- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2027 ਦੀਆਂ ਚੋਣਾਂ ਲਈ ਜਲੰਧਰ ’ਚ ਈਵੀਐੱਮ ਦੀ ਜਾਂਚ ਸ਼ੁਰੂ

-ਚੋਣ ਕਮਿਸ਼ਨ ਦੇ ਨੋਡਲ ਅਫ਼ਸਰ ਨੇ ਲਿਆ ਜਾਇਜ਼ਾ
-ਵੇਅਰ ਹਾਊਸ ’ਚ ਈਵੀਐੱਮ ਤੇ ਵੀਵੀਪੈਟ ਦੀ ਫਸਟ ਲੈਵਲ ਚੈਕਿੰਗ ਸ਼ੁਰੂ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਜਲੰਧਰ ’ਚ ਚੋਣ ਮਸ਼ੀਨਰੀ ਨੂੰ ਪਰਖਣ ਦਾ ਕੰਮ ਸ਼ੁਰੂ ਹੋ ਗਿਆ ਹੈ। ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਤੇ ਵੀਵੀਪੈਟ ਦੀ ਫਸਟ ਲੈਵਲ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪ੍ਰਕਿਰਿਆ ਦਾ ਨਿਰੀਖਣ ਕਰਨ ਲਈ ਚੋਣ ਕਮਿਸ਼ਨ ਵੱਲੋਂ ਨਿਯੁਕਤ ਆਸਾਮ ਦੀ ਈਵੀਐਮ ਨੋਡਲ ਅਫ਼ਸਰ ਸੁਲਕਸ਼ਣਾ ਬੋਰਪਾਤਰਾਗੋਈਆ ਜਲੰਧਰ ਪਹੁੰਚੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਪੱਧਰੀ ਈਵੀਐੱਮ ਵੇਅਰ ਹਾਊਸ ’ਚ ਚੱਲ ਰਹੀ ਜਾਂਚ ਦਾ ਜਾਇਜ਼ਾ ਲਿਆ ਤੇ ਮਸ਼ੀਨਾਂ ਦੀ ਪਰਖ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਈਵੀਐੱਮ ਤੇ ਵੀਵੀਪੈਟ ਦੀ ਜਾਂਚ ਬੇਹੱਦ ਅਹਿਮ ਹੈ। ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀਈਐੱਲ) ਦੇ ਇੰਜੀਨੀਅਰਾਂ ਵੱਲੋਂ ਕੀਤੀ ਜਾ ਰਹੀ ਹੈ। ਪੂਰੀ ਪ੍ਰਕਿਰਿਆ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਾਂਚ ਦਾ ਹਰ ਪੜਾਅ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਤੇ ਵੀਡੀਓਗ੍ਰਾਫੀ ਹੇਠ ਨੇਪਰੇ ਚਾੜ੍ਹਿਆ ਜਾ ਰਿਹਾ ਹੈ, ਤਾਂ ਜੋ ਕਾਰਵਾਈ ’ਚ ਪਾਰਦਰਸ਼ਤਾ ਬਣੀ ਰਹੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ, ਸੀਐੱਮਐੱਫਓ ਰਜਮਨਦੀਪ ਕੌਰ, ਚੋਣ ਤਹਿਸੀਲਦਾਰ ਡਾ. ਦੀਪਕ ਰਾਜ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਕਿਰਿਆ ’ਚ ਸਰਗਰਮੀ ਨਾਲ ਹਿੱਸਾ ਲੈਣ, ਤਾਂ ਜੋ ਮਸ਼ੀਨਾਂ ਦੀ ਜਾਂਚ ਦੇ ਹਰੇਕ ਪੜਾਅ ’ਤੇ ਪਾਰਦਰਸ਼ਤਾ ਯਕੀਨੀ ਬਣਾਈ ਜਾ ਸਕੇ।