ਤੇਰਾਂ-ਤੇਰਾਂ ਹੱਟੀ ਵੱਲੋਂ ਮੁਫ਼ਤ ਕਿਤਾਬਾਂ ਦਾ ਵਿਸ਼ਾਲ ਕੈਂਪ, ਹਜ਼ਾਰਾਂ ਬੱਚਿਆਂ ਨੂੰ ਮਿਲੀ ਮਦਦ
ਤੇਰਾ ਤੇਰਾ ਹੱਟੀ ਵੱਲੋਂ ਮੁਫ਼ਤ ਕਿਤਾਬਾਂ ਦਾ ਵਿਸ਼ਾਲ ਕੈਂਪ, ਹਜ਼ਾਰਾਂ ਬੱਚਿਆਂ ਨੂੰ ਮਿਲੀ ਮਦਦ
Publish Date: Sun, 05 Apr 2026 07:16 PM (IST)
Updated Date: Mon, 06 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸੋਚ ‘ਵੰਡ ਛਕਣਾ’ ਨੂੰ ਅੱਗੇ ਵਧਾਉਂਦੇ ਹੋਏ ਤੇਰਾਂ-ਤੇਰਾਂ ਹੱਟੀ ਵੱਲੋਂ 5 ਅਪ੍ਰੈਲ ਨੂੰ ਮੁਫ਼ਤ ਕਿਤਾਬਾਂ ਦਾ 6ਵਾਂ ਵਿਸ਼ਾਲ ਕੈਂਪ ਲਗਾਇਆ ਗਿਆ। ਇਹ ਸੇਵਾ ਕੈਂਪ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਚੱਲਿਆ, ਜਿਸ ’ਚ ਬੱਚਿਆਂ ਤੇ ਮਾਪਿਆਂ ਵੱਲੋਂ ਵੱਡੀ ਗਿਣਤੀ ’ਚ ਹਾਜ਼ਰੀ ਲਗਵਾਈ ਗਈ। ਕੈਂਪ ਦੌਰਾਨ ਹਰ ਕਲਾਸ ਦੀਆਂ ਛੋਟੀ ਤੋਂ ਵੱਡੀ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ, ਜਦਕਿ ਕਾਪੀਆਂ ਅੱਧੇ ਰੇਟ ’ਤੇ ਦਿੱਤੀਆਂ ਗਈਆਂ। ਵਿਸ਼ੇਸ਼ ਤੌਰ ’ਤੇ ਹਰ 10 ਕਿਤਾਬਾਂ ਨਾਲ ਇਕ ਪੇਨ ਵੀ ਮੁਫ਼ਤ ਦਿੱਤਾ ਗਿਆ। ਇਸ ਤੋਂ ਇਲਾਵਾ, ਜਿਨ੍ਹਾਂ ਬੱਚਿਆਂ ਦੇ ਪਿਤਾ ਨਹੀਂ ਹਨ, ਉਨ੍ਹਾਂ ਨੂੰ ਸਕੂਲ ਬੈਗ ਵੀ ਮੁਹੱਈਆ ਕਰਵਾਏ ਗਏ, ਜੋ ਕਿ ਇਕ ਪ੍ਰੇਰਣਾਦਾਇਕ ਤੇ ਸਮਾਜਿਕ ਜ਼ਿੰਮੇਵਾਰੀ ਦਾ ਸੁੰਦਰ ਉਦਾਹਰਨ ਬਣਿਆ। ਸੰਗਤ ਦੇ ਭਰਪੂਰ ਸਹਿਯੋਗ ਨਾਲ ਲਗਭਗ 27 ਹਜ਼ਾਰ ਪੁਰਾਣੀਆਂ ਕਿਤਾਬਾਂ ਇਕੱਠੀਆਂ ਹੋਈਆਂ, ਜਿਨ੍ਹਾਂ ਨੂੰ ਸੇਵਾ ਭਾਵ ਨਾਲ ਲੋੜਵੰਦ ਬੱਚਿਆਂ ’ਚ ਵੰਡਿਆ ਗਿਆ। ਇਹ ਉਪਰਾਲਾ ਨਾ ਸਿਰਫ਼ ਸਿੱਖਿਆ ਨੂੰ ਉਤਸ਼ਾਹਤ ਕਰਦਾ ਹੈ, ਸਗੋਂ ਸਮਾਜ ’ਚ ਸਾਂਝ ਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ। ਇਸ ਮੌਕੇ ਜਲੰਧਰ ਦੇ ਮੇਅਰ ਵਿਨੀਤ ਧੀਰ ਤੇ ਐਡਵੋਕੇਟ ਅਮਿਤ ਸਿੰਘ ਸੰਧਾ ਨੇ ਵੀ ਸ਼ਿਰਕਤ ਕੀਤੀ ਤੇ ਤੇਰਾ ਤੇਰਾ ਹੱਟੀ ਦੇ ਇਸ ਸੇਵਾਮਈ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਤੇਰਾਂ-ਤੇਰਾਂ ਹੱਟੀ ਪਿਛਲੇ 8 ਸਾਲਾਂ ਤੋਂ ਹਰ ਸਾਮਾਨ ਕੇਵਲ 13 ਰੁਪਏ ’ਚ ਮੁਹੱਈਆ ਕਰਵਾ ਕੇ ਲੋੜਵੰਦ ਪਰਿਵਾਰਾਂ ਦੀ ਲਗਾਤਾਰ ਸੇਵਾ ਕਰ ਰਹੀ ਹੈ ਤੇ ਸਮਾਜ ’ਚ ਸੇਵਾ ਦਾ ਪ੍ਰੇਰਕ ਕੇਂਦਰ ਬਣ ਚੁੱਕੀ ਹੈ। ਇਸ ਮੌਕੇ ’ਤੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ, ਗੁਰਦੀਪ ਸਿੰਘ ਕਾਰਵਾਂ, ਅਮਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਜਸਵਿੰਦਰ ਸਿੰਘ ਪਨੇਸਰ, ਅਮਨਦੀਪ ਸਿੰਘ, ਪਰਵਿੰਦਰ ਸਿੰਘ ਖਾਲਸਾ, ਵਰਿੰਦਰ ਸਿੰਘ, ਹਰਤਰਮਨ ਸਿੰਘ, ਮਨਦੀਪ ਕੌਰ, ਅਮਰਜੀਤ ਕੌਰ, ਕਾਰਤਿਕ ਬਤਰਾ ਤੇ ਆਰੀਅਨ ਬੱਤਰਾ ਸਮੇਤ ਹੋਰ ਸੇਵਾਦਾਰਾਂ ਨੇ ਭਾਗ ਲਿਆ ਤੇ ਇਸ ਸੇਵਾ ਨੂੰ ਕਾਮਯਾਬ ਬਣਾਇਆ। ਇਹ ਕੈਂਪ ਸੱਚਮੁੱਚ ਮਨੁੱਖਤਾ ਦੀ ਸੇਵਾ ਤੇ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਇਕ ਸ਼ਾਨਦਾਰ ਉਦਾਹਰਨ ਬਣ ਕੇ ਸਾਹਮਣੇ ਆਇਆ।