ਉਪਿੰਦਰਜੀਤ ਕੌਰ ਬਰਾੜ ਨੇ ਦੱਸਿਆ ਕਿ ਇਹ ਅਭਿਆਸ ਗ੍ਰਹਿ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ ਹੈ ਤਾਂ ਜੋ ਅਸਲ ਸੰਕਟਮਈ ਹਾਲਾਤ ਦੌਰਾਨ ਵੱਖ-ਵੱਖ ਐਮਰਜੈਂਸੀ ਸੇਵਾਵਾਂ ਵਿਚਾਲੇ ਬਿਹਤਰ ਤਾਲਮੇਲ ਯਕੀਨੀ ਬਣਾਇਆ ਜਾ ਸਕੇ। ਡਰਿੱਲ ’ਚ ਸ਼ਾਮਲ ਕਰਮਚਾਰੀਆਂ ਦੀ ਫੌਰੀ ਕਾਰਵਾਈ, ਸਮਰਪਣ ਭਾਵਨਾ ਤੇ ਪੇਸ਼ੇਵਰ ਸੂਝ-ਬੂਝ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਅਭਿਆਸ ਅਚਾਨਕ ਆਉਣ ਵਾਲੀਆਂ ਐਮਰਜੈਂਸੀ ਸਥਿਤੀਆਂ ਦੌਰਾਨ ਜਾਨਾਂ ਬਚਾਉਣ ਲਈ ਬਹੁਤ ਮਹੱਤਵਪੂਰਨ ਹਨ।