CNG ਸਿਲੰਡਰਾਂ ਨਾਲ ਭਰੇ ਟਰੱਕ ਤੇ ਰੇਤੇ ਦੇ ਟਿੱਪਰ ਦੀ ਜ਼ਬਰਦਸਤ ਟੱਕਰ, ਕੈਬਿਨ ਅੰਦਰ ਫਸਿਆ ਡਰਾਈਵਰ; ਲੋਕਾਂ ਨੇ ਕੱਢਿਆ ਬਾਹਰ
ਗੁਰਾਇਆ ਨੈਸ਼ਨਲ ਹਾਈਵੇ 'ਤੇ ਮੇਨ ਚੌਂਕ ਦੇ ਪੁਲ ਉੱਪਰ CNG ਸਿਲੰਡਰਾਂ ਨਾਲ ਭਰੇ ਟਰੱਕ ਅਤੇ ਰੇਤੇ ਨਾਲ ਭਰੇ ਟਿੱਪਰ ਦੀ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੀ ਸੂਚਨਾ ਰਾਹਗੀਰ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਦਿੱਤੀ ਗਈ।
Publish Date: Wed, 12 Aug 2026 03:57 PM (IST)
Updated Date: Wed, 12 Aug 2026 03:59 PM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ - ਗੁਰਾਇਆ ਨੈਸ਼ਨਲ ਹਾਈਵੇ 'ਤੇ ਮੇਨ ਚੌਂਕ ਦੇ ਪੁਲ ਉੱਪਰ CNG ਸਿਲੰਡਰਾਂ ਨਾਲ ਭਰੇ ਟਰੱਕ ਅਤੇ ਰੇਤੇ ਨਾਲ ਭਰੇ ਟਿੱਪਰ ਦੀ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੀ ਸੂਚਨਾ ਰਾਹਗੀਰ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਇੱਕ ਸੀਐਨਜੀ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਜੋ ਮੇਨ ਹਾਈਵੇਅ ਪੁੱਲ ਦੇ ਉੱਪਰ ਫਗਵਾੜਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਕਿ ਅਚਾਨਕ ਰੇਤ ਦੇ ਭਰੇ ਹੋਏ ਟਿੱਪਰ ਦੇ ਪਿੱਛੇ ਜਾ ਟਕਰਾਇਆ। ਉਕਤ ਟੱਕਰ ਦੌਰਾਨ ਟਰੱਕ ਦਾ ਡਰਾਈਵਰ ਕੈਬਿਨ ਅੰਦਰ ਫਸ ਗਿਆ, ਜਿਸ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਐਂਬੂਲੈਂਸ ਰਾਹੀਂ ਜੇਰੇ ਇਲਾਜ ਸਿਵਲ ਹਸਪਤਾਲ ਫਿਲੌਰ ਵਿਖੇ ਭੇਜਿਆ ਗਿਆ।
ਦੂਜੇ ਪਾਸੇ ਰੇਤੇ ਨਾਲ ਭਰੇ ਟਿੱਪਰ ਦੇ ਡਰਾਈਵਰ ਸੰਦੀਪ ਨੇ ਦੱਸਿਆ ਕਿ ਸੀਐਨਜੀ ਸਿਲੰਡਰਾਂ ਵਾਲਾ ਟਰੱਕ ਪਿੱਛੋਂ ਆ ਕੇ ਉਸ ਦੇ ਟਿੱਪਰ ਨਾਲ ਟਕਰਾ ਗਿਆ। ਟੱਕਰ ਕਾਰਨ ਟਿੱਪਰ ਦਾ ਟਾਇਰ ਵੀ ਪੰਚਰ ਹੋ ਗਿਆ, ਜਦਕਿ ਟਰੱਕ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਉਸ ਦੇ ਪਰਖੱਚੇ ਉੱਡ ਗਏ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।